ਚੰਡੀਗੜ੍ਹ – ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭਦੌੜ ਹਲਕੇ ਤੋਂ ਹਰਾ ਕੇ ਵਿਧਾਇਕ ਬਣੇ ਲਾਭ ਸਿੰਘ ਉੱਗੋਕੇ ਜਦੋਂ ਵਿਧਾਨ ਸਭਾ ‘ਚ ਆਪਣੀ ਕੁਰਸੀ ਤੋਂ ਉੱਠ ਕੇ ਹਲਫ਼ ਚੁੱਕਣ ਲਈ ਸਪੀਕਰ ਦੀ ਕੁਰਸੀ ਤੱਕ ਆਏ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਨਕਾਰਾਂ ਨੇ ਤਾੜੀਆਂ ਵਜਾ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ।
ਇਸ ਤੋਂ ਪਹਿਲੇ ਉੱਗੋਕੇ ਨੇ ਕਿਹਾ ਕਿ ਅੱਜ ਉਹ ਆਪਣੇ ਮਾਪਿਆਂ ਤੇ ਲੋਕਾਂ ਕਰਕੇ ਵਿਧਾਨ ਸਭਾ ਵਿੱਚ ਪਹੁੰਚ ਸਕੇ ਹਨ । ਉਨ੍ਹਾਂ ਕਿਹਾ ਕਿ ਵਿਧਾਨਸਭਾ ਆਉਣ ਤੋਂ ਪਹਿਲਾਂ ਸਵੇਰੇ ਆਪਣੀ ਮਾਤਾ ਦਾ ਅਸ਼ੀਰਵਾਦ ਲੈ ਕੇ ਇੱਥੇ ਆਇਆ ਹਾਂ ਤੇ ਮਾਂ ਨੇ ਕਿਹਾ ਪੁੱਤ ਉਲਾਂਭਾ ਨਹੀਂ ਆਉਣਾ ਚਾਹੀਦਾ । ਉੱਗੋਕੇ ਨੇ ਕਿਹਾ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਤੇ ਖਰਾ ਉਤਰਨ ਦਾ ਯਤਨ ਕਰਨਗੇ। ਉਹਨਾਂ ਕਿਹਾ ਕਿ ਪਹਿਲੀ ਵਾਰੀ ਵਿਧਾਨ ਸਭਾ ਵਿੱਚ ਵਿਧਾਇਕ ਬਣ ਕੇ ਪਹੁੰਚੇ ਹਨ।
ਰਵਾਇਤੀ ਪਾਰਟੀਆਂ ਤੋਂ ਦੁਖੀ ਆ ਕੇ ਇਸ ਵਿਧਾਨ ਸਭਾ ਚੋਣਾਂ ਚ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਨਾਮ ਫਤਵਾ ਦਿੱਤਾ ਹੈ।ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਲਕਾ ਚਮਕੌਰ ਸਾਹਿਬ ਤੇ ਹਲਕਾ ਭਦੌੜ ਸੀਟਾਂ ਤੋਂ ਚੋਣਾਂ ਲੜ ਰਹੇ ਸਨ ਤੇ ਲਾਭ ਸਿੰਘ ਉੱਗੋਕੇ ਨੇ 111 ਦਿਨਾਂ ਵਾਲੇ ਕਾਂਗਰਸ ਦੇ ਮੁੱਖ ਮੰਤਰੀ ਨੂੰ ਹਰਾ ਕੇ ਇੱਕ ਦੌਰ ਦੀ ਸੀਟ ਜਿੱਤੀ ਹੈ। ਉਗੋਕੇ ਇਕ ਬਹੁਤ ਹੀ ਸਾਧਾਰਨ ਪਰਿਵਾਰ ਤੋਂ ਹਨ ਤੇ ਉਹ ਪਹਿਲਾਂ ਮੋਬਾਈਲ ਰਿਪੇਅਰ ਦੀ ਦੁਕਾਨ ਤੇ ਕੰਮ ਕਰਦੇ ਸਨ।
ਇਸ ਵਾਰ ਵਿਧਾਨ ਸਭਾ ‘ਚ ਕਈ ਨਵੇਂ ਐਮਐਲਏ ਆਏ ਹਨ ਜੋ ਕਿ ਬਿਲਕੁਲ ਹੀ ਆਮ ਘਰਾਂ ਤੋਂ ਹਨ ਤੇ ਪਹਿਲਾਂ ਵੀ ਸਿਆਸਤ ਤੋਂ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਰਿਹਾ। ਪੰਜਾਬ ਦੀ ਸੋਲ੍ਹਵੀਂ ਵਿਧਾਨ ਸਭਾ ਵਧੇਰੇ ਰੰਗ ਬਰੰਗੀ ਵਖਾਈ ਦਿੱਤੀ। ਪਰ ਅਜੇ ਇਨ੍ਹਾਂ ਵਿਧਾਨਕਾਰਾਂ ਨੂੰ ਵਿਧਾਇਕ ਦੇ ਕੰਮਕਾਜ ਬਾਰੇ ਬਹੁਤ ਕੁਝ ਸਿੱਖਣਾ ਤੇ ਸਮਝਣਾ ਪਵੇਗਾ ਕਿਉਂਕਿ ਇਨ੍ਹਾਂ ਚੋਂ ਬਹੁਤੇ ਪਹਿਲੀ ਵਾਰ ਵਿਧਾਨ ਸਭਾ ਦੀਆਂ ਸੀਟਾਂ ਤੇ ਜਾ ਕੇ ਬੈਠੇ ਹਨ। ਆਮ ਆਦਮੀ ਦੇ ਬਣੇ ਆਮ ਵਿਧਾਨਕਾਰਾਂ ਦੇ ਸਿਰ ਤੇ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਕਿਸ ਤਰੀਕੇ ਪੰਜਾਬ ਦੇ ਮਸਲਿਆਂ ਦਾ ਹੱਲ ਕਰਨ ਵੱਲ ਆਪਣਾ ਹਿੱਸਾ ਪਾਉਂਦੇ ਹਨ। ਵਿਧਾਨ ਸਭਾ ਦਾ ਪਲੇਠੀ ਤਿੰਨ ਰੋਜ਼ਾ ਇਜਲਾਸ 22 ਮਾਰਚ ਤੱਕ ਹੈ।