ਜਗਤਾਰ ਸਿੰਘ ਸਿੱਧੂ
ਅਕਾਲੀ ਦਲ ਲਈ ਜਿਮਨੀ ਚੋਣਾ ਲੜਨ ਦੇ ਸਵਾਲ ਉੱਤੇ ਵੱਡਾ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਇਸ ਦਾ ਅਹਿਮ ਕਾਰਨ ਤਾਂ ਇਹ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਬਕਾਇਦਾ ਅੱਜ ਮੀਡੀਆ ਲਈ ਬਿਆਨ ਦਿੰਦੇ ਹੋਏ ਸਾਫ ਕਰ ਦਿਤਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਦੀ ਤਨਖ਼ਾਈਆ ਕਰਾਰ ਦੇਣ ਵਾਲੀ ਸਜ਼ਾ ਬਾਰੇ ਕੋਈ ਵੀ ਫੈਸਲਾ ਦਿਵਾਲੀ ਤੋਂ ਬਾਦ ਹੀ ਲਿਆ ਜਾਵੇਗਾ। ਉਸ ਵੇਲੇ ਕੀ ਫੈਸਲਾ ਆਏਗਾ, ਇਸ ਦਾ ਪਤਾ ਤਾਂ ਸਾਰੇ ਸਿੰਘ ਸਾਹਿਬਾਨ ਦੀ ਮੀਟਿੰਗ ਬਾਦ ਹੀ ਲੱਗੇਗਾ ਪਰ ਉਸ ਫੈਸਲੇ ਤੱਕ ਸੁਖਬੀਰ ਬਾਦਲ ਤਨਖ਼ਾਈਆ ਹੀ ਰਹਿਣਗੇ। ਇਹ ਵੀ ਕਿਹਾ ਗਿਆ ਹੈ ਕਿ ਤਨਖ਼ਾਈਆ ਦੀ ਆਪਣੀ ਪ੍ਰੀਭਾਸ਼ਾ ਹੈ ਅਤੇ ਉਹ ਪੂਰੀ ਕਰਨੀ ਹੋਵੇਗੀ। ਬੀਤੀ ਸ਼ਾਮ ਅਕਾਲੀ ਦਲ ਦਾ ਵਫਦ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਹੋਣਾ ਨੂੰ ਮਿਲਿਆ ਸੀ । ਵਫ਼ਦ ਨੇ ਬੇਨਤੀ ਕੀਤੀ ਸੀ ਪੰਜਾਬ ਵਿੱਚ ਚਾਰ ਜਿਮਨੀ ਚੋਣਾਂ ਆ ਗਈਆਂ ਹਨ ਅਤੇ ਇਨਾ ਵਿਚ ਬਾਦਲਾਂ ਦੇ ਆਪਣੇ ਹਲਕੇ ਗਿੱਦੜਬਾਹਾ ਦੀ ਚੋਣ ਵੀ ਸ਼ਾਮਿਲ ਹੈ। ਅਕਾਲੀ ਦਲ ਦੇ ਹਮਾਇਤੀ ਆਖ ਰਹੇ ਹਨ ਕਿ ਸੁਖਬੀਰ ਬਾਦਲ ਦੀ ਅਗਵਾਈ ਹੇਠ ਹੀ ਚੋਣ ਲੜੀ ਜਾਵੇ ਤਾਂ ਪਾਰਟੀ ਨੂੰ ਚੰਗਾ ਹੁੰਗਾਰਾ ਮਿਲ ਸਕਦਾ ਹੈ। ਇਹ ਸਾਰਾ ਪੱਖ ਜਥੇਦਾਰ ਅਕਾਲ ਤਖ਼ਤ ਸਾਹਿਬ ਅੱਗੇ ਰੱਖਿਆ ਗਿਆ ਪਰ ਉਨਾਂ ਨੇ ਫੌਰੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ।
ਹੁਣ ਅਕਾਲੀ ਲੀਡਰਸ਼ਿਪ ਅੱਗੇ ਚਾਰ ਜਿਮਨੀ ਚੋਣਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆ ਰਹੇ ਜਨਰਲ ਹਾਊਸ ਵਿਚ ਕਮੇਟੀ ਦੀ ਪ੍ਰਧਾਨਗੀ ਲਈ ਉਮੀਦਵਾਰ ਦਾ ਸਵਾਲ ਹੈ। ਇਸ ਸਾਰੇ ਮਾਮਲੇ ਉਪਰ ਵਿਚਾਰ ਕਰਨ ਲਈ ਅਕਾਲੀ ਦਲ ਨੇ ਭਲਕੇ ਦੁਪਿਹਰ ਨੂੰ ਪਾਰਟੀ ਦੀ ਕੋਰ ਕਮੇਟੀ ਅਤੇ ਸਾਰੇ ਜਿਲਾ ਜਥੇਦਾਰਾਂ ਦੀ ਮੀਟਿੰਗ ਬੁਲਾ ਲਈ ਹੈ। ਮੀਟਿੰਗ ਸਾਰੀ ਸਥਿਤੀ ਬਾਰੇ ਵਿਚਾਰ ਕਰਕੇ ਕੋਈ ਵੱਡਾ ਫੈਸਲਾ ਲੈਣ ਜਾ ਰਹੀ ਹੈ। ਚਾਰ ਜਿਮਨੀ ਚੋਣਾਂ ਲਈ ਮੁੱਖ ਰਾਜਸੀ ਧਿਰਾਂ ਨੇ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਹੈ ਅਤੇ ਸਰਗਰਮੀਆਂ ਵੀ ਸ਼ੁਰੂ ਹਨ ਪਰ ਅਕਾਲੀ ਦਲ ਦੇ ਕਿਸੇ ਸੀਨੀਅਰ ਆਗੂ ਨੇ ਅਜੇ ਤੱਕ ਚੋਣ ਲੜਨ ਬਾਰੇ ਇਕ ਬਿਆਨ ਤੱਕ ਨਹੀਂ ਦਿੱਤਾ।
ਅਜਿਹੀ ਸਥਿਤੀ ਵਿੱਚ ਅਕਾਲੀ ਦਲ ਜਿਮਨੀ ਚੋਣ ਲੜ ਸਕੇਗਾ? ਇਸ ਸਵਾਲ ਦਾ ਸਪਸ਼ਟ ਜਵਾਬ ਤਾਂ ਕੋਰ ਕਮੇਟੀ ਦੀ ਮੀਟਿੰਗ ਬਾਦ ਮਿਲ ਜਾਵੇਗਾ ਪਰ ਇਸ ਬਾਰੇ ਕੋਈ ਦੋ ਰਾਇ ਨਹੀਂ ਹੈ ਕਿ ਅਕਾਲੀ ਦਲ ਨੂੰ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਾਇਦ ਅਜਿਹੀ ਸਥਿਤੀ ਅਕਾਲੀ ਦਲ ਨੇ ਪਹਿਲਾਂ ਕਦੇ ਦੇਖੀ ਹੀ ਨਾ ਹੋਵੇ। ਰਾਜਸੀ ਹਲਕਿਆਂ ਵਿਚ ਤਾਂ ਪਹਿਲਾਂ ਹੀ ਅਕਾਲੀ ਦਲ ਦੇ ਹਾਸ਼ੀਏ ਤੇ ਚਲੇ ਜਾਣ ਦੀ ਚਰਚਾ ਹੋ ਰਹੀ ਹੈ। ਇਹ ਸਾਰੀ ਹਾਲਤ ਵਿਚ ਅਕਾਲੀ ਦਲ ਲਈ ਜਿਮਨੀ ਚੋਣਾ ਨਾਲੋਂ ਵੱਡਾ ਮੁੱਦਾ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵਿਚ ਪ੍ਰਧਾਨਗੀ ਦੀ ਸਲਾਨਾ ਚੋਣ ਹੈ ਅਤੇ ਚੁਣੌਤੀ ਵੀ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਅਕਾਲੀ ਦਲ ਤੋਂ ਵਖ ਹੋਏ ਟਕਸਾਲੀ ਆਗੂ ਹੀ ਦੇ ਰਹੇ ਹਨ।
- Advertisement -
ਸੰਪਰਕਃ 9814002186