ਪੈ ਗਿਆ ਪੰਗਾ, ਸਿੱਖ ਜਥੇਬੰਦੀਆਂ ਨੇ ਬਾਲਮੀਕ ਭਾਈਚਾਰੇ ਦੇ ਪ੍ਰਦਰਸ਼ਨਕਾਰੀਆਂ ਵਿਰੁੱਧ ਦੇ ਤੀ ਸ਼ਿਕਾਇਤ ਕਿਹਾ ਦੁਕਾਨਦਾਰ ‘ਤੇ ਪਰਚਾ ਰੱਦ ਕਰੋ ਤੇ ਪ੍ਰਦਰਸ਼ਨਕਾਰੀਆਂ ‘ਤੇ ਕੇਸ ਦਰਜ ਕਰੋ, ਨਹੀਂ ਤਾਂ…

TeamGlobalPunjab
2 Min Read

 ਜਲੰਧਰ : ਬੀਤੇ ਦਿਨੀਂ ਹਿੰਦੀ ਸੀਰੀਅਲ ਰਾਮ ਸੀਆ ਕੇ ਲਵ ਕੁਸ਼ ਮਾਮਲੇ ਨੂੰ ਲੈ ਕੇ ਵੱਖ ਵੱਖ ਥਾਈਂ ਬਾਲਮੀਕ ਭਾਈਚਾਰੇ ਵੱਲੋਂ ਪ੍ਰਦਰਸ਼ਨ ਕਰਦਿਆਂ ਬੰਦ ਦਾ ਸੱਦਾ ਦਿੱਤਾ ਗਿਆ ਸੀ, ਇਸ ਦੌਰਾਨ ਕਈ ਥਾਂਈ ਸ਼ਰਾਰਤੀ ਅਨਸਰਾਂ ਵੱਲੋਂ ਦੁਕਾਨਾਂ ਦੀ ਭੰਨ੍ਹ ਤੋੜ ਵੀ ਕੀਤੀ ਗਈ। ਅਜਿਹੇ ਵਿੱਚ ਇੱਕ ਦੁਕਾਨਦਾਰ ਵੱਲੋਂ ਨਕੋਦਰ ਵਿਖੇ ਆਪਣੀ ਆਤਮ ਰੱਖਿਆ ਲਈ ਗੋਲੀ ਵੀ ਚਲਾ ਦਿੱਤੀ ਗਈ ਜਿਸ ਤੋਂ ਬਾਅਦ ਉਸ ਦੁਕਾਨਦਾਰ ‘ਤੇ ਪਰਚਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਹੁਣ ਸਿੱਖ ਜਥੇਬੰਦੀਆਂ ਨੇ ਸਖਤ ਰੁੱਖ ਅਖਤਿਆਰ ਕਰਦਿਆਂ ਕਿਹਾ ਹੈ ਕਿ ਜੇਕਰ ਆਉਂਦੀ 10 ਸਤੰਬਰ ਤੱਕ ਦੁਕਾਨਦਾਰ ਵਿਰੁੱਧ ਦਰਜ ਕੀਤਾ ਗਿਆ ਪਰਚਾ ਰੱਦ ਨਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਸਖਤ ਕਦਮ ਚੁਕਿਆ ਜਾਵੇਗਾ। ਸਤਿਕਾਰ ਕਮੇਟੀ ਵੱਲੋਂ ਥਾਣੇ ਦੇ ਬਾਹਰ ਦਿੱਤੇ ਜਾ ਰਹੇ ਧਰਨੇ ‘ਚ ਕਮੇਟੀ ਦੇ ਮੁਖੀ ਸੁਖਜੀਤ ਸਿੰਘ ਖੋਸਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜੇਕਰ ਆਉਂਦੀ 10 ਤਾਰੀਖ ਤੱਕ ਪ੍ਰਸ਼ਾਸਨ ਵੱਲੋਂ ਪ੍ਰਦਰਸ਼ਨਕਾਰੀਆਂ ਵਿਰੁੱਧ ਵੀ ਕਾਰਵਾਈ ਨਹੀਂ ਕੀਤੀ ਗਈ ਤਾਂ ਵੀ ਉਹ ਸਖਤ ਕਦਮ ਚੁੱਕਣਗੇ।

ਦੱਸ ਦਈਏ ਕਿ ਬੀਤੇ ਦਿਨੀਂ ਨਕੋਦਰ ਵਿਖੇ ਪ੍ਰਦਰਸ਼ਨ ਦੌਰਾਨ ਮੁਜ਼ਾਹਰਾਕਾਰੀਆਂ ਵੱਲੋਂ ਜ਼ਬਰਨ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਸਨ ਤਾਂ ਸਥਾਨਕ ਜੈਨਰੇਟਰਾਂ ਦੀ ਦੁਕਾਨ ਬੰਦ ਕਰਾਉਣ ਸਮੇਂ ਦੁਕਾਨ ਮਾਲਕ ਨੇ ਉਨ੍ਹਾਂ ‘ਤੇ ਗੋਲੀ ਚਲਾ ਦਿੱਤੀ ਤੇ ਇਹ ਗੋਲੀ ਪ੍ਰਦਰਸ਼ਨ ਕਰ ਰਹੇ ਲੋਕਾਂ ਵਿੱਚੋਂ ਇੱਕ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਢਿੱਡ ਵਿੱਚ ਜਾ ਲੱਗੀ। ਜਿਸ ਨਾਲ ਗੋਪੀ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਗੋਪੀ ਦੇ ਪਰਿਵਾਰ ਦੀ ਸ਼ਿਕਾਇਤ ‘ਤੇ ਦੁਕਾਨਦਾਰ ਵਿਰੁੱਧ ਆਈਪੀਸੀ ਦੀ ਧਾਰਾ 307, ਐਸਸੀ ਐਸਟੀ ਐਕਟ ਅਤੇ ਅਮਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ। ਜਾਣਕਾਰੀ ਮੁਤਾਬਿਕ ਇਸ ਤੋਂ ਬਾਅਦ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਡਿਪਟੀ ਕਮਿਸ਼ਨਰ ਵਰਿੰਦਰ ਸਿੰਘ ਵੱਲੋਂ ਵੀ ਜ਼ੇਰੇ ਇਲਾਜ਼ ਗੋਪੀ ਨਾਲ ਮੁਲਾਕਾਤ ਕੀਤੀ ਗਈ ਹੈ।

ਧਿਆਨਦੇਣਯੋਗ ਹੈ ਕਿ ਇਸ ਸਬੰਧੀ ਸਿੱਖ ਜਥੇਬੰਦੀਆਂ ਵੱਲੋਂ ਵੀ ਐਸਐਸਪੀ ਨੂੰ ਇੱਕ ਸ਼ਿਕਾਇਤ ਦਿੱਤੀ ਗਈ ਹੈ। ਇਸ ਸ਼ਿਕਾਇਤ ਵਿੱਚ ਪੰਜ ਹੋਰਾਂ ਦੇ ਨਾਲ ਨਾਲ ਗੁਰਪ੍ਰੀਤ ਸਿੰਘ ਉਰਫ ਗੋਪੀ ਦਾ ਨਾਂ ਵੀ ਸ਼ਾਮਲ ਹੈ। ਇੱਥੇ ਹੀ ਬੱਸ ਨਹੀਂ ਉਨ੍ਹਾਂ ਨੇ ਸ਼ਿਕਾਇਤ ਵਿੱਚ 20 ਹੋਰ ਅਜਿਹੇ ਵਿਅਕਤੀਆਂ ਦੀ ਵੀ ਸਾਹਮਣੇ ਆਉਣ ‘ਤੇ ਪਛਾਣ ਕਰਨ ਦਾ ਦਾਅਵਾ ਕੀਤਾ ਹੈ ਜਿਹੜੇ ਉਸ ਦਿਨ ਹੁਲੜਬਾਜੀ ਕਰ ਰਹੇ ਸਨ।

Share this Article
Leave a comment