ਸੁਪਰੀਮ ਕੋਰਟ ਦੀ ਝਾੜ ਤੋਂ ਬਾਅਦ ਦਿੱਲੀ ਸਰਕਾਰ ਨੇ ਫਿਰ ਬੰਦ ਕੀਤੇ ਸਕੂਲ

TeamGlobalPunjab
1 Min Read

ਨਵੀਂ ਦਿੱਲੀ: ਰਾਜਧਾਨੀ ‘ਚ ਪ੍ਰਦੂਸ਼ਣ ਕਾਰਨ ਸਕੂਲ ਫਿਰ ਤੋਂ ਬੰਦ ਕਰ ਦਿੱਤੇ ਗਏ ਹਨ। ਕੇਜਰੀਵਾਲ ਸਰਕਾਰ ਦਾ ਇਹ ਹੁਕਮ ਸ਼ੁੱਕਰਵਾਰ ਤੋਂ ਲਾਗੂ ਹੋਵੇਗਾ। ਦਿੱਲੀ-ਐਨਸੀਆਰ ਵਿਚ ਪਿਛਲੇ ਇਕ ਮਹੀਨੇ ਤੋਂ ਪ੍ਰਦੂਸ਼ਣ ਦੇ ਪੱਧਰ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅੱਜ ਵੀ ਕਈ ਥਾਵਾਂ ‘ਤੇ ਪ੍ਰਦੂਸ਼ਣ ਦਾ ਪੱਧਰ ਬਹੁਤ ਜ਼ਿਆਦਾ ਸੀ। ਦਿੱਲੀ-ਐੱਨਸੀਆਰ ਦੇ ਕੁਝ ਇਲਾਕਿਆਂ ‘ਚ ਇਹ ਪੱਧਰ 600 ਨੂੰ ਪਾਰ ਕਰ ਗਿਆ ਹੈ।

ਅਦਾਲਤ ‘ਚ ਵੀਰਵਾਰ ਨੂੰ ਪ੍ਰਦੂਸ਼ਣ ਦੇ ਮੁੱਦੇ ‘ਤੇ ਸੁਣਵਾਈ ਹੋਈ, ਜਿਸ ‘ਚ ਸਕੂਲਾਂ ਨੂੰ ਖੋਲਣ ਸਬੰਧੀ ਸੁਪਰੀਮ ਕੋਰਟ ਨੇ ਸਵਾਲ ਕੀਤਾ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਝਾੜ ਪਾਉਂਦਿਆਂ ਕਿਹਾ ਕਿ ਪ੍ਰਦੂਸ਼ਣ ਵਿਚਕਾਰ ਸਕੂਲ ਕਿਉਂ ਖੋਲ੍ਹੇ ਗਏ। ਸੁਪਰੀਮ ਕੋਰਟ ਨੇ ਪੁੱਛਿਆ ਕਿ ਮਾਪੇ ਘਰੋਂ ਕੰਮ ਕਰ ਰਹੇ ਹਨ ਤਾਂ ਬੱਚੇ ਸਵੇਰ ਦੀ ਧੁੰਦ ਵਿਚ ਸਕੂਲ ਕਿਉਂ ਜਾ ਰਹੇ ਹਨ?

ਅਦਾਲਤ ਨੇ ਕਿਹਾ ਕਿ ਤੁਸੀਂ ਕਹਿ ਰਹੇ ਹੋ ਕਿ ਜੇਕਰ ਬੱਚੇ ਦੇ ਮਾਤਾ-ਪਿਤਾ ਉਹਨਾਂ ਨੂੰ ਸਕੂਲ ਭੇਜਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਭੇਜ ਦਿਓ, ਨਹੀਂ ਤਾਂ ਨਹੀਂ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਸਕੂਲ ਅਤੇ ਦਫ਼ਤਰ ਖੋਲ੍ਹਣ ਬਾਰੇ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ ਦੀ ਝਾੜ ਤੋਂ ਬਾਅਦ ਦਿੱਲੀ ਸਰਕਾਰ ਨੇ ਸਕੂਲ ਬੰਦ ਕਰਨ ਦਾ ਫੈਸਲਾ ਕੀਤਾ ਹੈ।

Share this Article
Leave a comment