Punjab News : ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਵੱਡਾ ਸਿਆਸੀ ਧਮਾਕਾ ਹੋਣ ਦੇ ਸੰਕੇਤ ਮਿਲ ਰਹੇ ਨੇ… 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀ ਅਕਾਲੀ ਦਲ ਅਤੇ ਭਾਜਪਾ ਦੀ ਜੋੜੀ ਮੁੜ ਇਕੱਠੀ ਹੋਣ ਜਾ ਰਹੀ ਹੈ? ਕਰੀਬ 6 ਸਾਲ ਪਹਿਲਾਂ ਟੁੱਟਿਆ ਗੱਠਜੋੜ ਹੁਣ ਮੁੜ ਜੁੜਨ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਨੇ। ਸੂਤਰਾਂ ਦੇ ਹਵਾਲੇ ਨਾਲ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵਾਂ ਪਾਰਟੀਆਂ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਸਕਾਰਾਤਮਕ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ ਅਤੇ ਇਸੇ ਮਹੀਨੇ ਗੱਠਜੋੜ ਦਾ ਰਸਮੀ ਐਲਾਨ ਵੀ ਹੋ ਸਕਦਾ ਹੈ। ਪਰ ਇਸ ਵਾਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਭਾਜਪਾ ਕੀ ਪਹਿਲਾਂ ਵਾਂਗ ਛੋਟੇ ਭਾਈਵਾਲ ਦੀ ਭੂਮਿਕਾ ਸਵੀਕਾਰ ਕਰੇਗੀ ਜਾਂ ਫਿਰ ਸੀਟਾਂ ਦੀ ਵੰਡ ਵਿੱਚ ਨਵੀਆਂ ਸ਼ਰਤਾਂ ਰੱਖੀਆਂ ਜਾਣਗੀਆਂ?ਦਰਅਸਲ, ਭਾਜਪਾ ਦੇ ਪੰਜਾਬ ਚੋਣ ਇੰਚਾਰਜ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ. ਪਾਟਿਲ 17 ਨਵੰਬਰ ਨੂੰ ਪੰਜਾਬ ਦੌਰੇ ‘ਤੇ ਆ ਰਹੇ ਹਨ। ਇਸ ਦੌਰਾਨ ਉਹ ਚੰਡੀਗੜ੍ਹ ਵਿੱਚ ਪੰਜਾਬ ਭਾਜਪਾ ਦੇ ਆਗੂਆਂ ਨਾਲ ਮੀਟਿੰਗ ਕਰਨਗੇ। ਉਨ੍ਹਾਂ ਦੇ ਇਸ ਦੌਰੇ ਨੂੰ 2027 ਦੀਆਂ ਚੋਣਾਂ ਅਤੇ ਅਕਾਲੀ ਦਲ ਨਾਲ ਸੰਭਾਵਿਤ ਗੱਠਜੋੜ ਦੇ ਨਜ਼ਰੀਏ ਤੋਂ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੂਤਰਾਂ ਮੁਤਾਬਕ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਚਾਲੇ ਵੀ ਜਲਦ ਮੁਲਾਕਾਤ ਹੋ ਸਕਦੀ ਹੈ। ਇਸ ਮੀਟਿੰਗ ਵਿੱਚ ਸੀਟਾਂ ਦੀ ਵੰਡ ਅਤੇ ਚੋਣ ਰਣਨੀਤੀ ਬਾਰੇ ਚਰਚਾ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੌ : ਬੰਦ ਹੱਥਕੜੀਆਂ ਵਿਚਾਲੇ ਅੰਮ੍ਰਿਤਪਾਲ, ਸਿੰਘ ਦੇ ਚਾਚਾ ਪਹੁੰਚੇ ਜੱਦੀ ਪਿੰਡ
ਤੁਹਾਨੂੰ ਦੱਸ ਦਈਏ ਕਿ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਕਰੀਬ 24 ਸਾਲ ਪੁਰਾਣਾ ਸੀ। ਪਰ ਸਤੰਬਰ 2020 ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅਕਾਲੀ ਦਲ ਨੇ ਭਾਜਪਾ ਨਾਲੋਂ ਆਪਣਾ ਰਸਤਾ ਵੱਖ ਕਰ ਲਿਆ ਸੀ। ਉਸ ਸਮੇਂ ਸੀਟਾਂ ਦੀ ਵੰਡ ਤਹਿਤ ਭਾਜਪਾ 23 ਅਤੇ ਅਕਾਲੀ ਦਲ 94 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜਦਾ ਸੀ। ਪਰ ਹੁਣ ਹਾਲਾਤ ਬਦਲ ਚੁੱਕੇ ਨੇ। ਭਾਜਪਾ ਆਗੂਆਂ ਵੱਲੋਂ ਸੰਕੇਤ ਦਿੱਤੇ ਜਾ ਰਹੇ ਨੇ ਕਿ ਪਾਰਟੀ ਇਸ ਵਾਰ ਗੱਠਜੋੜ ਵਿੱਚ ਛੋਟੇ ਭਾਈਵਾਲ ਦੀ ਭੂਮਿਕਾ ਵਿੱਚ ਨਹੀਂ ਰਹਿਣਾ ਚਾਹੁੰਦੀ। ਉੱਧਰ ਸੁਖਬੀਰ ਬਾਦਲ ਨੇ ਵੀ 2 ਨਵੰਬਰ ਨੂੰ ਕਿਹਾ ਸੀ ਕਿ ਕੁਝ ਦਿਨਾਂ ਵਿੱਚ ਸਭ ਨੂੰ ਪਤਾ ਲੱਗ ਜਾਵੇਗਾ ਕਿ ਕੀ ਹੋਣ ਵਾਲਾ ਹੈ। ਦੂਜੇ ਪਾਸੇ ਭਾਜਪਾ ਦੇ ਅੰਦਰ ਵੀ ਗੱਠਜੋੜ ਨੂੰ ਲੈ ਕੇ ਇੱਕ ਰਾਇ ਨਹੀਂ ਹੈ। ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਇਸ ਬਾਰੇ ਅੰਤਿਮ ਫ਼ੈਸਲਾ ਪਾਰਟੀ ਹਾਈਕਮਾਂਡ ਵੱਲੋਂ ਹੀ ਲਿਆ ਜਾਵੇਗਾ। ਉਨ੍ਹਾਂ ਮੁਤਾਬਕ ਕੁਝ ਆਗੂ ਅਤੇ ਆਮ ਲੋਕ ਮੰਨਦੇ ਹਨ ਕਿ ਅਕਾਲੀ ਦਲ ਨਾਲ ਗੱਠਜੋੜ ਕਰਕੇ ਚੋਣ ਜਿੱਤਣਾ ਆਸਾਨ ਹੋ ਸਕਦਾ ਹੈ, ਪਰ ਪਾਰਟੀ ਦੇ ਪੁਰਾਣੇ ਅਤੇ ਕੋਰ ਟੀਮ ਦੇ ਕਈ ਵਰਕਰ ਇਸ ਦੇ ਹੱਕ ਵਿੱਚ ਨਹੀਂ ਹਨ। ਉੱਧਰ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਭਾਜਪਾ ਨੇ ਪੰਜਾਬ ਵਿੱਚ ਆਪਣੀਆਂ ਸੰਗਠਨਾਤਮਕ ਤਿਆਰੀਆਂ ਵੀ ਤੇਜ਼ ਕਰ ਦਿੱਤੀਆਂ ਨੇ।
ਇਹ ਵੀ ਪੜ੍ਹੌ : ਮਾਈਕ੍ਰੋਸਾਫਟ ਦਾ MEGA OUTAGE ਖ਼ਤਮ! 24 ਘੰਟੇ ਬੰਦ ਰਹੀਆਂ ਵੱਡੀਆਂ ਸੇਵਾਵਾਂ!
ਚੰਡੀਗੜ੍ਹ ਵਿੱਚ RSS ਅਤੇ ਭਾਜਪਾ ਆਗੂਆਂ ਦੀ ਹੋਈ ਮੀਟਿੰਗ ਵਿੱਚ 2027 ਦੀਆਂ ਚੋਣਾਂ ਦੀ ਰਣਨੀਤੀ ‘ਤੇ ਚਰਚਾ ਕੀਤੀ ਗਈ। ਇਸ ਮੀਟਿੰਗ ਦੌਰਾਨ 2022 ਦੀਆਂ ਚੋਣਾਂ ਦੇ ਅੰਕੜਿਆਂ ਨੂੰ ਆਧਾਰ ਬਣਾਉਂਦਿਆਂ ਕਰੀਬ 5,900 ਅਜਿਹੇ ਬੂਥਾਂ ‘ਤੇ ਵਿਸ਼ੇਸ਼ ਧਿਆਨ ਦੇਣ ਦੀ ਰਣਨੀਤੀ ਬਣਾਈ ਗਈ, ਜਿੱਥੇ ਭਾਜਪਾ ਇੱਕ ਤੋਂ 100 ਵੋਟਾਂ ਦੇ ਫ਼ਰਕ ਨਾਲ ਚੋਣ ਹਾਰ ਗਈ ਸੀ। RSS ਦੇ ਸੰਯੁਕਤ ਜਨਰਲ ਸਕੱਤਰ ਅਰੁਣ ਕੁਮਾਰ ਨੇ ਵੀ ਬੂਥ ਪੱਧਰ ‘ਤੇ ਪਾਰਟੀ ਦਾ ਸੰਗਠਨ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। ਜ਼ਿਕਰਯੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ 117 ਵਿੱਚੋਂ ਸਿਰਫ਼ 2 ਸੀਟਾਂ ਮਿਲੀਆਂ ਸਨ, ਜਦਕਿ ਅਕਾਲੀ ਦਲ ਨੇ 3 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ। ਹੁਣ ਅਮਿਤ ਸ਼ਾਹ ਵੱਲੋਂ ਪੰਜਾਬ ਵਿੱਚ NDA ਸਰਕਾਰ ਬਣਾਉਣ ਦੇ ਦਾਅਵੇ ਅਤੇ ਦੋਵਾਂ ਪਾਰਟੀਆਂ ਵਿਚਾਲੇ ਵਧ ਰਹੀ ਨੇੜਤਾ ਨੇ 2027 ਦੀਆਂ ਚੋਣਾਂ ਦੇ ਸਿਆਸੀ ਸਮੀਕਰਨਾਂ ਨੂੰ ਹੋਰ ਦਿਲਚਸਪ ਬਣਾ ਦਿੱਤਾ ਹੈ। ਫਿਲਹਾਲ ਸਭ ਦੀਆਂ ਨਜ਼ਰਾਂ 17 ਨਵੰਬਰ ਦੇ ਭਾਜਪਾ ਆਗੂਆਂ ਦੇ ਦੌਰੇ ਅਤੇ ਸੁਖਬੀਰ ਬਾਦਲ-ਅਮਿਤ ਸ਼ਾਹ ਦੀ ਸੰਭਾਵਿਤ ਮੁਲਾਕਾਤ ‘ਤੇ ਟਿਕੀਆਂ ਹੋਈਆਂ ਨੇ। ਕੀ ਪੰਜਾਬ ਵਿੱਚ ਮੁੜ ਅਕਾਲੀ-BJP ਦੀ ਜੋੜੀ ਬਣੇਗੀ? ਕੀ ਸੀਟਾਂ ਦੀ ਵੰਡ ‘ਤੇ ਦੋਵੇਂ ਪਾਰਟੀਆਂ ਸਹਿਮਤ ਹੋ ਜਾਣਗੀਆਂ? ਜਾਂ ਫਿਰ 2027 ਵਿੱਚ ਦੋਵੇਂ ਪਾਰਟੀਆਂ ਵੱਖ-ਵੱਖ ਚੋਣ ਮੈਦਾਨ ਵਿੱਚ ਉਤਰਨਗੀਆਂ? ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

