ਬਠਿੰਡਾ : ਪੰਜਾਬ ਦੇ ਬਠਿੰਡਾ ਜ਼ਿਲ੍ਹੇ ‘ਚ ਉਸ ਵੇਲੇ ਇੱਕ ਵੱਡੀ ਘਟਨਾ ਵਾਪਰੀ ਜਦੋਂ ਇੱਥੇ ਇੱਥੇ ਸੜਕ ‘ਤੇ ਜਾ ਰਹੀ ਇੱਕ ਬੱਸ ਨੂੰ ਅਚਾਨਕ ਅੱਗ ਲੱਗ ਗਈ। ਇਸ ਘਟਨਾ ‘ਚ ਦੋ ਲੋਕਾਂ ਦੀ ਮੌਤ ਹੋ ਗਈ। ਬਠਿੰਡਾ ਜ਼ਿਲ੍ਹੇ ਦੇ ਸੰਗਤ ਮੰਡੀ ਇਲਾਕੇ ਦੇ ਪਿੰਡ ਗੁਰਥੜੀ ਨੇੜੇ ਐਤਵਾਰ ਦੇਰ ਸ਼ਾਮ ਇੱਕ ਬੱਸ ਅਤੇ ਬਾਈਕ ਦੀ ਆਹਮੋ-ਸਾਹਮਣੀ ਟੱਕਰ ਹੋ ਗਈ। ਇਸ ਹਾਦਸੇ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ। ਅੱਗ ਦੀ ਲਪੇਟ ‘ਚ ਆ ਕੇ ਬਾਈਕ ਸਵਾਰ 2 ਵਿਅਕਤੀ ਬੁਰੀ ਤਰ੍ਹਾਂ ਸੜ ਗਏ।ਜਿਸ ਤੋਂ ਬਾਅਦ ਉਨ੍ਹਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਅਜੇ ਤੱਕ ਦੋਵਾਂ ਦੀ ਪਛਾਣ ਨਹੀਂ ਹੋ ਸਕੀ। ਜਿਸ ਬੱਸ ਨੂੰ ਅੱਗ ਲੱਗੀ ਉਹ ਬਠਿੰਡਾ ਦੀ ਟਰਾਂਸਪੋਰਟ ਕੰਪਨੀ ਦੀਪ ਸਰਵਿਸ ਦੀ ਦੱਸੀ ਜਾਂਦੀ ਹੈ। ਹਾਦਸੇ ਸਮੇਂ ਬੱਸ ਸਾਲਾਸਰ (ਰਾਜਸਥਾਨ) ਤੋਂ ਮੌੜ ਮੰਡੀ ਜਾ ਰਹੀ ਸੀ। ਥਾਣਾ ਸੰਗਤ ਨੇ ਦਾਅਵਾ ਕੀਤਾ ਕਿ ਹਾਦਸੇ ਸਮੇਂ ਬੱਸ ਵਿੱਚ ਕੋਈ ਸਵਾਰੀ ਨਹੀਂ ਸੀ, ਜਦਕਿ ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ ਵਿੱਚ ਕਈ ਲੋਕ ਸਵਾਰ ਸਨ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਹਾਦਸੇ ਤੋਂ ਬਾਅਦ ਸੜਕ ਦੇ ਵਿਚਕਾਰ ਸੜਦੀ ਹੋਈ ਬੱਸ ਨੂੰ ਦੇਖ ਕੇ ਹੜਕੰਪ ਮੱਚ ਗਿਆ। ਪੁਲਿਸ ਤੋਂ ਇਲਾਵਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ, ਜਿਨ੍ਹਾਂ ਨੇ ਇਕ ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ |