ਜਗਤਾਰ ਸਿੰਘ ਸਿੱਧੂ;
ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਤੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਬਣੀ ਕਮੇਟੀ ਵਲੋਂ ਵੱਖ-ਵੱਖ ਜਿਲਿਆਂ ਅੰਦਰ ਚਲਾਈ ਜਾ ਰਹੀ ਮੁਹਿੰਮ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਨੇ ਅਕਾਲੀ ਦਲ ਸਮੇਤ ਰਾਜਸੀ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ । ਇਸ ਮੌਕੇ ਅਕਾਲੀ ਦਲ ਦੀ ਭਰਤੀ ਨੂੰ ਲੈਕੇ ਦੋ ਧਿਰਾਂ ਆਪੋ ਆਪਣੇ ਦਾਅਵੇ ਕਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੀ ਕਾਬਜ਼ ਮੌਜੂਦਾ ਲੀਡਰਸ਼ਿਪ ਦਾ ਦਾਅਵਾ ਹੈ ਕਿ ਪੰਜ ਮੈਂਬਰੀ ਕਮੇਟੀ ਜਾਅਲੀ ਭਰਤੀ ਕਰ ਰਹੀ ਹੈ ਕਿਉਂਕਿ ਇਹ ਭਰਤੀ ਅਕਾਲੀ ਦਲ ਦੇ ਮੁੱਖ ਦਫਤਰ ਚੰਡੀਗੜ ਤੋਂ ਨਹੀਂ ਹੋ ਰਹੀ ਹੈ ਅਤੇ ਨਾ ਹੀ ਭਰਤੀ ਦੀਆਂ ਕਾਪੀਆਂ ਅਕਾਲੀ ਦਲ ਦੇ ਦਫ਼ਤਰ ਤੋਂ ਜਾਰੀ ਕੀਤੀਆਂ ਗਈਆਂ ਹਨ। ਅਕਾਲੀ ਦਲ ਦੇ ਆਗੂਆਂ ਦਾ ਕਹਿਣਾ ਹੈ ਕਿ ਅਕਾਲੀ ਦਲ ਤਾਂ ਭਰਤੀ ਮੁਕੰਮਲ ਕਰ ਚੁੱਕਾ ਹੈ।
ਦੂਜੇ ਪਾਸੇ ਅਕਾਲੀ ਦਲ ਦੀ ਭਰਤੀ ਲਈ ਬਣੀ ਕਮੇਟੀ ਦਾ ਕਹਿਣਾ ਹੈ ਕਿ ਉਹ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਅਕਾਲੀ ਦਲ ਦੀ ਭਰਤੀ ਕਰ ਰਹੇ ਹਨ। ਇਹ ਕਮੇਟੀ ਵਿਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸਾਬਕਾ ਪ੍ਰਧਾਨ ਪ੍ਰੋ ਬਡੂੰਗਰ ਪਹਿਲਾਂ ਹੀ ਕਮੇਟੀ ਤੋਂ ਵੱਖ ਹੋ ਚੁੱਕੇ ਹਨ ਅਤੇ ਹੁਣ ਪੰਜ ਮੈਂਬਰੀ ਕਮੇਟੀ ਹੀ ਕੰਮ ਕਰ ਰਹੀ ਹੈ ।ਇਸ ਕਮੇਟੀ ਵਲੋਂ ਹੁਣ ਤੱਕ ਮਾਲਵਾ, ਮਾਝਾ ਅਤੇ ਦੁਆਬਾ ਵਿੱਚ ਭਰਤੀ ਨੂੰ ਲੈ ਕੇ ਕਈ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਹੁਣ ਵੀ ਮੀਟਿੰਗਾਂ ਦਾ ਦੌਰ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਵੀਂ ਭਰਤੀ ਮੁਹਿੰਮ ਨੂੰ ਪੰਜਾਬ ਅੰਦਰ ਤਕੜਾ ਹੁੰਗਾਰਾ ਮਿਲ ਰਿਹਾ ਹੈ। ਲੋਕ ਆਪ ਮੁਹਾਰੇ ਭਰਤੀ ਦੀਆਂ ਕਾਪੀਆਂ ਲੈ ਕੇ ਆਪੋ ਆਪਣੇ ਹਲਕਿਆਂ ਵਿੱਚ ਭਰਤੀ ਕਰ ਰਹੇ ਹਨ। ਕਈ ਥਾਂ ਵਧੇਰੇ ਸਰਗਰਮੀ ਨਜ਼ਰ ਆ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਮੁਹਿੰਮ ਦਾ ਦੋ ਖੇਤਰਾਂ ਵਿੱਚ ਸਿੱਧਾ ਅਸਰ ਵਿਖਾਈ ਦੇ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬਰਾਬਰ ਹੋ ਰਹੀ ਭਰਤੀ ਨੂੰ ਬੇਸ਼ੱਕ ਅਕਾਲੀ ਦਲ ਜਾਅਲੀ ਆਖ ਰਿਹਾ ਹੈ ਪਰ ਮਾਮਲਾ ਐਨਾ ਸਿੱਧਾ ਵੀ ਨਹੀਂ ਹੈ। ਅਕਾਲੀ ਦਲ ਨੂੰ ਪੰਥਕ ਸਫਾਂ ਵਿੱਚ ਚੁਣੌਤੀ ਖੜ੍ਹੀ ਹੋ ਗਈ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਟਕਸਾਲੀ ਅਕਾਲੀ ਪਰਿਵਾਰਾਂ ਵਿੱਚ ਭੰਬਲਭੂਸਾ ਪੈਦਾ ਹੋ ਗਿਆ ਹੈ ਕਿ ਕਿਸ ਧਿਰ ਦੀ ਭਰਤੀ ਪ੍ਰਵਾਨ ਕੀਤੀ ਜਾਵੇ?
ਟਕਸਾਲੀ ਅਕਾਲੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਪਾਲਣਾ ਤੋਂ ਪਿੱਛੇ ਨਹੀਂ ਹਟ ਸਕਦੇ ਅਤੇ ਅਕਾਲ ਤਖ਼ਤ ਦੇ ਅਨੁਸਾਰ ਭਰਤੀ ਹੋ ਰਹੀ ਹੈ ਪਰ ਮੌਜੂਦਾ ਅਕਾਲੀ ਲੀਡਰਸ਼ਿਪ ਦਾਅਵਾ ਕਰ ਰਹੀ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਹਰ ਆਦੇਸ਼ ਦੀ ਪਾਲਣਾ ਹੋ ਰਹੀ ਹੈ। ਅਜਿਹਾ ਭੰਬਲਭੂਸਾ ਅਕਾਲੀ ਦਲ ਲਈ ਹੋਰ ਮੁਸ਼ਕਲਾਂ ਪੈਦਾ ਕਰ ਰਿਹਾ ਹੈ।
ਜੇਕਰ ਨਵੀਂ ਭਰਤੀ ਮੁਹਿੰਮ ਨੂੰ ਹੁੰਗਾਰਾ ਇਸੇ ਤਰ੍ਹਾਂ ਮਿਲਦਾ ਰਿਹਾ ਤਾਂ ਪੰਜਾਬ ਦੀ ਰਾਜਨੀਤੀ ਵਿੱਚ ਇਹ ਮੁਹਿੰਮ ਰਾਜਸੀ ਸਮੀਕਰਨ ਬਦਲ ਸਕਦੀ ਹੈ। ਆਉਣ ਵਾਲੇ ਦਿਨ ਇਸ ਮੁਹਿੰਮ ਲਈ ਫੈਸਲਾਕੁਨ ਹੋ ਸਕਦੇ ਹਨ।
ਸੰਪਰਕ 9814002186