ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਦਾਨ ‘ਚ ਇਕੱਠੇ ਹੋਣ ਵਾਲੇ ਪਲਾਜ਼ਮਾ (ਬਲੱਡ ਸੈੱਲ) ਨੂੰ ਮੋਟੀ ਕੀਮਤ ‘ਤੇ ਵੇਚੇ ਜਾਣ ਦਾ ਸਖ਼ਤ ਵਿਰੋਧ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਸ਼ੁੱਕਰਵਾਰ 31 ਜੁਲਾਈ ਨੂੰ ਸੂਬੇ ਭਰ ‘ਚ ਰੋਸ ਪ੍ਰਗਟ ਕਰੇਗੀ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੇ ਬੇਤੁਕੇ ਅਤੇ ਲੋਕ ਵਿਰੋਧੀ ਫ਼ੈਸਲੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਵੀ ਸੜਕਾਂ ‘ਤੇ ਉੱਤਰਨ ਨੂੰ ਮਜਬੂਰ ਕਰ ਰਹੇ ਹਨ। ਜਿੱਥੇ ਕੇਂਦਰ ਸਰਕਾਰ (ਮੋਦੀ) ਵੱਲੋਂ ਥੋਪੇ ਜਾ ਰਹੇ ਖੇਤੀ ਵਿਰੋਧੀ ਆਰਡੀਨੈਂਸਾਂ ਨੇ ਸਾਨੂੰ (ਸਿਆਸੀ ਧਿਰਾਂ ਅਤੇ ਕਿਸਾਨ-ਮਜ਼ਦੂਰ ਜਥੇਬੰਦੀਆਂ) ਨੂੰ ਸੜਕਾਂ ‘ਤੇ ਰੋਸ ਮੁਜ਼ਾਹਰੇ ਕਰਨ ਲਈ ਮਜਬੂਰ ਕੀਤਾ ਹੋਇਆ ਹੈ, ਉੱਥੇ ਕੋਰੋਨਾ ਵਿਰੁੱਧ ਲੜਾਈ ‘ਚ ਮਰੀਜ਼ਾਂ/ਲੋਕਾਂ ਨੂੰ ਰਾਹਤ ਦੇਣ ਦੀ ਥਾਂ ਜੇ ਉਨ੍ਹਾਂ ਕੋਲੋਂ ਦਾਨ ‘ਚ ਇਕੱਠੇ ਹੋਏ ਖ਼ੂਨ (ਪਲਾਜ਼ਮਾ) ਨੂੰ 20 ਹਜ਼ਾਰ ਰੁਪਏ ਵਸੂਲੇ ਜਾਣਗੇ ਤਾਂ ਅਸੀਂ (ਆਮ ਆਦਮੀ ਪਾਰਟੀ) ਕਿਸੇ ਵੀ ਕੀਮਤ ‘ਤੇ ਚੁੱਪ ਨਹੀਂ ਬੈਠ ਸਕਦੇ।
ਭਗਵੰਤ ਮਾਨ ਨੇ ਕਿਹਾ, ”ਅਸੀਂ ਮੁੱਖ ਵਿਰੋਧ ਧਿਰ ਹੋਣ ਦੇ ਨਾਤੇ ਸਰਕਾਰ ਦੀ ਇਸ ਲੁੱਟ ਦਾ ਵਿਰੋਧ ਕਰਦੇ ਹਾਂ। ਇਸ ਫ਼ੈਸਲੇ ਖ਼ਿਲਾਫ਼ ਸ਼ੁੱਕਰਵਾਰ 31 ਜੁਲਾਈ ਨੂੰ ਪੰਜਾਬ ਭਰ ‘ਚ ਕੋਰੋਨਾ ਦਿਸ਼ਾ ਨਿਰਦੇਸ਼ਾਂ ਦੀ ਪਾਲਨਾ ਕਰਦੇ ਹੋਏ ਸ਼ਾਂਤੀਪੂਰਵਕ ਅਤੇ ਸੰਕੇਤਕ ਰੋਸ ਪ੍ਰਦਰਸ਼ਨ ਕਰਾਂਗੇ।”
ਭਗਵੰਤ ਮਾਨ ਨੇ ਦੱਸਿਆ ਕਿ ਉਹ (ਮਾਨ) ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨਾਲ ਪਟਿਆਲਾ ਵਿਖੇ ਮੁੱਖ ਮੰਤਰੀ ਨਿਵਾਸ (ਮੋਤੀ ਮਹਿਲ) ਮੂਹਰੇ ਅਤੇ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਮੀਤ ਹੇਅਰ ਮੋਹਾਲੀ ਵਿਖੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਕੋਠੀ ਮੂਹਰੇ ਰੋਸ ਪ੍ਰਦਰਸ਼ਨ ‘ਤੇ ਬੈਠਣਗੇ।
ਇਸ ਤੋਂ ਇਲਾਵਾ ਸਾਰੇ ਵਿਧਾਨ ਸਭਾ ਹਲਕਿਆਂ ਤੋਂ ਪਾਰਟੀ ਦੀਆਂ ਇਕਾਈਆਂ ਆਪਣੇ-ਆਪਣੇ ਵਿਧਾਇਕਾਂ ਜਾਂ ਸਥਾਨਕ ਆਗੂਆਂ ਨਾਲ ਸੰਬੰਧਿਤ ਐਸਡੀਐਮ ਜਾਂ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਮੂਹਰੇ ਰੋਸ ਪ੍ਰਦਰਸ਼ਨ ਕਰਨਗੇ ਅਤੇ ਮੰਗ ਪੱਤਰ ਸੌਂਪਣਗੇ।