ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;
ਚੰਡੀਗੜ ਦੇ ਮੇਅਰ ਦੀ ਚੋਣ ਵਿੱਚ ਲੱਗੇ ਗੜਬੜੀ ਦੇ ਦੋਸ਼ਾਂ ਦੀ ਗੂੰਜ ਹੁਣ ਚੰਡੀਗੜ ਤੋਂ ਲੈ ਕੇ ਦੇਸ਼ ਦੀ ਰਾਜਧਾਨੀ ਦਿੱਲੀ ਤੱਕ ਸੁਣਾਈ ਦੇ ਰਹੀ ਹੈ। ਅੱਜ ਆਪ ਦੇ ਸੁਪਰੀਮੋ ਅਤੇ ਦਿੱਲ਼ੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਪੰਜਾਬ , ਹਰਿਆਣਾ ਅਤੇ ਦਿੱਲੀ ਦੇ ਹਜਾਰਾਂ ਵਰਕਰਾਂ ਨੇ ਮੇਅਰ ਦੀ ਚੋਣ ਵਿਚ ਗੜਬੜ ਵਿਰੁੱਧ ਰੋਸ ਪ੍ਰਗਟਾਵਾ ਕੀਤਾ ਅਤੇ ਪੁਲੀਸ ਨਾਲ ਧੱਕਾਮੁੱਕੀ ਵੀ ਹੋਈ। ਆਪ ਦੇ ਹਮਾਇਤੀ ਭਾਜਪਾ ਉੱਪਰ ਵੋਟਾਂ ਵਿਚ ਗੜਬੜ ਕਰਨ ਦਾ ਰੋਸ ਪ੍ਰਗਟ ਕਰਦੇ ਹੋਏ ਭਾਜਪਾ ਦਫਤਰ ਦਾ ਘਿਰਾਉ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਦਿੱਲੀ ਪੁਲ਼ੀਸ ਨੇ ਉਨਾਂ ਨੂੰ ਰੋਕ ਲਿਆ।
ਚੇਤੇ ਰਹੇ ਕਿ ਚੰਡੀਗੜ ਦੇ ਮੇਅਰ ਦੀ ਚੋਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਉੱਤੇ 30 ਜਨਵਰੀ ਨੂੰ ਹੋਈ ਸੀ। ਚੋਣ ਅਧਿਕਾਰੀ ਵਲੋਂ ਐਲਾਨੇ ਨਤੀਜੇ ਅਨੁਸਾਰ ਭਾਜਪਾ ਦੇ ਮੇਅਰ ਲਈ ਉਮੀਦਵਾਰ ਨੂੰ ਸੋਲਾਂ ਵੋਟਾਂ ਪਈਆਂ ਜਦੋਂ ਕਿ ਇੰਡੀਆ ਗਠਜੋੜ ਦੀ ਧਿਰ ਦੇ ਉਮੀਦਵਾਰ ਨੂੰ ਬਾਰਾਂ ਵੋਟਾਂ ਮਿਲੀਆਂ ।ਚੋਣ ਅਧਿਕਾਰੀ ਅਨੁਸਾਰ ਅਠ ਵੋਟਾਂ ਸਹੀ ਢੰਗ ਨਾਲ ਨਾ ਪੈਣ ਕਾਰਨ ਰੱਦ ਹੋ ਗਈਆਂ ।ਇਸ ਤਰਾਂ ਭਾਜਪਾ ਦੇ ਉਮੀਦਵਾਰ ਨੂੰ ਜੇਤੂ ਐਲਾਨ ਦਿਤਾ । ਵੋਟਾਂ ਤੋਂ ਪਹਿਲਾਂ ਆਪ ਅਤੇ ਕਾਂਗਰਸ ਦੇ ਗਠਜੋੜ ਨੇ ਬੀਹ ਵੋਟਾਂ ਹੋਣ ਦਾ ਦਾਅਵਾ ਕੀਤਾ ਸੀ। ਇੰਡੀਆ ਗਠਜੋੜ ਦੇ ਆਗੂਆਂ ਨੇ ਦੋਸ਼ ਲਾਇਆ ਕਿ ਚੋਣ ਅਧਿਕਾਰੀ ਨੇ ਜਾਅਲੀ ਢੰਗ ਨਾਲ ਭਾਜਪਾ ਨੂੰ ਜਿਤਾਇਆ ਹੈ। ਉਸ ਉਪਰ ਗਠਜੋੜ ਦੀਆਂ ਵੋਟਾਂ ਜਾਣਬੁੱਝ ਕੇ ਰੱਦ ਕਰਨ ਦਾ ਦੋਸ਼ ਲੱਗਾ ਅਤੇ ਉਸ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ। ਆਪ ਦੇ ਆਗੂਆਂ ਦਾ ਕਹਿਣਾ ਹੈ ਕਿ ਇਸ ਹਾਲਤ ਵਿਚ ਲੋਕ ਸਭਾ ਚੋਣਾਂ ਦੀ ਨਿਰਪੱਖਤਾ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ।ਆਪ ਮੇਅਰ ਦੀ ਚੋਣ ਰੱਦ ਕਰਨ ਦੀ ਮੰਗ ਕਰ ਰਹੀ ਹੈ।
ਭਾਜਪਾ ਨੇ ਇੰਡੀਆ ਗਠਜੋੜ ਉੱਪਰ ਹਾਰ ਤੋਂ ਬੁਖਲਾ ਕੇ ਝੂਠ ਬੋਲਣ ਦਾ ਦੋਸ਼ ਲਾਇਆ।ਭਾਜਪਾ ਦਾ ਕਹਿਣਾ ਹੈ ਕਿ ਕਾਂਗਰਸ ਦੇ ਮੈਂਬਰਾਂ ਨੇ ਆਪ ਹਰਾਉਣ ਲਈ ਵੋਟ ਦਾ ਗਲਤ ਇਸਤੇਮਾਲ ਕੀਤਾ ਤਾਂ ਹੁਣ ਹਾਰਨ ਬਾਦ ਭਾਜਪਾ ਉੱਤੇ ਜਾਣ ਕੇ ਦੋਸ਼ ਲਗਾ ਰਹੇ ਹਨ।
ਆਪ ਦੇ ਆਗੂਆਂ ਨੇ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਚੋਣ ਅਧਿਕਾਰੀ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਪਰ ਅਦਾਲਤ ਨੇ ਫੈਸਲੇ ਉੱਪਰ ਰੋਕ ਲਾਉਣ ਵਰਗੀ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਬਾਦ ਆਪ ਨੇ ਸੁਪਰੀਮ ਕੋਰਟ ਵਿਚ ਰੋਕ ਲਈ ਅਰਜੀ ਲਾਈ ਹੈ। ਸੁਪਰੀਮ ਕੋਰਟ ਨੇ ਸੁਣਵਾਈ ਕਰਨੀ ਹੈ।
ਅਜ ਦਿੱਲੀ ਦੇ ਧਰਨੇ ਦਾ ਅਹਿਮ ਪਹਿਲੂ ਇਹ ਵੀ ਹੈ ਕਿ ਈਡੀ ਵਲੋਂ ਪੰਜਵਾਂ ਸੰਮਨ ਜਾਰੀ ਕਰਕੇ ਦਿੱਲੀ ਦੇ ਮੁੱਖ ਮੰਤਰੀ ਨੂੰ ਕਥਿਤ ਸ਼ਰਾਬ ਘੁਟਾਲੇ ਵਿਚ ਦੋ ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਕੇਜਰੀਵਾਲ ਨੇ ਇਸ ਵਾਰ ਵੀ ਕਿਹਾ ਕਿ ਸੰਮਨ ਗੈਰਕਾਨੂੰਨੀ ਹਨ ਅਤੇ ਉਹ ਪੇਸ਼ ਨਹੀਂ ਹੋਣਗੇ। ਮੁੱਖ ਮੰਤਰੀ ਮਾਨ ਨੇ ਵੀ ਦੋਸ਼ ਲਾਇਆ ਕਿ ਭਾਜਪਾ ਸਰਕਾਰ ਪਾਰਲੀਮੈਂਟ ਚੋਣ ਦੇ ਮੱਦੇਨਜਰ ਮੁੱਖ ਮੰਤਰੀ ਕੇਜਰੀਵਾਲ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਪਰ ਕੇਜਰੀਵਾਲ ਦੀ ਸੋਚ ਨੂੰ ਬੰਦ ਨਹੀਂ ਕੀਤਾ ਜਾ ਸਕਦਾ।
ਸੰਪਰਕਃ 9814002186