Home / News / ਕੈਪਟਨ ਦੀ ਤਰਨਤਾਰਨ ਫੇਰੀ ‘ਤੇ ‘ਆਪ’ ਪਾਰਟੀ ਦਾ ਤਿੱਖਾ ਵਾਰ, ‘ਬਹੁਤ ਦੇਰ ਕਰਦੀ ਹਜ਼ੂਰ ਆਤੇ-ਆਤੇ’-ਭਗਵੰਤ ਮਾਨ

ਕੈਪਟਨ ਦੀ ਤਰਨਤਾਰਨ ਫੇਰੀ ‘ਤੇ ‘ਆਪ’ ਪਾਰਟੀ ਦਾ ਤਿੱਖਾ ਵਾਰ, ‘ਬਹੁਤ ਦੇਰ ਕਰਦੀ ਹਜ਼ੂਰ ਆਤੇ-ਆਤੇ’-ਭਗਵੰਤ ਮਾਨ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮਾਝੇ ‘ਚ ਜ਼ਹਿਰੀਲੀ ਸ਼ਰਾਬ ਦੇ ਕਹਿਰ ਉਪਰੰਤ ਸ਼ੁੱਕਰਵਾਰ ਨੂੰ ਤਰਨਤਾਰਨ ਪੁੱਜੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਘੇਰਦਿਆਂ ਕਿਹਾ, ”ਬਤੌਰ ਮੁੱਖ ਮੰਤਰੀ ਪੀੜਤ ਪਰਿਵਾਰਾਂ ਦਾ ਪਤਾ ਲੈਣ ‘ਚ ਬਹੁਤ ਦੇਰ ਕਰ ਦਿੱਤੀ ਹੈ।”

ਸ਼ੁੱਕਰਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਅਤੇ ਆਪਣੇ ਸੋਸ਼ਲ ਮੀਡੀਆ ਰਾਹੀਂ ਮੁੱਖ ਮੰਤਰੀ ਨੂੰ ਸੰਬੋਧਿਤ ਹੁੰਦਿਆਂ ਭਗਵੰਤ ਮਾਨ ਨੇ ਕਿਹਾ, ”29 ਜੁਲਾਈ ਨੂੰ ਜ਼ਹਿਰੀਲੀ ਸ਼ਰਾਬ ਨਾਲ ਪਹਿਲੀ ਮੌਤ ਦੀ ਖ਼ਬਰ ਆਈ ਸੀ। ਇਨ੍ਹਾਂ 10-11 ਦਿਨਾਂ ‘ਚ ਕਰੀਬ 113 ਮੌਤਾਂ ਹੋ ਚੁੱਕੀਆਂ ਹਨ ਅਤੇ ਇਹ ਸਿਲਸਿਲਾ ਰੁਕਿਆ ਨਹੀਂ। ਮੁੱਖ ਮੰਤਰੀ ਅੱਜ ਆਪਣੇ ਹੈਲੀਕਾਪਟਰ ਰਾਹੀਂ ਪੂਰੇ ਸ਼ਾਹੀ ਅੰਦਾਜ਼ ‘ਚ ਤਰਨਤਾਰਨ ਪੁੱਜੇ। ਜਿੱਥੇ ਰਾਜਾ ਸਾਹਿਬ ਦਾ ‘ਰੈਡਕਾਰਪਟ’ ਸਟਾਈਲ ‘ਚ ਸਵਾਗਤ ਹੋਇਆ। ਪੋਰਟੇਬਲ ਏਸੀਜ਼ ਦੀ ਠੰਢ ‘ਚ ਪੀੜਤ ਪਰਿਵਾਰਾਂ ਨੂੰ ਦੂਰੋਂ-ਦੂਰੋਂ ਮਿਲੇ ਮੁੱਖ ਮੰਤਰੀ ਸਿਰਫ਼ 2 ਦੀ ਥਾਂ 5 ਲੱਖ ਮੁਆਵਜ਼ਾ ਜਾਂ ਸਿਹਤ ਬੀਮੇ ਵਰਗੀ ਛੋਟੀ ਮੋਟੀ ਸਹੂਲਤ ਤੋਂ ਵੱਧ ਕੁੱਝ ਨਹੀਂ ਐਲਾਨ ਸਕੇ। ਜਦਕਿ ਖ਼ੁਦ ਹੀ ਮੌਤਾਂ ਨੂੰ ਕਤਲ ਦੱਸ ਰਹੇ ਹਨ।”

ਭਗਵੰਤ ਮਾਨ ਨੇ ਕਿਹਾ ਸਭ ਤੋਂ ਜ਼ਰੂਰੀ ਸੀ ਇਸ ਜ਼ਹਿਰੀਲੇ ਧੰਦੇ ‘ਚ ਸ਼ਾਮਲ ਵਿਧਾਇਕਾਂ ਅਤੇ ਹੋਰ ਕਾਂਗਰਸੀਆਂ ਦੀ ਆਓ ਭਗਤ ਕਬੂਲਣ ਦੀ ਥਾਂ ‘ਤੇ ਉਨ੍ਹਾਂ ‘ਤੇ ਤੁਰੰਤ ਕਤਲ ਦੇ ਮੁਕੱਦਮੇ ਦਰਜ ਕਰਾਉਂਦੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਤੋਂ ਸ਼ਰਮਨਾਕ ਕੀ ਹੋ ਸਕਦਾ ਹੈ ਕਿ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੂੰ ਰਾਜਾ ਸਾਹਿਬ (ਮੁੱਖ ਮੰਤਰੀ) ਨੂੰ ਉਸ ਦੇ ਆਲੀਸ਼ਾਨ ਫਾਰਮ ਹਾਊਸ ‘ਚੋਂ ਕੱਢ ਕੇ ਤਰਨਤਾਰਨ ਭੇਜਣ ਲਈ ਧਰਨੇ ਪ੍ਰਦਰਸ਼ਨ ਅਤੇ ਗ੍ਰਿਫਤਾਰੀਆਂ ਦੇਣੀਆਂ ਪਈਆਂ ਹੋਣ। ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਕੋਲ ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਸੁਣਨ ਅਤੇ ਉਨ੍ਹਾਂ ਨੂੰ ਦੂਰ ਕਰਨ ਲਈ ‘ਦੁੱਖ ਮੰਤਰੀ’ ਦੀ ਵੀ ਜ਼ਿੰਮੇਵਾਰੀ ਹੈ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਫ਼ਰਜ਼ ਨਿਭਾਉਂਦੀ ਹੋਈ ਲੋਕਾਂ ਅਤੇ ਪੰਜਾਬ ਦੇ ਹਿੱਤਾਂ ਲਈ ਸੜਕ ਤੋਂ ਲੈ ਕੇ ਵਿਧਾਨ ਸਭਾ ਸਦਨ ਅਤੇ ਸੰਸਦ ਤੱਕ ਆਵਾਜ਼ ਬੁਲੰਦ ਰੱਖੇਗੀ।

Check Also

ਲੜਕੀਆਂ ਦੇ ਕਾਲਜ ਵਿੱਚ ਹੋ ਰਹੀਆਂ ਨਜ਼ਾਇਜਗੀਆਂ ਦੀ ਸਖ਼ਤ ਨਿਖੇਧੀ

ਚੰਡੀਗੜ੍ਹ: ਸੰਤ ਅਤਰ ਸਿੰਘ ਮਸਤੂਆਣਾ ਦੇ ਗੁਰਮਤਿ ਪ੍ਰਚਾਰ ਨੂੰ ਸਮਰਪਿਤ ਮਾਲਵਾ ਦਾ ਅਕਾਲ ਡਿਗਰੀ ਕਾਲਜ …

Leave a Reply

Your email address will not be published. Required fields are marked *