ਕਿਸਾਨਾਂ ਲਈ ਮੁੱਲਵਾਨ ਜਾਣਕਾਰੀ – ਫਰਵਰੀ ਮਹੀਨੇ ਵਿੱਚ ਸਰ੍ਹੋਂ ਵਿੱਚ ਤਣੇ ਦਾ ਗਲ਼ਣਾ ਅਤੇ ਚੇਪੇ ਦੀ ਰੋਕਥਾਮ

TeamGlobalPunjab
11 Min Read

-ਪ੍ਰਭਜੋਧ ਸਿੰਘ ਸੰਧੂ

ਸਰ੍ਹੋਂ ਵਿੱਚ ਤਣੇ ਦਾ ਗਲਣਾ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੇ ਵੇਲੇ ਸਿਰ ਨਾ ਰੋਕਿਆ ਜਾਵੇ ਤਾਂ ਖੇਤ ਵਿੱਚ ਹਰ ਸਾਲ ਇਸਦਾ ਵਾਧਾ ਹੁੰਦਾ ਰਹਿੰਦਾ ਹੈ ਅਤੇ ਅਜਿਹੇ ਖੇਤਾਂ ਚੋਂ ਪੂਰਾ ਝਾੜ ਨਹੀਂ ਮਿਲਦਾ। ਇਸੇ ਤਰਾਂ ਹੀ ਸਰੋ੍ਹਂ ਦੇ ਚੇਪੇ ਦਾ ਹਮਲਾ ਫਰਵਰੀ ਵਿੱਚ ਪੂਰੇ ਜ਼ੋਰਾਂ ਤੇ ਹੁੰਦਾ ਹੈ ਜਦੋਂ ਕੜਾਕੇ ਦੀ ਠੰਢ ਤੋਂ ਬਾਅਦ ਤਾਪਮਾਨ ਵਿੱਚ ਵਾਧਾ ਹੋਣ ਲੱਗਦਾ ਹੈ। ਇਸ ਲਈ ਸਰ੍ਹੋਂ ਤੋਂ ਪੂਰਾ ਝਾੜ ਲੈਣ ਲਈ ਫਰਵਰੀ ਦੇ ਮਹੀਨੇ ਪੌਦ ਸੁਰੱਖਿਆ ਬਹੁਤ ਜਰੂਰੀ ਹੈ।

ਤਣੇ ਦਾ ਗਲਣਾ: ਇਸ ਬਿਮਾਰੀ ਦਾ ਹਮਲਾ ਆਮ ਕਰਕੇ ਫਰਵਰੀ ਚ ਨਜ਼ਰ ਆਉਂਦਾ ਹੈ। ਗੰਭੀਰ ਹਾਲਤਾਂ ਵਿੱਚ ਇਹ ਬਿਮਾਰੀ 35 ਪ੍ਰਤੀਸ਼ਤ ਤੱਕ ਨੁਕਸਾਨ ਕਰ ਸਕਦੀ ਹੈ। ਇਸ ਦੇ ਹਮਲੇ ਦੀ ਸੂਰਤ ਵਿੱਚ ਤਣੇ ਉਪਰ ਗਲ਼ੇ ਹੋਏ ਲੰਬੂਤਰੇ ਧੱਬੇ ਬਣ ਜਾਂਦੇ ਹਨ ਜਿਨ੍ਹਾਂ ਉਪਰ ਚਿੱਟੇ ਰੰਗ ਦੀ ਉਲੀ ਜੰਮ ਜਾਂਦੀ ਹੈ। ਇਨਾਂ ਧੱਬਿਆਂ ਦੀ ਲੰਬਾਈ ਵਧਣੀ ਸ਼ੁਰੂ ਹੋ ਜਾਂਦੀ ਹੈ, ਪੌਦਾ ਮੁਰਝਾ ਜਾਂਦਾ ਹੈ ਅਤੇ ਤਣਾ ਗਲ਼ ਕੇ ਟੁੱਟ ਜਾਂਦਾ ਹੈ। ਅਖੀਰ ਪੂਰਾ ਪੌਦਾ ਸੁੱਕ ਜਾਂਦਾ ਹੈ।ਅਜਿਹੇ ਪੌਦੇ ਦੂਰੋਂ ਸਿੱਧੇ ਖੜੇ ਅਤੇ ਸੁੱਕੇ ਹੋਏ ਨਜ਼ਰ ਆਉਂਦੇ ਹਨ। ਤਣੇ ਦੇ ਅੰਦਰ ਬਿਮਾਰੀ ਦੇ ਕਾਲੇ ਰੰਗ ਦੇ ਬੀਜਾਣੂੰ ‘ਸਕਲੀਰੋਸ਼ੀਆ ਦਿਖਾਈ ਦਿੰਦੇ ਹਨ। ਇਹ ਬੀਜਾਣੂੰ ਫਸਲ ਦੀ ਕਟਾਈ ਵੇਲੇ ਬੀਜ ਵਿੱਚ ਵੀ ਰਲ ਜਾਂਦੇ ਹਨ ਜਾਂ ਜ਼ਮੀਨ ਤੇ ਡਿੱਗ ਜਾਂਦੇ ਹਨ ਅਤੇ ਜ਼ਮੀਨ ਵਿੱਚ ਕਈ ਸਾਲ ਜ਼ਿੰਦਾ ਪਏ ਰਹਿੰਦੇ ਹਨ। ਜਦੋਂ ਦੁਬਾਰਾ ਉਸੇ ਖੇਤ ਵਿੱਚ ਸਰ੍ਹੋਂ ਦੀ ਬਿਜਾਈ ਕੀਤੀ ਜਾਂਦੀ ਹੈ ਤਾਂ ਇਹ ਸਕਲੀਰੋਸ਼ੀਆ ਜਨਵਰੀ ਦੇ ਮਹੀਨੇ ਜੰਮਣੇ ਸ਼ੁਰੂ ਹੋ ਜਾਂਦੇ ਹਨ। ਆਮ ਕਰਕੇ ਦਸੰਬਰ ਦੇ ਅਖੀਰ ਵਿੱਚ ਜਦੋਂ ਫਸਲ ਨੂੰ ਪਾਣੀ ਲਗਾਇਆ ਜਾਂਦਾ ਹੈ ਤਾਂ ਜ਼ਮੀਨ ਵਿੱਚ ਕਾਫੀ ਦਿਨ ਸਿੱਲ ਬਣੀ ਰਹਿੰਦੀ ਹੈ। ਇਸ ਸਮੇਂ ਮੌਸਮ ਵਿੱਚ ਜਿਆਦਾ ਠੰਢ ਅਤੇ ਜਮੀਂਨ ਦੀ ਸਿੱਲ੍ਹ ਸਕਲੀਰੋਸ਼ੀਆ ਦੇ ਜੰਮਣ ਲਈ ਢੁਕਵੀਂ ਹੁੰਦੀ ਹੈ। ਸਕਲੀਰੋਸ਼ੀਆ ਦੇ ਜੰਮਣ ਨਾਲ ਜ਼ਮੀਨ ਵਿੱਚੋਂ ਬਹੁਤ ਛੋਟੀਆਂ-ਛੋਟੀਆਂ ਹਲਕੇ ਭੂਰੇ ਰੰਗ ਦੀਆਂ ਛਤਰੀਨੁਮਾ ਖੁੰਬਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਹ ਖੁੰਬਾਂ ਬਹੁਤ ਛੋਟੀਆਂ ਅਤੇ ਜ਼ਮੀਨ ਦੇ ਨਾਲ ਜੁੜੀਆਂ ਹੋਣ ਕਰਕੇ ਨਜ਼ਰ ਨਹੀਂ ਆਉਂਦੀਆਂ। ਇਹ ਪ੍ਰਕਿਰਿਆ ਅੱਧ ਜਨਵਰੀ ਤੋਂ ਲੈ ਕੇ ਫਰਵਰੀ ਦੇ ਪਹਿਲੇ ਹਫਤੇ ਤੱਕ ਚਲਦੀ ਰਹਿੰਦੀ ਹੈ। ਇਹ ਖੁੰਬਾਂ ਜੰਮਣ ਤੋਂ ਬਾਦ ਤਕਰੀਬਨ ਹਫਤੇ ਬਾਦ ਫਟਦੀਆਂ ਹਨ ਅਤੇ ਉਨ੍ਹਾਂ ਵਿੱਚੋਂ ਬਿਮਾਰੀ ਦੇ ਕਣ ਬੜੀ ਤੇਜ਼ੀ ਨਾਲ ਉਪਰ ਨੂੰ ਨਿੱਕਲਦੇ ਹਨ। ਇਹ ਕਣ ਤਕਰੀਬਨ 3-4 ਮੀਟਰ ਦੀ ਉਚਾਈ ਤੱਕ ਚਲੇ ਜਾਂਦੇ ਹਨ ਅਤੇ ਹਵਾ ਨਾਲ ਇਹ ਕਾਫੀ ਦੂਰ ਤੱਕ ਬਿਮਾਰੀ ਫੈਲਾ ਸਕਦੇ ਹਨ। ਜੋ ਕਣ ਪੱਤਿਆਂ ਅਤੇ ਫੁੱਲਾਂ ਤੇ ਡਿੱਗ ਪੈਂਦੇ ਹਨ, ਉਹ ਮੌਸਮ ਸਿੱਲ੍ਹਾ ਹੋਣ ਕਰਕੇ ਪੱਤਿਆਂ ਉਪਰਲੀ ਤਰੇਲ ਨਾਲ ਜੰਮਣੇ ਸ਼ੁਰੂ ਹੋ ਜਾਂਦੇ ਹਨ। ਫੁੱਲਾਂ ਉਤੇ ਡਿੱਗੇ ਹੋਏ ਇਹ ਕਣ ਬਿਮਾਰੀ ਵਧਣ ਦਾ ਮੁੱਖ ਕਾਰਣ ਬਣਦੇ ਹਨ, ਕਿਉਂਕਿ ਫੁੱਲਾਂ ਦਾ ਰਸ ਇਸ ਉਲੀ ਦੇ ਵਧਣ-ਫੁਲਣ ਵਿੱਚ ਸਹਾਇਤਾ ਕਰਦਾ ਹੈ। ਜਦੋਂ ਫੁੱਲਾਂ ਦੀਆਂ ਪੱਤੀਆਂ ਝੜਦੀਆਂ ਹਨ ਤਾਂ ਇਹ ਪੱਤਿਆਂ ਉਪਰ ਜਾਂ ਜਮੀਨ ਤੇ ਡਿੱਗ ਪੈਂਦੀਆਂ ਹਨ। ਇਹ ਉਲੀ ਪੱਤਿਆਂ ਉਪਰ ਚਿੱਟੇ ਉਲੀ ਵਾਲੇ ਧੱਬਿਆਂ ਦੇ ਰੂਪ ਵਿੱਚ ਵੇਖੀ ਜਾ ਸਕਦੀ ਹੈ। ਇਸੇ ਤਰਾਂ ਜ਼ਮੀਨ ਉਪਰ ਵੀ ਚਿੱਟੇ ਰੰਗ ਦੀ ਉਲੀ ਵੇਖੀ ਜਾ ਸਕਦੀ ਹੈ। ਪੱਤਿਆਂ ਉਪਰਲੀ ਉਲੀ ਵਧਦੀ ਹੋਈ ਤਣੇ ਤੱਕ ਪਹੁੰਚ ਜਾਂਦੀ ਹੈ ਅਤੇ ਤਣੇ ਦੇ ਗਲਣ ਦਾ ਕਾਰਣ ਬਣਦੀ ਹੈ। ਗਲ਼ੀ ਹੋਈ ਜਗਾ ਤੋਂ ਤਣੇ ਟੁੱਟ ਜਾਂਦੇ ਹਨ, ਜਿਸ ਕਾਰਨ ਫਲੀਆਂ ਵਿੱਚ ਪੂਰੇ ਬੀਜ ਨਹੀਂ ਬਣਦੇ। ਗਲ਼ੇ ਹੋਏ ਤਣਿਆਂ ਦੇ ਉਪਰ ਉਲੀ ਵਿੱਚੋਂ ਕਾਲੇ ਰੰਗ ਦੇ ਸਕਲੀਰੋਸ਼ੀਆ ਬਣ ਜਾਂਦੇ ਹਨ ਜੋ ਕਿ ਕਟਾਈ ਵੇਲੇ ਦੁਬਾਰਾ ਜਮੀਨ ਵਿੱਚ ਰਲ਼ ਜਾਂਦੇ ਹਨ। ਇਸ ਤਰਾਂ ਇਸ ਬਿਮਾਰੀ ਦਾ ਵਾਧਾ ਹਰ ਸਾਲ ਹੁੰਦਾ ਰਹਿੰਦਾ ਹੈ।

ਇਸ ਬਿਮਾਰੀ ਦੀ ਰੋਕਥਾਮ ਲਈ ਕਿਸੇ ਵੀ ਉਲੀਨਾਸ਼ਕ ਦੀ ਸਿਫਾਰਸ਼ ਨਹੀਂ ਕੀਤੀ ਗਈ, ਇਸ ਲਈ ਬਿਮਾਰੀ ਤੋਂ ਬਚਾਅ ਲਈ ਜਰੂਰੀ ਹੈ ਕਿ ਇਸ ਬਿਮਾਰੀ ਦੇ ਹਮਲੇ ਵਾਲੇ ਬੂਟੇ ਜੜ੍ਹਾਂ ਤੋਂ ਪੁੱਟ ਕੇ ਦਬਾਅ ਦਿੱਤੇ ਜਾਣ ਅਤੇ ਨਾਲ ਹੀ ਬਿਮਾਰੀ ਦੇ ਕਣਾਂ ਨੂੰ ਜੰਮਣ ਤੋਂ ਰੋਕਿਆ ਜਾਵੇ। ਅਜਿਹਾ ਕਰਨ ਲਈ ਜੇਕਰ 25 ਦਸੰਬਰ ਤੋਂ 15 ਜਨਵਰੀ ਤੱਕ ਖੇਤ ਨੂੰ ਪਾਣੀ ਨਾ ਲਾਇਆ ਜਾਵੇ ਤਾਂ ਉਲੀ ਦੀਆਂ ਖੁੰਬਾਂ ਦਾ ਜੰਮਣਾ ਕਾਫੀ ਘਟ ਜਾਂਦਾ ਹੈ ਅਤੇ ਬਿਮਾਰੀ ਨੁੰ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ ਹੈ। ਜੇਕਰ ਇਹ ਪ੍ਰਕਿਰਿਆ ਹਰ ਸਾਲ ਦੁਹਰਾਈ ਜਾਵੇ ਤਾਂ ਖੇਤ ਵਿੱਚ ਬਿਮਾਰੀ ਨੂੰ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ ਹੈ। ਹਰੀ ਖਾਦ ਦੀ ਵਰਤੋਂ ਵੀ ਇਸ ਬਿਮਾਰੀ ਨੂੰ ਘਟਾਉਣ ਵਿੱਚ ਸਹਾਈ ਹੁੰਦੀ ਹੈ। ਫਸਲੀ ਚੱਕਰ ਵਿੱਚ ਕੱਦੂ ਵਾਲਾ ਝੋਨਾ, ਜਵੀ ਅਤੇ ਮੱਕੀ ਦੀ ਕਾਸ਼ਤ ਵੀ ਇਸ ਬਿਮਾਰੀ ਨੁੰ ਘਟਾਉਂਦੀਆਂ ਹਨ। ਫਸਲ ਕੱਟਣ ਤੋਂ ਬਾਅਦ ਬਿਮਾਰੀ ਵਾਲੀ ਰਹਿੰਦ-ਖੂੰਹਦ ਨਸ਼ਟ ਕਰ ਦਿਉ।

- Advertisement -

ਸਰ੍ਹੋਂ ਦਾ ਚੇਪਾ: ਸਰੋ੍ਹਂ ਦਾ ਚੇਪਾ ਸਰੋਂ੍ਹ ਦਾ ਬਹੁਤ ਮਹੱਤਵਪੂਰਨ ਕੀੜਾ ਹੈ। ਜੇਕਰ ਵੇਲੇ ਸਿਰ ਇਸ ਦੀ ਰੋਕਥਾਮ ਨਾ ਕੀਤੀ ਜਾਵੇ ਤਾਂ ਇਹ ਪੂਰੀ ਫ਼ਸਲ ਨੂੰ ਤਬਾਹ ਕਰ ਸਕਦਾ ਹੈ। ਇਸਦਾ ਹਮਲਾ ਆਮ ਕਰਕੇ ਜਨਵਰੀ ਵਿੱਚ ਸ਼ੁਰੂ ਹੁੰਦਾ ਹੈ, ਪਰ ਫਰਵਰੀ ਦੇ ਮਹੀਨੇ ਤੋਂ ਮਾਰਚ ਤੱਕ ਇਹ ਫਸਲ ਤੇ ਵੱਧ ਨੁਕਸਾਨ ਕਰਦਾ ਹੈ ਇਸਦੇ ਬੱਚੇ ਅਤੇ ਬਾਲਗ ਦੋਵੇਂ ਹੀ ਬੂਟਿਆਂ ਦੀ ਸ਼ਾਖਾਵਾਂ, ਡੋਡੀਆਂ, ਫੁੱਲਾਂ, ਫਲੀਆਂ ਅਤੇ ਪੱਤਿਆਂ ਦਾ ਰਸ ਚੂਸ ਕੇ ਨੁਕਸਾਨ ਕਰਦੇ ਹਨ। ਸਿੱਟੇ ਵਜੋਂ ਪੱਤੇ ਪੀਲੇ ਪੈ ਜਾਂਦੇ ਹਨ, ਫੁੱਲ ਅਤੇ ਫਲੀਆਂ ਮੁਰਝਾਅ ਜਾਂਦੇ ਹਨ ਅਤੇ ਉਨ੍ਹਾਂ ਵਿੱਚ ਦਾਣੇ ਪੂਰੀ ਤਰਾਂ ਨਹੀਂ ਬਣਦੇ ਅਤੇ ਝਾੜ ਤੇ ਮਾੜਾ ਪ੍ਰਭਾਵ ਪੈਂਦਾ ਹੈ। ਜੇਕਰ ਇਸਦੀ ਵੇਲੇ ਸਿਰ ਰੋਕਥਾਮ ਨਾ ਕੀਤੀ ਜਾਵੇ ਤਾਂ ਇਹ ਪੂਰੀ ਫਸਲ ਨੂੰ ਬਰਬਾਦ ਕਰ ਸਕਦਾ ਹੈ।

ਇਹ ਆਮ ਵੇਖਣ ਨੂੰ ਆਉਂਦਾ ਹੈ ਕਿ ਇਸ ਕੀੜੇ ਦੇ ਖੇਤ ਦੇ ਇੱਕ ਹਿੱਸੇ ਵਿੱਚ ਨਜ਼ਰ ਆਉਣ ਸਾਰ ਹੀ ਕਿਸਾਨ ਵੀਰ ਲੋਕਲ ਡੀਲਰਾਂ ਦੀ ਸਲਾਹ ਨਾਲ ਕਈ ਤਰਾਂ ਦੇ ਕੀਟਨਾਸ਼ਕਾਂ ਦਾ ਛਿੜਕਾਅ ਕਰਨਾ ਸ਼ੁਰੂ ਕਰ ਦਿੰਦੇ ਹਨ, ਜਦਕਿ ਉਸ ਵੇਲੇ ਛਿੜਕਾਅ ਦੀ ਅਸਲ ਵਿੱਚ ਲੋੜ ਨਹੀਂ ਹੁੰਦੀ ਅਤੇ ਨਾਜਾਇਜ਼ ਹੀ ਖਰਚਾ ਕਰ ਬੈਠਦੇ ਹਨ। ਇਸ ਦੇ ਉਲਟ ਜੇਕਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਦੀ ਗੱਲ ਕਰੀਏ ਤਾਂ ਇਸ ਸਮੇਂ ਦੌਰਾਨ ਇਸ ਕੀੜੇ ਦੀ ਗਿਣਤੀ ਆਰਥਿਕ ਨੁਕਸਾਨ ਪੱਧਰ ਤੋਂ ਘੱਟ ਹੁੰਦੀ ਹੈ ਅਤੇ ਕਿਸੇ ਵੀ ਛਿੜਕਾਅ ਦੀ ਲੋੜ ਨਹੀਂ ਹੁੰਦੀ। ਇਸ ਤੋਂ ਇਲਾਵਾ ਇਹ ਵੀ ਵੇਖਣ ਵਿੱਚ ਆਇਆ ਹੈ ਕਿ ਕਿਸਾਨ ਵੀਰ ਮਿੱਤਰ ਕੀੜਿਆਂ ਖਾਸ ਕਰਕੇ ਲਾਲ ਭੂੰਡੀ (ਲੇਡੀ ਬਰਡ ਬੀਟਲ) ਦੇ ਬੱਚਿਆਂ, ਜੋ ਕਿ ਸਰੋ੍ਹਂ ਦੇ ਚੇਪੇ ਨੂੰ ਖਾ ਕੇ ਉਸਦੀ ਕੁਦਰਤੀ ਰੋਕਥਾਮ ਕਰਦੇ ਹਨ, ਨੂੰ ਹਾਨੀਕਾਰਕ ਕੀੜਾ ਸਮਝ ਕੇ ਕਈ ਤਰਾਂ ਦੇ ਕੀਟਨਾਸ਼ਕਾਂ ਦੇ ਛਿੜਕਾਅ ਕਰ ਦਿੰਦੇ ਹਨ। ਅਜਿਹਾ ਕਰਨ ਨਾਲ ਮਿੱਤਰ ਕੀੜੇ ਤਾਂ ਮਰਦੇ ਹੀ ਹਨ, ਕਈ ਵਾਰ ਗਲਤ ਦਵਾਈ ਦੇ ਛਿੜਕਾਅ ਨਾਲ ਫਸਲ ਦਾ ਨੁਕਸਾਨ ਅਤੇ ਵਾਧੂ ਖਰਚ ਵੀ ਹੁੰਦਾ ਹੈ। ਇਸ ਲਈ ਕੀੜੇ ਦੀ ਪਹਿਚਾਣ ਕਰਕੇ ਹੀ ਕੋਈ ਛਿੜਕਾਅ ਕਰਨਾ ਚਾਹੀਦਾ ਹੈ।

ਸਰੋ੍ਹਂ ਦੇ ਚੇਪੇ ਦੀ ਸੁਚੱਜੀ ਰੋਕਥਾਮ ਲਈ ਖੇਤ ਦਾ ਨਿਰੰਤਰ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ ਅਤੇ ਰੋਕਥਾਮ ਸੰਬੰਧੀ ਕੋਈ ਵੀ ਫੈਸਲਾ ਫਸਲ ਤੇ ਚੇਪੇ ਦੀ ਗਿਣਤੀ ਦੇ ਅਧਾਰ ਤੇ ਹੀ ਕਰਨਾ ਚਾਹੀਦਾ ਹੈ, ਨਾ ਕਿ ਖੇਤ ਦੇ ਇੱਕ ਪਾਸੇ ਕੁਝ ਕੁ ਬੂਟਿਆਂ ਤੇ ਚੇਪਾ ਵੇਖ ਕੇ ਛਿੜਕਾਅ ਕਰਨਾ ਚਾਹੀਦਾ ਹੈ। ਆਰਥਿਕ ਨੁਕਸਾਨ ਪੱਧਰ ਲਈ ਆਪਣੇ ਖੇਤ ਨੂੰ ਚਾਰ ਹਿੱਸਿਆਂ ਵਿੱਚ ਵੰਡ ਲਵੋ ਅਤੇ ਹਰੇਕ ਹਿੱਸੇ ਵਿੱਚੋਂ ਦੂਰ-ਦੂਰ ਫੈਲੇ ਹੋਏ 3-4 ਚਾਰ ਬੂਟਿਆਂ ਦੀ ਵਿਚਕਾਰਲੀ ਸ਼ਾਖ ਦੇ ਉਪਰਲੇ 10 ਸੈਂਟੀਮੀਟਰ ਹਿੱਸੇ ਤੇ ਚੇਪੇ ਦੀ ਗਿਣਤੀ ਕਰੋ, ਭਾਵ ਇੱਕ ਖੇਤ ਵਿੱਚੋਂ 12-16 ਬੂਟਿਆਂ ਤੇ ਚੇਪੇ ਦੀ ਗਿਣਤੀ ਕਰਨੀ ਹੈ। ਫਿਰ ਇਹਨਾਂ 12-16 ਬੂਟਿਆਂ ਤੇ ਚੇਪੇ ਦੀ ਗਿਣਤੀ ਦੀ ਔਸਤ ਕੱਢ ਲਵੋ। ਜੇਕਰ ਇਹ ਔਸਤ 50-60 ਚੇਪੇ ਪ੍ਰਤੀ ਬੂਟਾ ਜਾਂ ਇਸ ਤੋਂ ਵੱਧ ਆਉਂਦੀ ਹੈ ਤਾਂ ਹੀ ਸਾਨੂੰ ਚੇਪੇ ਦੀ ਰੋਕਥਾਮ ਕਰਨ ਦੀ ਲੋੜ ਹੈ। ਜੇਕਰ ਇਹ ਔਸਤ ਇਸ ਤੋਂ ਘੱਟ ਹੈ ਤਾਂ ਕੋਈ ਵੀ ਛਿੜਕਾਅ ਕਰਨ ਦੀ ਲੋੜ ਨਹੀਂ ਹੈ।

ਕਈ ਵਾਰ ਕੁਝ ਕਿਸਾਨ ਵੀਰ ਚੇਪੇ ਦਾ ਛੋਟਾ ਆਕਾਰ ਹੋਣ ਕਾਰਨ ਇਸਦੀ ਗਿਣਤੀ ਕਰਨ ਵਿੱਚ ਸੰਕੋਚ ਕਰਦੇ ਹਨ। ਅਜਿਹੀ ਹਾਲਤ ਵਿੱਚ ਜੇਕਰ ਬੂਟੇ ਦੀ ਵਿਚਕਾਲੀ ਸ਼ਾਖ ਦਾ ਉਪਰਲਾ 0.5 ਤੋਂ 1.0 ਸੈਂਟੀਮੀਟਰ ਹਿੱਸਾ ਪੂਰੇ ਦਾ ਪੂਰਾ ਚੇਪੇ ਨਾਲ ਢੱਕਿਆ ਹੋਵੇ ਤਾਂ ਰੋਕਥਾਮ ਦੇ ਉਪਰਾਲੇ ਕਰਨੇ ਚਾਹੀਦੇ ਹਨ। ਚੇਪੇ ਦੀ ਰੋਕਥਾਮ ਲਈ ਫਸਲ ਤੇ ਐਕਟਾਰਾ 25 ਡਬਲਯੂ ਜੀ (ਥਾਇਆਮੈਥੋਕਸਮ) 40 ਗ੍ਰਾਮ ਜਾਂ ਰੋਗਰ 30 ਈ ਸੀ (ਡਾਈਮੈਥੋਏਟ) 400 ਮਿਲੀਲਿਟਰ ਜਾਂ ਏਕਾਲਕਸ 25 ਈ ਸੀ (ਕੁਇਨਲਫਾਸ) 400 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ। ਜੇਕਰ 15 ਦਿਨਾਂ ਬਾਦ ਫਿਰ ਛਿੜਕਾਅ ਕਰਨਾ ਪਵੇ ਤਾਂ ਦਵਾਈ ਬਦਲ ਕੇ ਛਿੜਕਾਅ ਕਰਨਾ ਚਾਹੀਦਾ ਹੈ ਅਤੇ ਵਾਰ-ਵਾਰ ਇਕ ਹੀ ਦਵਾਈ ਦੇ ਛਿੜਕਾਅ ਤੋਂ ਸੰਕੋਚ ਕਰਨਾ ਚਾਹੀਦਾ ਹੈ। ਛਿੜਕਕਾਅ ਹਮੇਸ਼ ਸ਼ਾਮ ਨੂੰ ਹੀ ਕਰਨਾ ਚਾਹੀਦਾ ਹੈ ਕਿਉੁਂਕਿ ਇਸ ਵੇਲੇ ਮਧੂਮੱਖੀਆਂ ਅਤੇ ਹੋਰ ਪਰ ਪਰਾਗਣ ਕਰਨ ਵਾਲੇ ਕੀੜੇ ਘੱਟ ਹਰਕਤ ਵਿੱਚ ਹੁੰਦੇ ਹਨ।
ਜ਼ਰੂਰੀ ਨੁਕਤੇ :
ਬਿਜਾਈ ਲਈ ਹਮੇਸ਼ਾਂ ਤੰਦਰੁਸਤ ਬੀਜ ਹੀ ਚੁਣੋ ।
ਬਿਜਾਈ ਸਮੇਂ ਸਿਰ ਕਰੋ (ਅਕਤੂਬਰ ਦੇ ਪਹਿਲੇ ਪੰਦਰਵਾੜੇ) ਤਾਂ ਕਿ ਬਿਮਾਰੀਆਂ ਤੋਂ ਬਚਾਅ ਰਹੇ।
ਖਾਦਾਂ ਸਿਫ਼ਾਰਿਸ਼ ਅਨੁਸਾਰ ਹੀ ਪਾਉ ਅਤੇ ਗੰਧਕ ਤੱਤ ਲਈ ਸਿੰਗਲ ਸੁਪਰ ਫਾਸਫੇਟ ਨੂੰ ਤਰਜੀਹ ਦਿਉ।
ਖੇਤ ਦਾ ਆਲਾ-ਦੁਆਲਾ ਨਦੀਨਾਂ ਅਤੇ ਰਹਿੰਦ-ਖੂੰਹਦ ਤੋਂ ਸਾਫ ਰੱਖੋ ਕਿਉਂਕਿ ਇਥੋਂ ਹੀ ਬਿਮਾਰੀਆਂ ਫੈਲਦੀਆਂ ਹਨ।
ਛਿੜਕਾਅ ਦੁਪਹਿਰ ਤੋਂ ਬਾਦ ਹੀ ਕਰੋ ਤਾਂਕਿ ਪਰਾਗਣ ਕਿਰਿਆ ਕਰਨ ਵਾਲੇ ਕੀੜੇ-ਮਕੌੜੇ ਬਚੇ ਰਹਿਣ।
ਹਮੇਸ਼ਾ ਸਿਫਾਰਸ਼ ਕੀਤੀਆਂ ਦਵਾਈਆਂ ਸਹੀ ਮਾਤਰਾ ਵਿੱਚ ਹੀ ਵਰਤੋਂ ਅਤੇ ਡੀਲਰਾਂ ਦੀ ਸਲਾਹ ਨਾਲ ਦਵਾਈ ਦਾ ਛਿੜਕਾਅ ਨਾ ਕਰੋ।
ਇੱਕ ਹੀ ਦਵਾਈ ਦਾ ਛਿੜਕਾਅ ਵਾਰ-ਵਾਰ ਨਹੀਂ ਕਰਨਾ ਚਾਹੀਦਾ। ਦਵਾਈ ਬਦਲ ਕੇ ਛਿੜਕਾਅ ਕਰਨ ਨਾਲ ਚੇਪੇ ਵਿੱਚ ਕੀਟਨਾਸ਼ਕਾਂ ਪ੍ਰਤੀ ਸਹਿਣਸ਼ੀਲਤਾ ਨਹੀਂ ਪੈਦਾ ਹੁੰਦੀ। ਜੇਕਰ ਫ਼ਰਵਰੀ-ਮਾਰਚ ਵਿੱਚ ਮਿੱਤਰ ਕੀੜੇ, ਜਿਵੇਂ ਕਿ ਲਾਲ ਭੂੰਡੀ, ਗਰੀਨ ਲੇਸ ਵਿੰਗ ਕੀੜਾ, ਸਿਰਫਿਡ ਮੱਖੀ ਆਦਿ ਜ਼ਿਆਦਾ ਗਿਣਤੀ ਚ ਹੋਣ ਤਾਂ ਛਿੜਕਾਅ ਜਿੱਥੋਂ ਤੱਕ ਹੋ ਸਕੇ ਨਹੀਂ ਕਰਨਾ ਚਾਹੀਦਾ। ਖੇਤ ਵਿੱਚੋਂ ਕੁਝ ਇਕੋ ਜਿਹੇ ਅਤੇ ਤੰਦਰੁਸਤ ਬੂਟੇ ਚੁਣੋ ਅਤੇ ਵੱਖਰੇ ਝਾੜ ਲਉ ਤਾਂ ਕਿ ਨਰੋਆ ਬੀਜ ਮਿਲ ਸਕੇ।

ਸੰਪਰਕ: 09855519676

- Advertisement -
Share this Article
Leave a comment