Home / ਓਪੀਨੀਅਨ / ਜਲ੍ਹਿਆਂਵਾਲਾ ਬਾਗ਼ ਦਾ ਨਾਇਕ – ਡਾ. ਸੈਫ਼ੂਦੀਨ ਕਿਚਲੂ

ਜਲ੍ਹਿਆਂਵਾਲਾ ਬਾਗ਼ ਦਾ ਨਾਇਕ – ਡਾ. ਸੈਫ਼ੂਦੀਨ ਕਿਚਲੂ

-ਡਾ. ਚਰਨਜੀਤ ਸਿੰਘ ਗੁਮਟਾਲਾ

ਅੰਮ੍ਰਿਤਸਰ ਕਚਹਿਰੀ ਦੇ ਚੌਕ ਵਿਚ ਫਲਾਈਓਵਰ ਦੇ ਥਲੇ ਲੰਘਦੇ ਸਮੇਂ ਯਾਤਰੂ ਦਾ ਧਿਆਨ ਚੌਕ ਵਿਚ ਲੱਗੇ ਬੁੱਤ ਵੱਲ ਸਹਿਜ ਸੁਭਾਅ ਜਾਂਦਾ ਹੈ। ਬੁੱਤ ਥੱਲੇ ਲਿਖੇ ਡਾ. ਸੈਫ਼ੂਦੀਨ ਕਿਚਲੂ ਪੜ੍ਹਨ ਉਪਰੰਤ ਉਸ ਦਾ ਇਕਦਮ ਧਿਆਨ ਖਿਚਿਆ ਜਾਂਦਾ ਹੈ ਕਿ ਡਾ. ਕਿਚਲੂ ਕੌਣ ਸੀ? ਇਸ ਦਾ ਕਾਰਨ ਇਹ ਹੈ ਕਿ ਉਸ ਦੇ ਨਾਂ ‘ਤੇ ਨਾ ਤਾਂ ਕੋਈ ਸੰਸਥਾ ਬਣਾਈ ਗਈ ਹੈ ਤੇ ਨਾਂ ਹੀ ਯਾਦਗਾਰ। ਡਾ. ਗੁਰਸ਼ਰਨ ਸਿੰਘ ਤੇ ਡਾ. ਬਲਰਾਜ ਸਾਗਰ ਦੁਆਰਾ ਲਿਖੀ ਪੁਸਤਕ ‘ਕੌਣ ਤੇ ਕਿਹੜੇ ਜਲਿਆਂਵਾਲਾ ਬਾਗ਼ ਦਾ ਸਾਕਾ’ ਜੋ ਕਿ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁਕ ਬੋਰਡ,ਚੰਡੀਗੜ੍ਹ ਦੁਆਰਾ ਪ੍ਰਕਾਸ਼ਿਤ ਹੈ ਵਿਚ ਡਾ.ਕਿਚਲੂ ਦੀ ਜਿੰਦਗੀ ਦੇ ਮਹੱਤਵਪੂਰਨ ਪਹਿਲੂਆਂ ‘ਤੇ ਬਹੁਤ ਹੀ ਸੰਖੇਪ ਵਿਚ ਝਾਤ ਪਾਈ ਗਈ ਹੈ। ਉਨ੍ਹਾਂ ਦੇ ਸਪੁਤਰ ਤੌਫ਼ੀਕ ਕਿਚਲੂ ਵੱਲੋਂ ਲਿਖੀ ਉਨ੍ਹਾਂ ਦੀ ਜੀਵਨੀ ‘ਸੈਫ਼ੂਦੀਨ ਕਿਚਲੂੂ, ਜਲ੍ਹਿਆਂਵਾਲਾ ਬਾਗ਼ ਦਾ ਨਾਇਕ’ ਨੈਸ਼ਨਲ ਬੁਕ ਟਰੱਸਟ, ਇੰਡੀਆ, ਨਵੀਂ ਦਿੱਲੀ ਨੇ ਪ੍ਰਕਾਸ਼ਿਤ ਕੀਤੀ ਹੈ ਦਾ ਅਨੁਵਾਦ ਪੰਜਾਬੀ ਤੇ ਹੋਰ ਭਾਸ਼ਾਵਾਂ ਵਿਚ ਕੀਤਾ ਗਿਆ ਹੈ, ਵਿਚ ਵਿਸਥਾਰ ਨਾਲ ਡਾ. ਕਿਚਲੂ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਡਾ. ਕਿਚਲੂ ਦਾ ਜਨਮ 15 ਜਨਵਰੀ, 1888 ਨੂੰ ਅੰਮ੍ਰਿਤਸਰ ’ਚ ਇੱਕ ਕਸ਼ਮੀਰੀ ਮੁਸਲਮਾਨ ਪਸ਼ਮੀਨਾ ਅਤੇ ਜਾਅਫ਼ਰਾਨ ਦੇ ਵਪਾਰੀ ਅਜ਼ੀਜ਼ੁਦੀਨ ਦੇ ਗ੍ਰਹਿ ਵਿਖੇ ਹੋਇਆ।ਉਨ੍ਹਾਂ ਦੇ ਦਾਦਾ ਅਹਿਮਦ ਜੋ 19ਵੀਂ ਸਦੀ ਦੇ ਮੱਧ ਵਿਚ ਕਸ਼ਮੀਰ ਤੋਂ ਆਏ ਸਨ ਜਨਮ ਤੋਂ ਮੁਸਲਮਾਨ ਸਨ ਪਰ ਉਨ੍ਹਾਂ ਦਾ ਪਿਛੋਕੜ ਬਾਰਾਮੂਲਾ ਦੇ ਕਸ਼ਮੀਰੀ ਪੰਡਤਾਂ ਇਕ ਹਿੰਦੂ ਬ੍ਰਾਹਮਣ ਪ੍ਰਵਾਰ ਦੇ ਨਾਲ ਸੀ ।ਉਸ ਦੇ ਵਾਰਿਸ ਪ੍ਰਕਾਸ਼ੋ ਰਾਮ ਕਿਚਲੂ ਨੇ ਇਸਲਾਮ ਧਰਮ ਅਪਣਾਇਆ ਸੀ।
ਇਸਲਾਮੀਆ ਹਾਈ ਸਕੂਲ ਤੋਂ ਦਸਵੀਂ ਪਾਸ ਕਰਨ ਉਪਰੰਤ ਅਲੀਗੜ੍ਹ ਕਾਲਜ ਦਾਖ਼ਲ ਹੋ ਗਏ।ਉੱਥੋਂ ਉਚੇਰੀ ਸਿੱਖਿਆ ਲਈ ਇੰਗਲੈਂਡ ਚਲੇ ਗਏ। ਉੱਥੇ ਕੈਮਬ੍ਰਿਜ ਵਿੱਚ ਉਹ ਪੰਡਿਤ ਜਵਾਹਰ ਲਾਲ ਨਹਿਰੂ ਦਾ ਸਹਿ-ਪਾਠੀ ਸੀ।ਉਹ ਅੰਮ੍ਰਿਤਸਰ ਦੇ ਜੰਮਪਲ ਮਦਨ ਲਾਲ ਢੀਂਗਰਾ ਨੂੰ ਵੀ ਜਾਣਦੇ ਸਨ, ਜਿਸ ਨੇ 1 ਜੁਲਾਈ 1909 ਨੂੰ ਸਰ ਵਿਲੀਅਮ ਵਿਲੀਅਮ ਕਰਜ਼ਨ ਵਿੱਲੀ ਨੂੰ ਗੋਲੀ ਮਾਰੀ ਸੀ ਜਿਸ ਜੋ ਹਿੰਦ ਰਾਜ ਦੇ ਸਕੱਤਰ ਦਾ ਫ਼ੌਜੀ ਜਰਨੈਲ ਸੀ। ਹੈਰਾਨੀ ਦੀ ਗੱਲ ਹੈ ਕਿ ਡਾ. ਕਿਚਲੂ ਵੀ ਉਸੇ ਇਮਾਰਤ ਵਿਚ ਹਾਜ਼ਰ ਸਨ ਜਿੱਥੇ ਇਹ ਘਟਨਾ ਵਾਪਰੀ ਸੀ। ਉਸ ਨੇ ਬਾਰ-ਐਟ-ਲਾਅ ਦੀ ਡਿਗਰੀ ਪਾਸ ਕੀਤੀ। ਉਹ ਲਿੰਕਨਜ਼ ਇੱਨ ਦਾ ਮੈਂਬਰ ਸੀ। ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਉਸ ਨੇ ਜਰਮਨੀ ਦੇ ਮੁਨਸਟਰ ਵਿਸ਼ਵਵਿਦਿਆਲੇ ਤੋਂ ਪੀ-ਐਚ.ਡੀ. ਦੀ ਡਿਗਰੀ ਪ੍ਰਾਪਤ ਕਰ ਲਈ ਸੀ। ਉਹ ਇੱਕ ਚੰਗਾ ਖਿਡਾਰੀ ਅਤੇ ਅੱਛਾ ਬੁਲਾਰਾ ਸੀ।

ਭਾਰਤ ਪਰਤ ਕੇ ਉਸ ਨੇ 1913 ਵਿੱਚ ਰਾਵਲਪਿੰਡੀ ਵਿਖੇ ਵਕਾਲਤ ਆਰੰਭ ਕੀਤੀ। 1915 ਵਿੱਚ ਉਹ ਅੰਮ੍ਰਿਤਸਰ ਆ ਗਿਆ ਅਤੇ ਉੱਥੇ ਵਕਾਲਤ ਸ਼ੁਰੂ ਕਰ ਦਿੱਤੀ। ਉਸੇ ਵਰ੍ਹੇ ਉਸ ਦਾ ਵਿਆਹ ਹੋ ਗਿਆ। ਅੰਮ੍ਰਿਤਸਰ ਵਿੱਚ ਉਸ ਦੀ ਵਕਾਲਤ ਖ਼ੂਬ ਚਮਕੀ। 1917 ਵਿਚ ਉਹ ਅੰਮ੍ਰਿਤਸਰ ਮਿਉਂਸਪਲ ਕਮੇਟੀ ਦੇ ਮੈਂਬਰ ਚੁਣੇ ਗਏ। 1918 ਵਿਚ ਅੰਮ੍ਰਿਤਸਰ ਵਿਚ ਰੇਲਵੇ ਪਲੇਟਫ਼ਾਰਮ ਟਿਕਟ ਜਾਰੀ ਹੋਇਆ ਤਾਂ ਉਨ੍ਹਾਂ ਨੇ ਡਾ. ਸਤਪਾਲ ਨਾਲ ਮਿਲ ਕੇ ਇਸ ਵਿਰੁੱਧ ਸਫ਼ਲਤਾਪੂਰਵਕ ਅੰਦੋਲਨ ਚਲਾਇਆ। 1918 ਵਿਚ ਅੰਮ੍ਰਿਤਸਰ ਵਿਚ ਪਹਿਲੀ ਵਾਰ ਕਾਂਗਰਸ ਦਾ ਸੰਮੇਲਨ ਹੋਇਆ ਜਿਸ ਵਿਚ ਉਹ ਮੁਸਲਮਾਨਾਂ ਦੀ ਭਾਰੀ ਗਿਣਤੀ ਨਾਲ ਉਸ ਵਿਚ ਸ਼ਾਮਲ ਹੋਏ। ਮਹਾਤਮਾ ਗਾਂਧੀ ਵੱਲੋਂ ਫ਼ਰਵਰੀ 1919 ਵਿਚ ਰੋਲਟ ਐਕਟ ਵਿਰੁੱਧ ਅੰਦੋਲਨ ਆਰੰਭ ਕੀਤਾ ਗਿਆ। ਅੰਮ੍ਰਿਤਸਰ ਵਿੱਚ ਇਸ ਅੰਦੋਲਨ ਦੀ ਉਨ੍ਹਾਂ ਨੇ ਡਾ. ਸਤਪਾਲ ਨਾਲ ਮਿਲ ਕੇ ਵਾਗਡੋਰ ਸਾਂਭੀ। ਉਨ੍ਹਾਂ ਦੀ ਪ੍ਰਧਾਨਗੀ ਹੇਠ 27 ਮਾਰਚ, 1919 ਨੂੰ ਭਾਰੀ ਜਲਸਾ ਹੋਇਆ।ਉਸ ਨੇ ਹਿੰਦੂ-ਮੁਸਲਿਮ ਏਕਤਾ ਦੇ ਉਦੇਸ਼ ਲਈ ਨੌਜਵਾਨਾਂ ਨੂੰ ਜਥੇਬੰਦ ਕਰਨ ਅਤੇ ਅੰਗਰੇਜ਼ੀ ਨਿਯੰਤ੍ਰਣ ਤੋਂ ਭਾਰਤ ਨੂੰ ਆਜ਼ਾਦ ਕਰਵਾਉਣ ਹਿਤ ਕੰਮ ਕਰਨ ਦਾ ਦ੍ਰਿੜ ਨਿਸ਼ਚਾ ਕਰ ਲਿਆ। ਡਾ. ਕਿਚਲੂ ਹੋਮ ਰੂਲ ਦਾ ਪਰਮ ਸਮਰਥਕ ਸੀ ਅਤੇ ਕਈ ਵਰ੍ਹਿਆਂ ਤੋਂ ਹਿੰਦੂ-ਮੁਸਲਿਮ ਏਕਤਾ ਲਈ ਯਤਨ ਕਰ ਰਿਹਾ ਸੀ। 29ਮਾਰਚ1919 ਨੂੰ ਜਲ੍ਹਿਆਂ ਵਾਲਾ ਬਾਗ਼ ਵਿਖੇ ਅਗਲੇ ਦਿਨ ਹੜਤਾਲ ਦੀ ਵਿਵਸਥਾ ਕਰਨ ਲਈ ਹੋਈ ਸਭਾ ਵਿੱਚ ਭੀੜ ਨੂੰ ਸੰਬੋਧਨ ਕਰਨ ਵਾਲਾ ਉਹ ਦੂਜਾ ਬੁਲਾਰਾ ਸੀ। ਉਸ ਨੇ ਕਿਹਾ ਕਿ ਯੁੱਧ ਕਾਲ ਵਿੱਚ ਇੰਗਲੈਂਡ ਦੀ ਜਨਤਾ ਨੇ ਭਾਰਤ ਦੀ ਵਫ਼ਾਦਾਰੀ ਦੀ ਪ੍ਰਸ਼ੰਸਾ ਕੀਤੀ ਸੀ ਅਤੇ ਇੰਗਲੈਂਡ ਦੀ ਜਨਤਾ ਨੇ ਹੀ ਆਪਣੀ ਸਰਕਾਰ ਨੂੰ ਸੁਧਾਰਾਂ ਦਾ ਵਚਨ ਦੇਣ ਦੀ ਘੋਸ਼ਣਾ ਕਰਨ ਲਈ ਮਜ਼ਬੂਰ ਕੀਤਾ ਸੀ। ਉਸ ਨੇ ਸ੍ਰੋਤਿਆਂ ਨੂੰ ਸਲਾਹ ਦਿੱਤੀ ਕਿ ਉਹ ਕਿਸੇ ਦੇ ਜੀਵਨ ਅਤੇ ਜਾਇਦਾਦ ‘ਤੇ ਹਮਲਾ ਨਾ ਕਰਨ। ਉਸ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਟੀਚਾ ਹੋਮ ਰੂਲ ਪ੍ਰਾਪਤ ਕਰਨਾ ਹੈ ਅਤੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਅੰਗ੍ਰੇਜ਼ਾਂ ਦੀਆਂ ਸਵੈ-ਸ਼ਾਸਿਤ ਬਸਤੀਆਂ ਦੀ ਪੱਧਰ ‘ਤੇ ਰੱਖਿਆ ਜਾਵੇ।

30 ਮਾਰਚ ਤੋਂ 6 ਅਪਰੈਲ ਨੂੰ ਜ਼ਬਰਦਸਤ ਹੜਤਾਲ ਕੀਤੀ ਗਈ। 9 ਅਪਰੈਲ ਨੂੰ ਰਾਮਨੌਮੀ ਦੇ ਪਵਿੱਤਰ ਤਿਉਹਾਰ ’ਤੇ ਕੱਢੇ ਗਏ ਜਲੂਸ ਵਿਚ ਮੁਸਲਮਾਨ ਭਾਰੀ ਗਿਣਤੀ ਵਿਚ ਸ਼ਾਮਲ ਹੋਏ ਤੇ ਹਿੰਦੂ-ਮੁਸਲਮਾਨਾਂ ਨੇ ਪਹਿਲੀ ਵਾਰ ਇੱਕੋ ਗਿਲਾਸ ਵਿਚ ਪਾਣੀ ਪੀਤਾ। ਯਾਦ ਰਹੇ ਕਿ ਉਸ ਸਮੇਂ ਰੇਲਵੇ ਸਟੇਸ਼ਨਾਂ ਅਤੇ ਹੋਰਨਾਂ ਥਾਵਾਂ ’ਤੇ ਹਿੰਦੂਆਂ ਅਤੇ ਮੁਸਲਮਾਨਾਂ ਲਈ ਵੱਖੋ-ਵੱਖ ਘੜੇ ਹੁੰਦੇ ਸਨ ਜਿਨ੍ਹਾਂ ’ਤੇ ਲਿਖਿਆ ਹੁੰਦਾ ਸੀ ਹਿੰਦੂ ਪਾਣੀ, ਮੁਸਲਮਾਨ ਪਾਣੀ।

30 ਮਾਰਚ,1919 ਨੂੰ ਦੁਪਹਿਰ ਪਿੱਛੋਂ ਜ਼ਲ੍ਹਿਆਂ ਵਾਲਾ ਬਾਗ਼ ਵਿੱਚ ਇੱਕ ਭਾਰੀ ਸਭਾ ਹੋਈ ਜਿਸ ਵਿੱਚ ਕੋਈ ਪੰਤਾਲੀ ਹਜ਼ਾਰ ਲੋਕਾਂ ਦੀ ਭੀੜ ਨੇ ਭਾਗ ਲਿਆ। ਇਸ ਸਭਾ ਦੀ ਪ੍ਰਧਾਨਗੀ ਡਾ. ਕਿਚਲੂ ਨੇ ਕੀਤੀ। ਰੋਲਟ ਕਾਨੂੰਨ ਨੂੰ ਰੱਦ ਕਰਨ ਹਿੱਤ ਮਤੇ ਪਾਸ ਕੀਤੇ ਗਏ ।ਕਿਚਲੂ ਨੇ ਅੰਤ ਵਿੱਚ ਲੋਕਾਂ ਨੂੰ ਸਾਵਧਾਨ ਕਰਦੇ ਹੋਏ ਕਿਹਾ, “ਅਸੀਂ ਆਪਣੇ ਨਿੱਜੀ ਹਿੱਤਾਂ ਨੂੰ ਰਾਸ਼ਟਰ ਦੇ ਹਿੱਤਾਂ ‘ਤੇ ਬਲੀਦਾਨ ਕਰਨ ਲਈ ਸਦਾ ਤਿਆਰ ਰਹਾਂਗੇ। ਮਹਾਤਮਾ ਗਾਂਧੀ ਦਾ ਸੰਦੇਸ਼ ਤੁਹਾਨੂੰ ਪੜ੍ਹ ਕੇ ਸੁਣਾ ਦਿੱਤਾ ਗਿਆ ਹੈ। ਸਾਰੇ ਦੇਸ਼ ਵਾਸੀ ਨਾਫ਼ੂਰਮਾਨੀ ਕਰਨ ਲਈ ਤਿਆਰ ਹੋ ਜਾਣ। ਇਸ ਦਾ ਅਰਥ ਇਹ ਨਹੀਂ ਕਿ ਇਸ ਪਵਿੱਤਰ ਨਗਰ ਜਾਂ ਦੇਸ਼ ਵਿੱਚ ਖੁੂਨ ਦੀਆਂ ਨਦੀਆਂ ਵਹਾ ਦਿੱਤੀਆਂ ਜਾਣ। ਪ੍ਰਤੀਰੋਧ ਬੜੇ ਖਾਮੋਸ਼ ਢੰਗ ਨਾਲ ਹੋਣਾ ਚਾਹੀਦਾ ਹੈ”।ਸਭਾ ਸ਼ਾਂਤੀ ਨਾਲ ਸਮਾਪਤ ਹੋ ਗਈ ਅਤੇ ਲੋਕ ਬੜੇ ਹੀ ਵਿਵੱਸਥਾ ਪੂਰਣ ਢੰਗ ਨਾਲ ਉੱਥੋਂ ਚਲੇ ਗਏ।

ਤਿੰਨ ਅਪ੍ਰੈਲ 1919 ਨੂੰ ਡਾ. ਕਿਚਲੂ ‘ਤੇ ਪਾਬੰਦੀਆਂ ਲਾ ਦਿੱਤੀਆਂ ਗਈਆਂ ਕਿ ਉਹ ਅਗਲੇ ਹੁਕਮਾਂ ਤੱਕ (ੳ) ਅੰਮ੍ਰਿਤਸਰ ਨਗਰ ਦੀ ਨਗਰਪਾਲਿਕਾ ਦੀਆਂ ਸੀਮਾਵਾਂ ਵਿੱਚ ਹੀ ਰਹੇਗਾ ਤੇ ਨਿਵਾਸ ਕਰੇਗਾ (ਅ) ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਸਮਾਚਾਰ-ਪੱਤਰਾਂ ਨਾਲ ਕੋਈ ਸੰਬੰਧ ਨਹੀਂ ਰੱਖੇਗਾ (ੲ) ਕੋਈ ਜਨ-ਸਭਾ ਨਹੀਂ ਬੁਲਾਏਗਾ, ਕਿਸੇ ਜਨ-ਸਭਾ ਵਿੱਚ ਭਾਗ ਨਹੀਂ ਲਵੇਗਾ ਅਤੇ ਨਾ ਹੀ ਉਸ ਵਿੱਚ ਲਿਖਕੇ ਜਾਂ ਕਿਸੇ ਹੋਰ ਤਰੀਕੇ ਨਾਲ ਕੋਈ ਭਾਸ਼ਣ ਦੇਵੇਗਾ।
ਇਹ ਹੁਕਮ ਅੰਮ੍ਰਿਤਸਰ ਦੇ ਜ਼ਿਲ਼੍ਹਾ ਕਮਿਸ਼ਨਰ ਮਾਈਲਜ਼ ਇਰਵਿੰਗ ਨੇ ਮਿਤੀ 4 ਅਪ੍ਰੈਲ 1919 ਨੂੰ ਆਪਣੇ ਹੱਥੀਂ ਉਸ ਨੂੰ ਦਿੱਤਾ। ਅਜਿਹੀਆਂ ਹੀ ਪਾਬੰਦੀਆਂ ਉਸ ਦੇ ਪਰਮ ਮਿੱਤਰ ਅਤੇ ਰਾਸ਼ਟਰੀ ਅੰਦੋਲਨ ‘ਤੇ ਹਿੰਦੂ-ਮੁਸਲਿਮ ਏਕਤਾ ਲਿਆਉਣ ਵਿੱਚ ਸਹਾਇਕ ਡਾ. ਸੱਤਿਆਪਾਲ ‘ਤੇ ਵੀ ਲਗਾ ਦਿੱਤੀਆਂ ਗਈਆਂ ਸਨ।

10 ਅਪਰੈਲ, 1919 ਨੂੰ ਉਨ੍ਹਾਂ ਨੂੰ ਅਤੇ ਡਾ. ਸਤਪਾਲ ਨੂੰ ਗ੍ਰਿਫ਼ਤਾਰ ਕਰਕੇ ਧਰਮਸ਼ਾਲਾ ਭੇਜ ਦਿੱਤਾ ਗਿਆ।ਇਸ ਦੇ ਵਿਰੋਧ ਵਿਚ ਸ਼ਹਿਰ ਵਿਚ ਹੜਤਾਲ ਹੋ ਗਈ ਤੇ ਕੋਈ ਪੰਜਾਹ ਹਜ਼ਾਰ ਦਾ ਹਜ਼ੂਮ ਸ਼ਾਂਤਮਈ ਢੰਗ ਨਾਲ ਡਿਪਟੀ ਕਮਿਸ਼ਨਰ ਦੇ ਦਫ਼ਤਰ ਵੱਲ ਨੂੰ ਕਚਹਿਰੀਆਂ ਵੱਲ ਨੂੰ ਤੁਰ ਪਿਆ ,ਜਿਸ ਨੂੰ ਪਉੜੀਆ ਵਾਲੇ ਪੁੱਲ ‘ਤੇ ਰੋਕ ਲਿਆ ਗਿਆ । ਪਰ ਹਜ਼ੂਮ ਧੁਸ ਦੇ ਕੇ ਪੁਲ ਉਪਰ ਜਾ ਚੜ੍ਹਿਆ।ਪਿਕਟਾਂ ਹੌਲੀ ਹੌਲੀ ਪਿੱਛੇ ਹਟਦੀਆਂ ਗਈਆਂ ਤੇ ਉਨ੍ਹਾਂ ਨੇ ਪੁੱਲ ਦੇ ਸਿਰੇ ਦੇ ਅਖੀਰਲੇ ਸਿਰੇ ਦੇ ਨਿਵਾਣ ‘ਤੇ ਪੁਜ਼ੀਸ਼ਨਾਂ ਲੈ ਲਈਆਂ । ਪੁੱਲ ਉਪਰ ਅਸਿਸਟੈਂਟ ਕਮਿਸ਼ਨਰ ਰ.ਬੀ. ਬੈਕਟ ਡਿਊਟੀ ਉਪਰ ਸੀ ।ਉਸ ਨੇ ਹਜ਼ੂਮ ਨੂੰ ਵਾਪਸ ਜਾਣ ਲਈ ਕਿਹਾ ।ਲੋਕਾਂ ਉਸ ਦੀ ਕੋਈ ਪ੍ਰਵਾਹ ਨਾ ਕੀਤੀ। ਬਹੁਤ ਸਾਰੇ ਲੋਕੀਂ ਉੱਥੇ ਬੈਠ ਕੇ ਸਿਆਪਾ ਕਰਨ ਲਗ ਪਏ। ਜਿਸ ’ਤੇ ਪੁਲੀਸ ਨੇ ਗੋਲੀ ਚਲਾ ਦਿੱਤੀ। ਇਸ ਨਾਲ ਦਸ ਵਿਅਕਤੀ ਮਾਰੇ ਗਏ। ਵਿਰੋਧ ਵਿਚ ਭੀੜ ਨੇ ਕੁਝ ਬੈਂਕ ਲੁੱਟੇ, ਪੰਜ ਅੰਗਰੇਜ਼ ਅਫ਼ਸਰ ਮਾਰ ਦਿੱਤੇ । ਡਾਕਖ਼ਾਨਿਆਂ ਤੇ ਟਾਊਨ ਹਾਲ ਨੂੰ ਅੱਗ ਲਾ ਦਿੱਤੀ। ਸਰਕਾਰੀ ਬਿਆਨ ਅਨੁਸਾਰ ਇਸ ਦਿਨ ਮਰਨਵਾਲਿਆਂ ਦੀ ਗਿਣਤੀ 12 ਤੇ ਜਖ਼ਮੀਆ ਦੀ 20 ਤੇ 30 ਦਰਮਿਆਨ ਸੀ,ਪਰ ਮਕਬੂਲ ਅਹਿਮਦ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ 20 ਤੇ 30 ਦਰਮਿਆਨ ਹੋਵੇਗੀ।

12 ਅਪਰੈਲ ਨੂੰ ਮਾਰਸ਼ਲ ਲਾਅ ਲਗਾ ਦਿੱਤਾ ਗਿਆ। 13 ਅਪਰੈਲ ਨੂੰ ਜਲਿਆਂਵਾਲਾ ਬਾਗ਼ ਵਿਚ ਇਨ੍ਹਾਂ ਦੀ ਰਿਹਾਈ ਲਈ ਜਲਸਾ ਹੋਇਆ ਜਿਸ ’ਤੇ ਜਨਰਲ ਡਾਇਰ ਨੇ ਅੰਨ੍ਹੇਵਾਹ ਗੋਲੀ ਚਲਾਈ ਤੇ ਅਣਗਣਿਤ ਵਿਅਕਤੀ ਸ਼ਹੀਦ ਕਰ ਦਿੱਤੇ।ਸਰਕਾਰੀ ਅੰਕੜਿਆਂ ਅਨੁਸਾਰ 379 ਬੰਦੇ ਸ਼ਹੀਦ ਹੋਏ ਤੇ 1200 ਫ਼ਟੜ ਹੋਏ।ਪੰਡਿਤ ਮਦਨ ਮੋਹਨ ਮਾਲਵੀਆ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ 1900 ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੋ ਸਕਦੀ।

ਕੁਝ ਦਿਨਾਂ ਪਿੱਛੋਂ ਉਨ੍ਹਾਂ ਅਤੇ ਉਨ੍ਹਾਂ ਦੇ 15 ਸਾਥੀਆਂ ’ਤੇ ’ਅੰਮ੍ਰਿਤਸਰ ਸਾਜ਼ਸ਼ ਕੇਸ ਨੰਬਰ-1’ ਨਾਂ ਹੇਠ ਮੁਕੱਦਮਾ ਚਲਿਆ ਤੇ ਡਾ. ਕਿਚਲੂ ਤੇ ਡਾ. ਸਤਪਾਲ ਨੂੰ ਦੋ ਦੋ ਸਾਲ ਦੀ ਕੈਦ ਦੀ ਸਜ਼ਾ ਹੋਈ।ਡਾ. ਕਿਚਲੂ ਨੂੰ 1921 ਦੇ ਖਿਲਾਫ਼ਤ ਅੰਦੋਲਨ ਵਿਚ ਉਨ੍ਹਾਂ ਨੂੰ ਦੋ ਸਾਲ ਕੈਦ ਹੋਈ। ਉਨ੍ਹਾਂ ਅਕਾਲੀਆਂ ਨਾਲ ਨਾਭਾ ਜਾਣ ਵਾਲੇ ਪਹਿਲੇ ਜਥੇ ਵਿਚ ਸ਼ਾਮਲ ਹੋਣ ਦੀ ਪੈਸ਼ਕਸ਼ ਕੀਤੀ ਸੀ ਜੋ ਪ੍ਰਵਾਨ ਨਾ ਕੀਤੀ ਗਈ। । ਕੱੁਲ ਮਿਲਾ ਕੇ ਉਹ ਲਗਪਗ 14 ਸਾਲ ਕੈਦ ਰਹੇ। 1923 ਦੀ ਖਿਲਾਫ਼ਤ ਕਮੇਟੀ ਦੇ ਪ੍ਰਧਾਨ ਵੀ ਰਹੇ। 1924 ਵਿਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਬਣੇ। 1929 ਦੇ ‘ਪੂਰਨ ਆਜ਼ਾਦੀ’ ਦੇ ਇਤਿਹਾਸ ਦੇ ਮਤੇ ਨੂੰ ਪੰਡਤ ਜਵਾਹਰ ਲਾਲ ਨਹਿਰੂ ਨੇ ਪੇਸ਼ ਕੀਤਾ ਤੇ ਡਾ. ਕਿਚਲੂ ਨੇ ਇਸ ਦੀ ਤਾਈਦ ਕੀਤੀ। 1937 ਵਿਚ ਅੰਮ੍ਰਿਤਸਰ ਸ਼ਹਿਰੀ ਮੁਸਲਿਮ ਹਲਕੇ ਤੋਂ ਪੰਜਾਬ ਅਸੈਂਬਲੀ ਦੇ ਮੈਂਬਰ ਚੁਣੇ ਗਏ। ਉਹ ਦੇਸ਼ ਭਗਤਾਂ ਨੂੰ ਆਰਥਿਕ ਸਹਾਇਤਾ ਵੀ ਦਿੰਦੇ ਸਨ। ਧਨਵੰਤਰੀ ਜੋ ਕਿ ਪ੍ਰਸਿੱਧ ਇਨਕਲਾਬੀ ਸੀ ਤੇ ਫ਼ਰਾਰ ਹੋਇਆ ਸੀ ਨੂੰ ਡਾ. ਸਾਹਿਬ ਨੇ 500 ਰੁਪਏ ਦਿੱਤੇ ਹਾਲਾਂ ਕਿ ਉਨ੍ਹਾਂ ਦੀ ਆਰਥਿਕ ਹਾਲਤ ਬੜੀ ਮਾੜੀ ਸੀ। 1952 ਵਿਚ ਆਪ ਨੂੰ ਕੌਮਾਂਤਰੀ ਅਮਨ ਲਈ ਇਕ ਲੱਖ ਰੁਪਏ ਦਾ ਲੈਨਿਨ ਪੁਰਸਕਾਰ ਮਿਲਿਆ ਪਰ ਆਪ ਨੇ ਇਹ ਰਕਮ ਸੰਸਾਰ ਵਿਚ ਅਮਨ ਕਾਇਮੀ ਲਈ ਦੇ ਦਿੱਤੀ। ਇਸ ਤੋਂ ਉਨ੍ਹਾਂ ਦੀ ਉਸਾਰੂ ਸੋਚ ਦਾ ਪਤਾ ਲੱਗਦਾ ਹੈ।

ਦੇਸ਼ ਦੀ ਵੰਡ ਸਮੇਂ, ਉਨ੍ਹਾਂ ਨੇ ਅੰਮ੍ਰਿਤਸਰ ਛੱਡ ਦਿੱਤਾ ਤੇ ਦਿੱਲੀ ਜਾ ਬਿਰਾਜੇ। ਸੁਤੰਤਰਤਾ ਪਿੱਛੋਂ ਉਨ੍ਹਾਂ ਲੋਕ ਸਭਾ ਦੇ ਮੈਂਬਰ ਜਾਂ ਮੰਤਰੀ ਬਣਨ ਦੀ ਇੱਛਾ ਨਹੀਂ ਰੱਖੀ। ਉਸ ਮਹਾਨ ਦੇਸ਼ ਭਗਤ ਨੇ 9 ਅਕਤੂਬਰ 1963 ਵਾਲੇ ਦਿਨ ਅੰਤਮ ਸਾਹ ਲਏ। ਉਨ੍ਹਾਂ ਨੂੰ ਜਾਮੀਆ ਮਿਲੀਆ, ਦਿੱਲੀ ਦੇ ਕਬਰਸਤਾਨ ਵਿਚ ਦਫ਼ਨਾਇਆ ਗਿਆ।

Check Also

ਸਿੰਗਲਾ ‘ਤੇ ਕਾਰਵਾਈ ਬਾਅਦ ਕਈ ਸਾਬਕਾ ਮੰਤਰੀ ਪਰੇਸ਼ਾਨ

ਜਗਤਾਰ ਸਿੰਘ ਸਿੱਧੂ ਐਡੀਟਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ …

Leave a Reply

Your email address will not be published.