Breaking News

BSF ਬਾਰੇ ਫ਼ੈਸਲੇ ਵਿਰੁੱਧ ਅਕਾਲੀ ਦਲ ਵਾਹਗਾ ਬਾਰਡਰ ਤੋਂ ਅੰਮ੍ਰਿਤਸਰ ਦੇ ਗੋਲਡਨ ਗੇਟ ਤੱਕ ਕਰੇਗਾ ਰੋਡ ਸ਼ੋਅ : ਮਜੀਠੀਆ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ 29 ਅਕਤੂਬਰ ਨੂੰ ਅੰਮ੍ਰਿਤਸਰ ਵਿਚ ਵਾਹਗਾ-ਅਟਾਰੀ ਬਾਰਡਰ ਤੋਂ ਗੋਲਡਨ ਗੇਟ ਤੱਕ ਵਾਇਆ ਇੰਡੀਆ ਗੇਟ ਰੋਡ ਸ਼ੋਅ ਕੱਢੇਗਾ ਤਾਂ ਜੋ ਸੰਘੀ ਢਾਂਚੇ ਨੂੰ ਬਰਕਾਰ ਰੱਖਿਆ ਜਾ ਸਕੇ ਤੇ ਜਿਸ ਤਰੀਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੀ ਐਸ ਐਫ ਦਾ ਪੰਜਾਬ ਵਿਚ ਅਧਿਕਾਰ ਖੇਤਰ ਵਧਾਉਣ ਲਈ ਕੇਂਦਰ ਅੱਗੇ ਆਤਮ ਸਮਰਪਣ ਕੀਤਾ, ਉਸ ਵਿਰੁੱਧ ਰੋਹ ਪ੍ਰਗਟਾਉਣ ਲਈ ਕੀਤਾ ਜਾਵੇਗਾ।

ਇਸ ਦੀ ਜਾਣਕਾਰੀ ਦਿੰਦਿਆਂ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਬਾਰਡਰ ਇਲਾਕੇ ਦੇ ਲੋਕ ਅਤਿਵਾਦ ਦੇ ਦੌਰ ਵੇਲੇ ਕੇਂਦਰੀ ਬਲਾਂ ਵੱਲੋਂ ਉਹਨਾਂ ’ਤੇ ਫੈਲਾਈ ਦਹਿਸ਼ਤ ਤੇ ਦਮਨ ਦੇ ਦੌਰ ਨੁੰ ਭੁੱਲ ਨਹੀਂ ਸਕਦੇ। ਉਹਨਾਂ ਕਿਹਾ ਕਿ ਇਹ ਲੋਕ ਬੀ ਐਸ ਐਫ ਦੀਆਂ ਤਾਕਤਾਂ ਵਿਚ ਬੇਸ਼ੁਮਾਰ ਵਾਧਾ ਕੀਤੇ ਜਾਣ ਤੋਂ ਚਿੰਤਤ ਹਨ ਕਿਉਂਕਿ ਪਹਿਲਾਂ ਵੀ ਇਹਨਾਂ ਤਾਕਤਾਂ ਦੀ ਦੁਰਵਰਤੋਂ ਹੁੰਦੀ ਰਹੀ ਹੈ।

ਉਹਨਾਂ ਜ਼ੋਰ ਦੇ ਕੇ ਕਿਹਾ ਕਿ ਬੀ ਐਸ ਐਫ ਦਾ ਅਧਿਕਰ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਤੋਂ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰਨ ਦੀ ਕੋਈ ਤੁੱਕ ਨਹੀਂ ਬਣਦੀ। ਉਹਨਾਂ ਕਿਹਾ ਕਿ ਬੀ ਐਸ ਐਫ ਦਾ ਮੁੱਖ ਕੰਮ ਸਰਹੱਦ ਪਾਰੋਂ ਕੰਡਿਆਲੀ ਤਾਰਾ ਤੋਂ ਸਮੱਗਲਿੰਗ ਰੋਕਣਾ ਹੈ। ਉਹਨਾਂ ਕਿਹਾ ਕਿ ਉਸਦਾ ਅਧਿਕਾਰ ਖੇਤਰ ਵਧਾ ਕੇ ਸੂਬੇ ਦੇ 10 ਜ਼ਿਲਿ੍ਹਆਂ ਤੱਕ ਕਰਨਾਂ ਤੇ ਉਹਨਾਂ ਨੂੰ ਅਸਿੱਧੇ ਤੌਰ ’ਤੇ ਪੁਲਿਸ ਦੇ ਹੱਕ ਦੇਣ ਨਾਲ ਪੰਜਾਬ ਵਿਚ ਕੇਂਦਰੀ ਰਾਜ ਵੱ ਜਾਵੇਗਾ।

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬੀ ਇਸ ਗੱਲ ਤੋਂ ਹੈਰਾਨ ਹਨ ਕਿ ਉਹਨਾਂ ਦੇ ਆਪਣੇ ਹੀ ਮੁੱਖ ਮੰਤਰੀ ਨੇ ਉਹਨਾਂ ਨੁੰ ਹੇਠਾਂ ਲਾਇਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਕੱਲ੍ਹ ਸਪਸ਼ਟੀਕਰਨ ਦਿੱਤਾ ਸੀ ਕਿ ਵੁਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਸ ਫੈਸਲੇ ਨਾਲ ਪੰਜਾਬ ਵਿਚ ਕੇਂਦਰ ਦਾ ਅਧਿਕਾਰ ਖੇਤਰ ਵੱਧ ਜਾਵੇਗਾ ਪਰ ਉਹਨਾਂ ਦਾ ਇਹ ਜਵਾਬ ਤਸੱਲੀ ਵਾਲਾ ਨਹੀਂ ਸੀ।

ਉਹਨਾਂ ਕਿਹਾ ਕਿ ਜਿਸ ਤਰੀਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 5 ਅਕਤੂਬਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ 9 ਦਿਨ ਬਾਅਦ ਕੇਂਦਰ ਸਰਕਾਰ ਵੱਲੋਂ ਸੂਬੇ ਵਿਚ ਬੀ ਐਸ ਐਫ ਦਾ ਅਧਿਕਾਰ ਖੇਤਰ ਵਧਾਉਣ ਦਾ ਫੈਸਲਾ ਆ ਗਿਆ, ਇਹ ਸਾਰੇ ਘਟਨਾਕ੍ਰਮ ਉਹਨਾਂ ਦੇ ਕੇਂਦਰ ਨਾਲ ਰਲੇ ਹੋਣ ਤੇ ਕੇਂਦਰ ਅੱਗੇ ਆਤਮ ਸਮਰਪਣ ਕਰਨ ਵੱਲ ਇਸ਼ਾਰਾ ਕਰਦੇ ਹਨ।

ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬੀਆਂ ਦਾ ਇਹ ਪੱਕਾ ਵਿਸ਼ਵਾਸ ਹੈ ਕਿ ਸੰਵਿਧਾਨ ਵਿਚ ਅੰਕਿਤ ਅਨੁਸਾਰ ਸੰਘਵਾਦ ਦੇ ਸਿਧਾਂਤ ਨੂੰ ਕਿਸੇ ਤਰੀਕੇ ਖੋਰ੍ਹਾ ਨਹੀਂ ਲੱਗਣਾ ਚਾਹੀਦਾ। ਉਹਨਾਂ ਕਿਹਾ ਕਿ ਅਸੀਂ ਇਸ ਮੌਕੇ ਮਾਣ ਦਾ ਪ੍ਰਤੀਕ ਕੌਮੀ ਝੰਡਾ ਲੈ ਕੇ ਚੱਲਾਂਗੇ। ਉਹਨਾਂ ਕਿਹਾ ਕਿ ਪੰਜਾਬੀ ਸਭ ਤੋਂ ਵੱਡੇ ਰਾਸ਼ਟਰਪਤੀ ਹਨ ਕਿਉਂਕਿ ਉਹਨਾਂ ਨੇ ਹੀ ਦੇਸ਼ ਦੀ ਏਕਤਾ ਤੇ ਅਖੰਡਤਾ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਹਨ। ਉਹਨਾਂ ਕਿਹਾ ਕਿ ਕੇਂਦਰ ਨੁੰ ਸਾਡੇ ਹੱਕਾਂ ’ਤੇ ਡਾਕਾ ਨਹੀਂ ਮਾਰਨਾ ਚਾਹੀਦਾ।

ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਪੰਜਾਬ ਦੇ ਹੱਕਾਂ ’ਤੇ ਯੋਜਨਾਬੱਧ ਤਰੀਕੇ ਨਾਲ ਇਕ ਤੋਂ ਬਾਅਦ ਇਕ ਡਾਕਾ ਮਾਰਿਆ ਜਾ ਰਿਹਾ ਹੈ, ਭਾਵੇਂ ਉਹ ਰਾਈਪੇਰੀਅਨ ਸਿਧਾਂਤ ਦਾ ਮਾਮਲਾ ਹੋਵੇ ਜਿਥੇ ਸੂਬੇ ਨੇ ਦਰਿਆਈ ਪਾਣੀਆਂ ’ਤੇ ਆਪਣਾ ਹੱਕ ਗੁਆ ਲਿਆ ਤੇ ਪੰਜਾਬੀ ਬੋਲਦੇ ਇਲਾਕਾ ਤੇ ਰਾਜਧਾਨੀ ਸ਼ਹਿਰ ਚੰਡੀਗੜ੍ਹ ਵੀ ਕੇਂਦਰ ਦੇ ਸੂਬੇ ਵਿਚ ਵੱਧਦੇ ਅਧਿਕਾਰਾਂ ਕਾਰਨ ਗੁਆ ਲਿਆ।

ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਸੰਘਵਾਦ ਦੇ ਹੱਕ ਵਿਚ ਰਿਹਾ ਹੈ ਤੇ ਉਹ ਦੇਸ਼ ਦੇ ਸੰਘੀ ਸਰੂਪ ਨੂੰ ਕਾਇਮ ਰੱਖਣ ਲਈ ਸੰਘਰਸ਼ ਕਰਦਾ ਰਹੇਗਾ। ਉਹਨਾਂ ਕਿਹਾ ਕਿ ਅਸੀਂ ਦੇਸ਼ ਭਰ ਦੀਆਂ ਹਮਖਿਆਲੀ ਪਾਰਟੀਆਂ ਕੋਲ ਪਹੁੰਚ ਕਰਾਂਗੇ ਅਤੇ ਸੂਬਿਆਂ ਦੇ ਹੱਕ ਸੁਰੱਖਿਅਤ ਹੋਣੇ ਯਕੀਨੀ ਬਣਾਉਣ ਲਈ ਪਲੇਟਫਾਰਮ ਤਿਆਰ ਕਰਾਂਗੇ।

Check Also

ਕੈਨੇਡਾ ‘ਚ ਜੰਗਲੀ ਅੱਗ ਬੇਕਾਬੂ, 700 ਹੋਰ ਅੰਤਰਰਾਸ਼ਟਰੀ ਫ਼ਾਇਰਫ਼ਾਈਟਰਜ਼ ਪਹੁੰਚਣਗੇ ਕੈਨੇਡਾ

ਓਟਾਵਾ:ਕੈਨੇਡਾ ‘ਚ ਜੰਗਲੀ ਅੱਗ ‘ਤੇ ਕਾਬੂ ਪਾਉਣ ਲਈ  ਦੱਖਣੀ ਅਫਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਸੰਯੁਕਤ ਰਾਜ …

Leave a Reply

Your email address will not be published. Required fields are marked *