ਵਿਸ਼ਵ ਇਕਜੁਟਤਾ ਦਿਵਸ : ਵਿਸ਼ਵ ਸ਼ਾਂਤੀ ਲਈ ਲੋੜੀਂਦਾ ਹੈ ਆਪਸੀ ਪ੍ਰੇਮ ਤੇ ਭਾਈਚਾਰਾ

TeamGlobalPunjab
4 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

ਸਾਡੀ ਦੁਨੀਆ ਦੀ ਖ਼ੂਬਸੂਰਤੀ ਇਹ ਹੈ ਕਿ ਇੱਥੇ ਵੱਖ-ਵੱਖ ਮੁਲਕਾਂ ਵਿੱਚ ਵੱਖ-ਵੱਖ ਧਰਮਾਂ, ਜ਼ਾਤਾਂ, ਮਜ਼ਹਬਾਂ, ਬੋਲੀਆਂ ਤੇ ਸੱਭਿਆਚਾਰਾਂ ਵਾਲੇ ਲੋਕ ਵੱਸਦੇ ਹਨ ਤੇ ਜਦੋਂ ਵੀ ਉਹ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੇ ਹਨ ਤਾਂ ਇੱਕ ਦੂਜੇ ਦੀ ਬੋਲੀ, ਧਰਮ ਤੇ ਸੱਭਿਆਚਾਰ ਤੋਂ ਪ੍ਰਭਾਵਿਤ ਹੁੰਦੇ ਹਨ ਤੇ ਆਪੋ ਆਪਣੀ ਸਮਝ ਅਨੁਸਾਰ ਬਹੁਤ ਕੁਝ ਸਿੱਖਦੇ ਹਨ।

ਇਸਦੇ ਬਾਵਜੂਦ ਕਦੇ ਕਦੇ ਕੁਝ ਸਿਰਫਿਰੇ ਲੋਕ ਆਪਣੇ ਮੁਲਕ ਜਾਂ ਸੂਬੇ ਅੰਦਰ ਵੱਸਦੇ ਦੂਜੇ ਫਿਰਕੇ, ਬੋਲੀ ਜਾਂ ਸੱਭਿਅਚਾਰ ਦੇ ਲੋਕਾਂ ਪ੍ਰਤੀ ਨਫ਼ਰਤ ਭਰਿਆ ਵਤੀਰਾ ਰੱਖਦੇ ਹਨ ਤੇ ਉਨ੍ਹਾ ਨਾਲ ਮਾੜਾ ਸਲੂਕ ਕਰਦੇ ਹਨ। ਅਜਿਹੇ ਲੋਕਾਂ ਦੀ ਸੋਚ ਤੇ ਕਾਰਜਾਂ ਨੂੰ ਸੁਧਾਰਨ ਹਿਤ ਸੰਯੁਕਤ ਰਾਸ਼ਟਰ ਸੰਘ ਦੀ ਆਮ ਸਭਾ ਨੇ ਦਸੰਬਰ, 2017 ਨੂੰ ਹੋਈ ਆਪਣੀ ਇਕੱਤਰਤਾ ਵਿੱਚ ਇਹ ਵਿਚਾਰ ਬਣਾਇਆ ਸੀ ਕਿ ਦੁਨੀਆ ਵਿੱਚ ‘ਵਿਸ਼ਵ ਇੱਕਜੁਟਤਾ ਦਿਵਸ’ ਮਨਾਏ ਜਾਣ ਦੀ ਭਾਰੀ ਲੋੜ ਹੈ ਤੇ ਉਸ ਵੇਲੇ ਵਿਸਥਾਰਤ ਵਿਚਾਰ ਚਰਚਾ ਤੋਂ ਬਾਅਦ ਕੀਤੇ ਗਏ ਫ਼ੈਸਲੇ ਅਨੁਸਾਰ 16 ਮਈ, 2018 ਨੂੰ ਇਹ ਦਿਵਸ ਪਹਿਲੀ ਵਾਰ ਦੁਨੀਆ ਭਰ ਵਿੱਚ ਮਨਾਇਆ ਗਿਆ ਸੀ।

ਸੰਯੁਕਤ ਰਾਸ਼ਟਰ ਦੇ ਅਧਿਕਾਰੀ ਆਡਰੇ ਅਜ਼ਓਲੇ ਨੇ ਇਸ ਦਿਵਸ ਨੂੰ ਮਨਾਉਣ ਦਾ ਮੂਲ ਕਾਰਨ ਦੱਸਦਿਆਂ ਕਿਹਾ ਸੀ –” ਅਸੀਂ ਅਜੋਕੇ ਸਮੇਂ ਦੀ ਨਫ਼ਰਤ, ਈਰਖਾ, ਪੱਖਪਾਤ ਤੇ ਤਣਾਅ ਭਰੀ ਇਸ ਦੁਨੀਆ ਵਿੱਚ ਮਿਲਜੁਲ ਕੇ ਅਤੇ ਇੱਕਮਿੱਕ ਹੋ ਕੇ ਰਹਿਣਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮੁਸ਼ਕਿਲ ਹੈ। ਸੰਯੁਕਤ ਰਾਸ਼ਟਰ ਅਤੇ ਯੂਨੈਸਕੋ ਇੱਕ ਦੂਜੇ ਦਾ ਹੱਥ ਫੜੀ ਸਮੁੱਚੇ ਵਿਸ਼ਵ ਵਿੱਚ ਸ਼ਾਂਤੀ ਸਥਾਪਿਤ ਕਰਨ ਲਈ ਪੂਰੀ ਜਿੰਦਜਾਨ ਲਗਾ ਕੇ ਕੰਮ ਕਰ ਰਹੇ ਹਨ ਤੇ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਕੇਵਲ ਇਸ ਵਾਸਤੇ ਪੂਰੀ ਦ੍ਰਿੜਤਾ ਨਾਲ ਕੰਮ ਨਹੀਂ ਕਰ ਰਹੇ ਕਿ ਉਨ੍ਹਾ ਨੇ ਸੰਨ 2030 ਤੱਕ ਵਿਸ਼ਵ ਸ਼ਾਂਤੀ ਸਥਾਪਿਤ ਕਰਨ ਦਾ ਉਦੇਸ਼ ਪੂਰਾ ਕਰਨਾ ਹੈ ਸਗੋਂ ਇਸ ਕਰਕੇ ਵੀ ਯਤਨਸ਼ੀਲ ਹਨ ਕਿ ਦੁਨੀਆ ਦੇ ਭਲੇ ਤੇ ਵਿਕਾਸ ਹਿਤ ਵਿਸ਼ਵ ਸ਼ਾਂਤੀ ਦਾ ਹੋਣਾ ਸਭ ਤੋਂ ਵੱਧ ਜ਼ਰੂਰੀ ਹੈ।”

- Advertisement -

ਇਸ ਦਿਵਸ ਸਬੰਧੀ ਮਹੱਤਵਪੂਰਨ ਤੱਥ ਇਹ ਹੈ ਕਿ ਇਸ ਦਿਵਸ ਨੂੰ ਮਨਾਏ ਜਾਣ ਦਾ ਇੱਕ ਉਦੇਸ਼ ਇਹ ਵੀ ਹੈ ਕਿ ਦੁਨੀਆ ਭਰ ਦੇ ਲੋਕਾਂ ਨੂੰ ਰਾਸ਼ਟਰ, ਲਿੰਗ, ਭਾਸ਼ਾ ਤੇ ਧਰਮ ਨੂੰ ਅੱਖੋਂ ਪਰੋਖੇ ਕਰਕੇ ਇਕਜੁੱਟ ਹੋ ਕੇ ਰਹਿਣ ਸਬੰਧੀ ਜਾਗਰੂਕ ਤੇ ਪ੍ਰੇਰਿਤ ਕੀਤਾ ਜਾ ਸਕੇ। ਇਸ ਇਕਜੁਟਤਾ ਵਿੱਚ ਉਨ੍ਹਾ ਲੋਕਾਂ ਨੂੰ ਵੀ ਸ਼ਮਿਲ ਕਰਨ ਦੀ ਗੱਲ ਕੀਤੀ ਗਈ ਹੈ ਜੋ ਕਿਸੇ ਵੀ ਧਰਮ ਜਾਂ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ ਹਨ। ਸੰਯੁਕਤ ਰਾਸ਼ਟਰ ਮੰਨਦਾ ਹੈ ਕਿ ਜੇਕਰ ਸਭ ਲੋਕ ਇੱਕ ਦੂਜੇ ਦੇ ਧਰਮਾਂ, ਜ਼ਾਤਾਂ, ਭਾਸ਼ਾਵਾਂ ਤੇ ਸੱਭਿਆਚਾਰਾਂ ਦੀ ਭਿੰਨਤਾ ਨੂੰ ਸਨਮਾਨ ਦਿੰਦਿਆਂ ਹੋਇਆਂ ਸਹਿਣਸ਼ੀਲ ਬਣ ਕੇ ਇੱਕ ਦੂਜੇ ਦੀ ਪ੍ਰਸ਼ੰਸ਼ਾ ਕਰਨ ਲੱਗ ਪੈਣ ਤਾਂ ਇਸ ਦੁਨੀਆ ਵਿੱਚ ਸ਼ਾਂਤੀ,ਪ੍ਰੇਮ ਅਤੇ ਇੱਕਜੁਟਤਾ ਦੀ ਸਥਾਪਤੀ ਸਹਿਜ ਹੀ ਹੋ ਸਕਦੀ ਹੈ।

ਇਸ ਵਡਮੁੱਲੇ ਕਾਰਜ ਹਿਤ ਸੰਯੁਕਤ ਰਾਸ਼ਟਰ ਕੁੱਲ ਦੁਨੀਆ ਦੇ ਸਿਆਸੀ,ਧਾਰਮਿਕ, ਸਮਾਜ ਸੇਵੀ ਅਤੇ ਵਿਸ਼ਵ ਦੇ ਭਲੇ, ਸ਼ਾਂਤੀ ਤੇ ਏਕਤਾ ਲਈ ਯਤਨਸ਼ੀਲ ਆਗੂਆਂ ਨੂੰ ਅੱਗੇ ਆ ਕੇ ਆਪਣਾ ਯੋਗਦਾਨ ਪਾਉਣ ਦੀ ਅਪੀਲ ਕਰਦਾ ਹੈ।

ਸੋ ਇਹ ਕਹਿਣਾ ਬਣਦਾ ਹੈ ਕਿ ਜੇਕਰ ਇਸ ਦੁਨੀਆ ਨੂੰ ਸੁੱਖ ਅਤੇ ਸ਼ਾਂਤੀ ਵਾਲਾ ਰਹਿਣਯੋਗ ਅਸਥਾਨ ਬਣਾਉਣਾ ਹੈ ਤਾਂ ਇਸ ਦੇ ਸਮੂਹ ਬਾਸ਼ਿੰਦਿਆਂ ਨੂੰ ਵਿਤਕਰੇ ਦੀ ਥਾਂ ਬਰਾਬਰੀ, ਨਫ਼ਰਤ ਦੀ ਥਾਂ ਪ੍ਰੇਮ, ਹਿੰਸਾ ਦੀ ਥਾਂ ਸ਼ਾਂਤੀ, ਇੱਕ ਦੂਜੇ ਦੇ ਤਿਰਸਕਾਰ ਦੀ ਥਾਂ ਸਤਿਕਾਰ ਅਤੇ ਸੁਆਰਥ ਦੀ ਥਾਂ ਸਰਬੱਤ ਦੇ ਭਲੇ ਵਾਲੀਆਂ ਭਾਵਨਾਵਾਂ ਆਪਣੇ ਮਨਾਂ ਅੰਦਰ ਵਸਾਉਣੀਆਂ ਹੀ ਪੈਣੀਆਂ ਹਨ ਤੇ ਸਮੂਹ ਦੇਸ਼ਾਂ ਨੂੰ ਵੀ ਟਕਰਾਅ ਦੀ ਥਾਂ ਅਪਣੱਤ ਵਧਾਉਣ ਲਈ ਯਤਨਸ਼ੀਲ ਹੋਣਾ ਹੀ ਪੈਣਾ ਹੈ।

ਸੰਪਰਕ : 97816-46008

Share this Article
Leave a comment