ਚੰਡੀਗੜ੍ਹ : ਪੰਜਾਬ ਸਿਵਲ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੇ ਪੱਛਮੀ ਬੰਗਾਲ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਸ ਮਾਮਲੇ ਵਿੱਚ ਥਾਣਾ ਸੈਕਟਰ-3 ਵਿੱਚ ਐਫਆਈਆਰ (FIR) ਦਰਜ ਕੀਤੀ ਗਈ ਸੀ। ਜਾਂਚ ਦੌਰਾਨ ਧਮਕੀ ਭਰੀ ਈਮੇਲ ਭੇਜਣ ਦੇ ਦੋਸ਼ ਵਿੱਚ ਸੌਰਵ ਬਿਸਵਾਸ ਦੀ ਗ੍ਰਿਫ਼ਤਾਰੀ ਕੀਤੀ ਗਈ।
ਗ੍ਰਿਫ਼ਤਾਰੀ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਮੁਲਜ਼ਮ ਸੌਰਵ ਬਿਸਵਾਸ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ। ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਣ ਲਈ ਪੁਲਿਸ ਨੇ ਮੁਲਜ਼ਮ ਦਾ ਰਿਮਾਂਡ ਮੰਗਿਆ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰਦੇ ਹੋਏ ਉਸ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ।
ਰਿਮਾਂਡ ਦੌਰਾਨ ਪੁਲਿਸ ਮੁਲਜ਼ਮ ਕੋਲੋਂ ਇਹ ਜਾਣਨ ਦੀ ਕੋਸ਼ਿਸ਼ ਕਰੇਗੀ ਕਿ ਉਸਨੇ ਪੰਜਾਬ ਸਿਵਲ ਸਕੱਤਰੇਤ ਨੂੰ ਧਮਕੀ ਭਰੀ ਈਮੇਲ ਕਿਉਂ ਭੇਜੀ ਸੀ। ਉਸ ਦੇ ਖ਼ਿਲਾਫ਼ ਬੀਐਨਐਸ (BNS) ਅਤੇ ਆਈਟੀ ਐਕਟ (IT Act) ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਪੰਜਾਬ ਸਿਵਲ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਜੋ ਸਕੱਤਰੇਤ ਨਾਲ ਸਬੰਧਤ ਅਧਿਕਾਰੀਆਂ ਨੂੰ ਈਮੇਲ ਰਾਹੀਂ ਦਿੱਤੀ ਗਈ। ਧਮਕੀ ਭਰੀ ਈ-ਮੇਲ ਭੇਜਣ ਵਾਲੇ ਨੇ ਕਿਹਾ ਕਿ ਉਹ ਦੁਪਹਿਰ 1:11 ਵਜੇ ਤੋਂ 3:11 ਵਜੇ ਦੇ ਵਿਚਕਾਰ ਪੰਜਾਬ ਸਿਵਲ ਸਕੱਤਰੇਤ ਵਿੱਚ ਬੰਬ ਧਮਾਕਾ ਕਰੇਗਾ।
ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਪੱਛਮੀ ਬੰਗਾਲ ਦੇ ਨੌਰਥ 24 ਪਰਗਨਾ ਜ਼ਿਲ੍ਹੇ ਦੇ ਪੱਲੀ ਬਾਜ਼ਾਰ, ਗੋਬਿੰਦ ਪੱਲੀ ਦੇ ਰਹਿਣ ਵਾਲੇ ਸੌਰਵ ਬਿਸਵਾਸ ਨੇ ਪੰਜਾਬ ਸਿਵਲ ਸਕੱਤਰੇਤ ਦੀ ਅਧਿਕਾਰਤ ਈਮੇਲ ਆਈਡੀ ‘ਤੇ ਬੰਬ ਧਮਾਕੇ ਦੀ ਧਮਕੀ ਵਾਲੀ ਈਮੇਲ ਭੇਜੇ ਸੀ। ਈਮੇਲ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਅਲਰਟ ਹੋ ਗਈਆਂ ਅਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਸ਼ੁਰੂ ਕੀਤੀ ਗਈ।
ਤਕਨੀਕੀ ਜਾਂਚ, ਈਮੇਲ ਟ੍ਰੈਕਿੰਗ ਅਤੇ ਹੋਰ ਡਿਜੀਟਲ ਸਬੂਤਾਂ ਦੇ ਆਧਾਰ ‘ਤੇ ਪੁਲਿਸ ਮੁਲਜ਼ਮ ਤੱਕ ਪਹੁੰਚੀ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਸਨੇ ਧਮਕੀ ਭਰੀ ਈਮੇਲ ਕਿਸ ਮਕਸਦ ਨਾਲ ਭੇਜੀ ਸੀ ਅਤੇ ਇਸ ਮਾਮਲੇ ਵਿੱਚ ਕੋਈ ਹੋਰ ਵਿਅਕਤੀ ਵੀ ਸ਼ਾਮਲ ਹੈ ਜਾਂ ਨਹੀਂ।

