ਨਵੀਂ ਦਿੱਲੀ : ਏਅਰ ਇੰਡੀਆ ਨੇ ‘ਵੰਦੇ ਭਾਰਤ ਮਿਸ਼ਨ’ ਤਹਿਤ ਅਮਰੀਕਾ, ਬ੍ਰਿਟੇਨ ਅਤੇ ਸਿੰਗਾਪੁਰ ਲਈ ਟਿਕਟਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਏਅਰ ਇੰਡੀਆ ਵੱਲੋਂ ਇਨ੍ਹਾਂ ਦੇਸ਼ਾਂ ਦੇ ਲਈ 8 ਤੋਂ 14 ਮਈ ਤੱਕ ਵਿਸ਼ੇਸ਼ ਉਡਾਣਾਂ ਚਲਾਈਆਂ ਜਾਣਗੀਆਂ। ਏਅਰ ਇੰਡੀਆ ਦੇ ਅਨੁਸਾਰ ਉਹ ਯਾਤਰੀ ਹੀ ਟਿਕਟਾਂ ਬੁੱਕ ਕਰਵਾ ਸਕਦੇ ਹਨ ਜਿਹੜੇ ਇਨ੍ਹਾਂ ਦੇਸ਼ਾਂ ਵਿੱਚ ਜਾਣ ਦੀਆਂ ਸ਼ਰਤਾਂ ਨੂੰ ਪੂਰਾ ਕਰਦੇ ਹੋਣਗੇ। ‘ਵੰਦੇ ਭਾਰਤ ਮਿਸ਼ਨ’ ਤਹਿਤ ਏਅਰ ਇੰਡੀਆ 12 ਦੇਸ਼ਾਂ ਵਿਚ ਫਸੇ ਇਕ ਲੱਖ 93 ਹਜ਼ਾਰ ਨਾਗਰਿਕਾਂ ਨੂੰ ਵਾਪਸ ਲਿਆਏਗੀ। ਅਮਰੀਕਾ ‘ਚ ਫਸੇ ਭਾਰਤੀ ਏਅਰ ਇੰਡੀਆਂ ਦੀਆਂ ਇੰਨ੍ਹਾਂ ਉਡਾਣਾਂ ਰਾਹੀਂ 9 ਮਈ ਤੋਂ ਭਾਰਤ ਲਿਆਉਣਾ ਸ਼ੁਰੂ ਕੀਤਾ ਜਾਵੇਗਾ। ਇਸ ਦੇ ਲਈ ਅਮਰੀਕਾ ਦੇ ਕਈ ਸ਼ਹਿਰਾਂ ਤੋਂ ਭਾਰਤ ਦੇ ਕਈ ਸ਼ਹਿਰਾਂ ਲਈ ਕਮਰਸ਼ੀਅਲ ਉਡਾਣਾਂ ਦੀ ਵੀ ਸੇਵਾ ਸ਼ੁਰੂ ਕੀਤੀ ਜਾਵੇਗੀ।
ਵਾਸ਼ਿੰਗਟਨ ‘ਚ ਸਥਿਤ ਭਾਰਤੀ ਦੂਤਾਵਾਸ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਪਹਿਲੇ ਪੜਾਅ ਵਿੱਚ ਏਅਰ ਇੰਡੀਆ 9 ਤੋਂ 15 ਮਈ ਤੱਕ ਅਮਰੀਕਾ ਦੇ ਕਈ ਸ਼ਹਿਰਾਂ ਤੋਂ ਭਾਰਤ ਲਈ ਗੈਰ-ਨਿਰਧਾਰਤ ਕਮਰਸ਼ੀਅਲ ਉਡਾਣਾਂ ਸ਼ੁਰੂ ਕਰੇਗੀ। ਭਾਰਤੀ ਦੂਤਾਵਾਸ ਨੇ ਕਿਹਾ ਹੈ ਕਿ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਪੂਰੇ ਕਿਰਾਏ ਦਾ ਭੁਗਤਾਨ ਕਰਨਾ ਹੋਵੇਗਾ। ਇਸ ਦੇ ਨਾਲ ਹੀ ਭਾਰਤ ਪਹੁੰਚਣ ਤੋਂ ਬਾਅਦ ਯਾਤਰੀਆਂ ਦਾ ਮੈਡੀਕਲ ਟੈਸਟ ਵੀ ਲਾਜ਼ਮੀ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਕੋਰੋਨਾ ਸੰਕਟ ਕਾਰਨ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਲਿਆਉਣ ਲਈ ‘ਵੰਦੇ ਭਾਰਤ ਮਿਸ਼ਨ’ ਦੀ ਸ਼ੁਰੂਆਤ ਕੀਤੀ ਹੈ। ਜਿਸ ਦੇ ਤਹਿਤ 7 ਮਈ ਨੂੰ ਯਾਨੀ ਅੱਜ ਤੋਂ 7 ਦਿਨਾਂ ਲਈ 12 ਦੇਸ਼ਾਂ ਵਿਚ ਫਸੇ ਇਕ ਲੱਖ 93 ਹਜ਼ਾਰ ਭਾਰਤੀਆਂ ਨੂੰ ਏਅਰ ਇੰਡੀਆ ਦੀਆਂ ਵਿਸ਼ੇਸ਼ ਉਡਾਣਾਂ ਰਾਹੀਂ ਲਿਆਂਦਾ ਜਾਵੇਗਾ। ਇਸ ਮਿਸ਼ਨ ਤਹਿਤ ਅਮਰੀਕਾ, ਬ੍ਰਿਟੇਨ, ਬੰਗਲਾਦੇਸ਼, ਮਲੇਸ਼ੀਆ, ਫਿਲਪੀਨਜ਼, ਸਿੰਗਾਪੁਰ, ਯੂਏਈ, ਸਾਊਦੀ ਅਰਬ, ਕਤਰ, ਬਹਿਰੀਨ, ਕੁਵੈਤ ਅਤੇ ਓਮਾਨ ਵਿਚ ਫਸੇ ਭਾਰਤੀਆਂ ਨੂੰ ਲਿਆਂਦਾ ਜਾਵੇਗਾ।