ਹਰਿਆਣਾ ‘ਚ ਗੱਠਜੋੜ ਤੋੜ ਕੇ ਭਾਜਪਾ ਨੇ ਅਕਾਲੀਆਂ ਨੂੰ ਪੰਜਾਬ ‘ਚ ਵੀ ਹਾਸ਼ੀਏ ਵੱਲ ਧੱਕਿਆ, ਆਹ ਦੇਖੋ ਪੰਜਾਬ ਭਾਜਪਾ ਦੀ ਨਵੀਂ ਰਣਨੀਤੀ, ਅਕਾਲੀ ਹੈਰਾਨ

TeamGlobalPunjab
4 Min Read

ਜਗਤਾਰ ਸਿੰਘ ਸਿੱਧੂ (ਸੀਨੀਅਰ ਪੱਤਰਕਾਰ)

ਚੰਡੀਗੜ੍ਹ : ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭਾਜਪਾ ਨੇ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਹੈ। ਅਕਾਲੀ ਦਲ ਦੀ ਕੋਰ ਕਮੇਟੀ ਨੇ ਕੁਝ ਦਿਨ   ਪਹਿਲਾਂ ਹਰਿਆਣਾ ਅੰਦਰ ਮੀਟਿੰਗ ਕਰਕੇ ਫੈਸਲਾ ਲਿਆ ਸੀ ਕਿ ਅਕਾਲੀ ਦਲ 10 ਉਮੀਦਵਾਰ ਭਾਜਪਾ ਦੇ ਸਹਿਯੋਗ ਨਾਲ ਖੜ੍ਹਾ ਕਰੇਗਾ। ਭਾਜਪਾ ਨੇ ਅਚਾਨਕ ਹਰਿਆਣਾ ਅਕਾਲੀ ਦਲ ਦੇ ਇਕਲੌਤੇ ਵਿਧਾਇਕ ਬਲਕੌਰ ਸਿੰਘ ਨੂੰ ਭਾਜਪਾ ਵਿੱਚ ਸ਼ਾਮਲ ਕਰ ਲਿਆ। ਭਾਜਪਾ ਹਰਿਆਣਾ ਅੰਦਰ ਆ ਰਹੀਆਂ ਚੋਣਾਂ ਵਿੱਚ ਮਜ਼ਬੂਤ ਦਾਅਵੇਦਾਰੀ ਕਰਦੀ ਹੈ ਅਤੇ ਭਾਜਪਾ ਨੂੰ ਰਾਜਸੀ ਨਜ਼ਰੀਏ ਤੋਂ ਬਲਕੌਰ ਸਿੰਘ ਨੂੰ ਆਪਣੇ ਨਾਲ ਮਿਲਾਉਣ ਦੀ ਕੋਈ ਜ਼ਰੂਰਤ ਨਹੀਂ ਸੀ।  ਭਾਜਪਾ ਨੇ ਬਲਕੌਰ ਸਿੰਘ ਨੂੰ ਸ਼ਾਮਲ ਕਰਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਮਾਰੇ ਹਨ। ਇਕ ਤਾਂ ਇਹ ਕੀਤਾ ਕਿ ਅਕਾਲੀ ਦਲ ਦਾ ਵਿਧਾਇਕ ਸ਼ਾਮਲ ਕਰਕੇ ਸੁਨੇਹਾ ਦਿੱਤਾ ਕਿ ਹਰਿਆਣਾ ਦੇ ਸਿੱਖ ਅਕਾਲੀ ਦਲ ਦੀ ਥਾਂ ਭਾਜਪਾ ਨੂੰ ਪਸੰਦ ਕਰਦੇ ਹਨ। ਦੂਜਾ ਸੁਨੇਹਾ ਅਕਾਲੀ ਦਲ ਨੂੰ ਦਿੱਤਾ ਕਿ ਹਰਿਆਣਾ ਅੰਦਰ ਭਾਜਪਾ ਨੂੰ ਅਕਾਲੀ ਦਲ ਦੀ ਕੋਈ ਜਰੂਰਤ ਨਹੀਂ ਹੈ। ਅਕਾਲੀ ਦਲ ਕਿਸੇ ਸਮੇਂ ਚੌਧਰੀ ਦੇਵੀ ਲਾਲ ਦੀ ਪਾਰਟੀ ਨਾਲ ਵੀ ਹਰਿਆਣਾ ਵਿੱਚ ਕਾਂਗਰਸ ਵਿਰੁੱਧ ਸਹਿਯੋਗ ਦਿੰਦਾ ਸੀ ਪਰ ਪੰਜਾਬ ਅਤੇ ਕੌਮੀ ਪੱਧਰ ਦੇ ਗੱਠਜੋੜ ਕਾਰਨ ਅਕਾਲੀ ਦਲ ਨੇ ਹਰਿਆਣਾ ਅੰਦਰ ਇਨੈਲੋ ਨੂੰ ਅਲਵਿਦਾ ਆਖ ਕੇ ਭਾਜਪਾ ਨਾਲ ਸਾਂਝ ਪਾ ਲਈ।

ਹੁਣ ਭਾਜਪਾ ਨੇ ਅਕਾਲੀ ਦਲ ਨੂੰ ਝਟਕਾ ਦੇ ਕੇ ਹੈਰਾਨ ਕਰ ਦਿੱਤਾ ਹੈ। ਅਕਾਲੀ ਦਲ ਦੀ ਲੀਡਰਸ਼ਿੱਪ ਨੇ ਭਾਜਪਾ ਦੇ ਫੈਸਲੇ ਨੂੰ ਵਿਸਵਾਸ਼ਘਾਤ ਕਿਹਾ ਹੈ। ਸੁਭਾਵਿਕ ਹੈ ਕਿ ਭਾਜਪਾ ਦੀ ਕਾਰਵਾਈ ਨਾਲ ਅਕਾਲੀ ਲੀਡਰਸ਼ਿੱਪ ਨੂੰ ਨਿਰਾਸ਼ਾ ਹੋਈ ਹੈ। ਬੇਸ਼ੱਕ ਅਕਾਲੀ ਦਲ ਨੇ ਹਰਿਆਣਾ ਵਿੱਚ ਇਕੱਲੇ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ ਪਰ ਅੱਜ ਦੀ ਸਥਿਤੀ ਵਿੱਚ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕੁਝ ਪੱਲੇ ਪੈਂਦਾ ਨਜ਼ਰ ਨਹੀਂ ਆ ਰਿਹਾ। ਦੋਹਾਂ ਪਾਰਟੀਆਂ ਦੀ ਲੀਡਰਸ਼ਿੱਪ ਦੇ ਅਜਿਹੇ ਯਤਨ ਵੀ ਸਾਹਮਣੇ ਨਹੀਂ ਆਏ ਕਿ ਕਿਸੇ ਢੰਗ ਨਾਲ ਅਕਾਲੀ ਦਲ ਸ਼ਰੇਆਮ ਲਾਹ ਪਾਹ ਹੋਣ ਤੋਂ ਬਚ ਸਕਦਾ। ਇੱਕ ਪਾਸੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਰੀ ਸਟੇਜ਼ ‘ਤੇ ਪ੍ਰਕਾਸ ਸਿੰਘ ਬਾਦਲ ਬਜ਼ੁਰਗ ਸਿਆਸਦਾਨ ਦੇ ਪੈਰੀਂ ਹੱਥ ਲਾਉਂਦੇ ਹਨ ਪਰ ਦੂਜੇ ਪਾਸੇ ਅਕਾਲੀ ਦਲ ਦਾ ਵਿਧਾਇਕ ਤੋੜ ਕੇ ਅਕਾਲੀ ਦਲ ਨੂੰ ਦੱਸ ਦਿੱਤਾ ਕਿ ਉਸ ਦੀ ਥਾਂ ਕਿੱਥੇ ਹੈ? ਇਸ ਖਟਾਸ ਦਾ ਅਸਰ ਪੰਜਾਬ ‘ਤੇ ਵੀ ਪਏਗਾ।

ਪੰਜਾਬ ਦੇ ਰਾਜਸੀ ਮਾਹੌਲ ਵਿੱਚ ਪਿਛਲੇ 30 ਸਾਲ ਦੇ ਵਧੇਰੇ ਸਮੇਂ ਤੋਂ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਹੈ। ਇਸ ਦੀ ਤੁਲਨਾ ਨਹੁੰ ਮਾਸ ਦੇ ਰਿਸ਼ਤੇ ਨਾਲ ਕੀਤੀ ਜਾਂਦੀ ਹੈ। ਜਿਸ ਢੰਗ ਨਾਲ ਭਾਜਪਾ ਦੇ ਹੌਂਸਲੇ ਬੁਲੰਦ ਹਨ ਉਸ ਲਿਹਾਜ਼ ਨਾਲ ਢਾਈ ਸਾਲ ਬਾਅਦ ਆ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਡਾ ਹਿੱਸਾ ਮੰਗੇਗੀ। ਪਿਛਲੇ ਸਮਿਆਂ ਵਿੱਚ ਲਗਾਤਾਰ ਭਾਜਪਾ ਅਕਾਲੀ ਦਲ  ਦੀ ਮਦਦ ਨਾਲ ਹੀ ਵਿਧਾਨ ਸਭਾ ‘ਚ ਸ਼ਾਮਲ ਹੁੰਦੀ ਰਹੀ ਹੈ ਪਰ ਹੁਣ ਸਥਿਤੀਆਂ ਬਦਲ ਗਈਆਂ ਹਨ। ਭਾਜਪਾ ਨੂੰ ਆਪਣੇ ਬਲਬੂਤੇ ਪੰਜਾਬ ਵਿੱਚੋਂ ਵੱਡਾ ਹੁੰਗਾਰਾ ਮਿਲਣ ਦੀ ਆਸ ਹੈ ਜਿਵੇਂ ਕਿ ਭਾਜਪਾ ਮੈਂਬਰਸ਼ਿੱਪ ਦਾਅਵਾ ਕਰ ਰਹੀ ਹੈ। ਭਾਜਪਾ ਦੇ ਹਰਿਆਣਾ ਦੇ ਫੈਸਲੇ ਦਾ ਸੰਕੇਤ ਇਹ ਵੀ ਹੈ ਕਿ ਪਾਣੀਆਂ ਦੇ ਮੁੱਦੇ ‘ਤੇ ਭਾਜਪਾ ਹਰਿਆਣਾ ਦਾ ਸਾਥ ਦੇਵੇਗੀ। ਜੇਕਰ ਭਾਜਪਾ ਦੇ ਪਾਣੀਆਂ ਦੇ ਮੁੱਦੇ ‘ਤੇ ਹਰਿਆਣਾ ਵਿੱਚ ਅਕਾਲੀ ਦਲ ਨਾਲ ਮਤਭੇਦ ਹਨ ਤਾਂ ਭਾਜਪਾ ਨੂੰ ਪੰਜਾਬ ਵਿੱਚ ਵੀ ਪਾਣੀਆਂ ਦੇ ਮੁੱਦੇ ‘ਤੇ ਜੁਆਬਦੇਹ ਹੋਣਾ ਪਵੇਗਾ। ਇਹ ਤੈਅ ਹੈ ਕਿ ਹਰਿਆਣਾ ਵਿੱਚ ਦੋਹਾਂ ਪਾਰਟੀਆਂ ਦੇ ਵਿਵਾਦ ਨਾਲ ਗੱਠਜੋੜ ‘ਤੇ ਅਸਰ ਲਾਜ਼ਮੀ ਪਏਗਾ।

Share this Article
Leave a comment