ਮੁੰਬਈ : ਮਲਿਆਲਮ ਸਿਨੇਮਾ ਦੇ ਸੀਨੀਅਰ ਅਦਾਕਾਰ, ਲੇਖਕ, ਨਿਰਦੇਸ਼ਕ ਅਤੇ ਨਿਰਮਾਤਾ ਸ਼੍ਰੀਨਿਵਾਸਨ ਦਾ ਸ਼ਨੀਵਾਰ ਨੂੰ 69 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਕੇਰਲ ਦੇ ਏਰਨਾਕੁਲਮ ਜ਼ਿਲ੍ਹੇ ਦੇ ਉਦੈਮਪੇਰੂਰ ਸਥਿਤ ਆਪਣੇ ਘਰ ਵਿੱਚ ਇਲਾਜ ਅਧੀਨ ਸਨ। ਉਹਨਾਂ ਦੀ ਅਚਾਨਕ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਤ੍ਰਿਪੁਨੀਥੁਰਾ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਸ਼ਨੀਵਾਰ ਸਵੇਰੇ ਉਸਦੀ ਮੌਤ ਦੀ ਪੁਸ਼ਟੀ ਕੀਤੀ।
ਉਹ ਆਪਣੇ ਪਿੱਛੇ ਪਤਨੀ ਵਿਮਲਾ ਅਤੇ ਦੋ ਪੁੱਤਰ ਛੱਡ ਗਏ ਹਨ। ਪੁੱਤਰ ਵਿਨੀਤ ਸ਼੍ਰੀਨਿਵਾਸਨ ਅਤੇ ਧਿਆਨ ਸ਼੍ਰੀਨਿਵਾਸਨ ਵੀ ਮਲਿਆਲਮ ਸਿਨੇਮਾ ਵਿੱਚ ਜਾਣੇ-ਪਛਾਣੇ ਨਾਮ ਹਨ। ਵਿਨੀਤ ਨੇ ਵੀ ਕਈ ਬਲਾਕਬਸਟਰ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ ਜਿਵੇਂ ਕਿ ਮਲਾਰਵਾਦੀ ਆਰਟਸ ਕਲੱਬ, ਥੱਟਾਥਿਨ ਮਰਯਾਥੂ, ਅਤੇ ਹਿਰਦਯਮ।
ਦੱਸ ਦਈਏ ਸ਼੍ਰੀਨਿਵਾਸਨ ਦਾ ਜਨਮ 6 ਅਪ੍ਰੈਲ 1956 ਨੂੰ ਕੇਰਲਾ ਦੇ ਥਾਲਸੇਰੀ ਦੇ ਨੇੜੇ ਪੱਟਯਮ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਇੱਕ ਸਕੂਲ ਅਧਿਆਪਕ ਸਨ ਅਤੇ ਉਨ੍ਹਾਂ ਦੀ ਮਾਂ ਇੱਕ ਘਰੇਲੂ ਔਰਤ ਸੀ। ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਕਾਦੀਰੂਰ ਵਿੱਚ ਪੂਰੀ ਕੀਤੀ। ਫਿਰ ਉਨ੍ਹਾਂ ਨੇ ਮਟਨੂਰ ਦੇ ਪੀਆਰਐਨਐਸਐਸ ਕਾਲਜ ਤੋਂ ਅਰਥ ਸ਼ਾਸਤਰ ਵਿੱਚ ਗ੍ਰੈਜੂਏਸ਼ਨ ਕੀਤੀ। ਬਾਅਦ ਵਿੱਚ ਉਨ੍ਹਾਂ ਨੇ ਚੇਨਈ ਦੇ ਫਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਤੋਂ ਫਿਲਮ ਦੀ ਪੜ੍ਹਾਈ ਕੀਤੀ।
ਸ਼੍ਰੀਨਿਵਾਸਨ ਨੇ 1977 ਵਿੱਚ ਪੀ.ਏ. ਬੈਕਰ ਦੀ ਫਿਲਮ “ਮਨੀਮੁਝੱਕਮ” ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ। ਲਗਭਗ ਪੰਜ ਦਹਾਕਿਆਂ ਦੇ ਆਪਣੇ ਕਰੀਅਰ ਵਿੱਚ ਉਹ 225 ਤੋਂ ਵੱਧ ਫਿਲਮਾਂ ਵਿੱਚ ਨਜ਼ਰ ਆਏ। ਉਨ੍ਹਾਂ ਨੂੰ ਸਮਾਜਿਕ ਵਿਅੰਗ ਅਤੇ ਰੋਜ਼ਾਨਾ ਦੇ ਕਿਰਦਾਰਾਂ ਦੇ ਆਪਣੇ ਚਿੱਤਰਣ ਲਈ ਮਾਨਤਾ ਮਿਲੀ। ਅਦਾਕਾਰ ਨੇ ਨਾਦੋਦਿਕੱਟੂ ਅਤੇ ਪੱਟਨਪ੍ਰਵੇਸ਼ਮ ਵਰਗੀਆਂ ਫਿਲਮਾਂ ਵਿੱਚ ਆਮ ਆਦਮੀ ਦੇ ਸੰਘਰਸ਼ਾਂ ਨੂੰ ਦਰਸਾਇਆ।
ਇਸਤੋਂ ਇਲਾਵਾ ਅਦਾਕਾਰੀ ਦੇ ਨਾਲ-ਨਾਲ ਉਹਨਾਂ ਨੇ ਕਈ ਫਿਲਮਾਂ ਲਈ ਸਕ੍ਰੀਨਪਲੇ ਲਿਖੇ। ਉਨ੍ਹਾਂ ਨੇ ਕੁਝ ਦਾ ਨਿਰਦੇਸ਼ਨ ਅਤੇ ਨਿਰਮਾਣ ਵੀ ਕੀਤਾ। ਸ਼੍ਰੀਨਿਵਾਸਨ ਦੀ ਫਿਲਮ ਚਿੰਤਾਵਿਸ਼ਤਾਯ ਸ਼ਿਆਮਲਾ ਨੂੰ ਰਾਸ਼ਟਰੀ ਫਿਲਮ ਪੁਰਸਕਾਰ (1998) ਨਾਲ ਸਨਮਾਨਿਤ ਕੀਤਾ ਗਿਆ। ਉਸਨੇ ਆਪਣੇ ਪੁੱਤਰ ਵਿਨੀਤ ਸ਼੍ਰੀਨਿਵਾਸਨ ਦੁਆਰਾ ਨਿਰਦੇਸ਼ਤ ਸੁਪਰਹਿੱਟ ਫਿਲਮ ਥੱਟਾਥਿਨ ਮਰਾਇਆਥੂ ਦਾ ਸਹਿ-ਨਿਰਮਾਣ ਵੀ ਕੀਤਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

