‘ਆਪ ਸਰਕਾਰ ਬਿਜਲੀ ਦੀਆਂ 300 ਯੂਨਿਟਾਂ ਮੁਫ਼ਤ ਦੇਣ ਦਾ ਜਲਦੀ ਪੂਰਾ ਕਰੇਗੀ ਚੋਣਾਵੀ ਵਾਅਦਾ’

TeamGlobalPunjab
2 Min Read

ਚੰਡੀਗੜ੍ਹ: ‘ਆਪ’ ਸਰਕਾਰ ਬਿਜਲੀ ਦੀਆਂ 300 ਯੂਨਿਟਾਂ ਮੁਫ਼ਤ ਦੇਣ ਦਾ ਚੋਣਾਵੀ ਵਾਅਦਾ ਜਲਦੀ ਪੂਰਾ ਕਰੇਗੀ ਅਤੇ 300 ਯੂਨਿਟਾਂ ਤੋਂ ਵੱਧ ਬਿਜਲੀ ਦੀ ਵਰਤੋਂ ਕਰਨ ’ਤੇ ਵਾਧੂ ਖਰਚੇ ਵੀ ਨਹੀਂ ਵਸੂਲੇ ਜਾਣਗੇ। ਇਸ ਸਬੰਧੀ ਡਾ. ਸੰਨੀ ਆਹਲੂਵਾਲੀਆ ਨੇ ਕਿਹਾ ਕਿ ਪੰਜਾਬ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਲਗਾਤਾਰ ਲੋਕਾਂ ਦੇ ਹਿੱਤ ਵਿੱਚ ਫ਼ੈਸਲੇ ਲੈ ਰਹੀ ਹੈ। ਪੰਜਾਬ ਸਰਕਾਰ ਵੱਲੋਂ ਅਗਲੇ ਵਿੱਤੀ ਸਾਲ ਲਈ ਬਿਜਲੀ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਾ ਕਰਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ।

ਪਾਰਟੀ ਦੇ ਬੁਲਾਰੇ ਡਾ. ਸੰਨੀ ਆਹਲੂਵਾਲੀਆ ਨੇ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨੂੰ ਲੋਕ ਹਿਤੈਸ਼ੀ ਸਰਕਾਰ ਹੋਣ ਦਾ ਸਬੂਤ ਅਤੇ ਸਮਰਥਕ ਦੱਸਦਿਆਂ ਕਿਹਾ ਕਿ ਪੰਜਾਬ ’ਚ ਬਿਜਲੀ ਦੇ ਦਿੱਤੀਆਂ ਜਾਂਦੀਆਂ ਸਾਰੀਆਂ ਸਬਸਿਡੀਆਂ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਹਿਣਗੀਆਂ।

ਡਾ. ਆਹਲੂਵਾਲੀਆ ਨੇ ਕਿਹਾ ਕਿ ‘ਆਪ’ ਸਰਕਾਰ ਪੰਜਾਬ ਦੀ ਪਹਿਲੀ ਅਜਿਹੀ ਸਰਕਾਰ ਹੈ ਜਿਸ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਲੋਕਾਂ ’ਤੇ ਕੋਈ ਵਿੱਤੀ ਭਾਰ ਨਹੀਂ ਪਾਇਆ, ਸਗੋਂ ਬਿਜਲੀ ਦੀਆਂ ਪੁਰਾਣੀਆਂ ਕੀਮਤਾਂ ਹੀ ਚਾਲੂ ਰੱਖੀਆਂ ਹਨ। ਉਨ੍ਹਾਂ ਕਿਹਾ ਕਿ ਨਿਸ਼ਚਿਤ ਸੀਮਾਂ ਤੋਂ ਜ਼ਿਆਦਾ ਬਿਜਲੀ ਖਪਤ ਹੋਣ ’ਤੇ ਊਰਜਾ ਚਾਰਜ ਘੱਟ ਕਰਨ ਅਤੇ 4.86 ਰੁਪਏ ਪ੍ਰਤੀ ਕਿਲੋਵਾਟ ਲਈ ਵਿਸ਼ੇਸ਼ ਨਾਇਟ ਟੈਰਿਫ਼ ਨੂੰ ਜਾਰੀ ਰੱਖਣ ਦਾ ਸਰਕਾਰ ਵੱਲੋਂ ਕੀਤਾ ਫ਼ੈਸਲਾ ਇੱਕ ਹੋਰ ਪ੍ਰਸੰਸਾਯੋਗ ਹੈ। ਸੂਬੇ ’ਚ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਦੇ ਆਪਣੇ ਵਾਅਦੇ ਨੂੰ ਨਿਭਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ੇਸ਼ ਦਰਾਂ ਅਨੁਸਾਰ ਬਿਜਲੀ ਦੀ ਵਰਤੋਂ ਦਾ ਸਮਾਂ ਰਾਤ 10 ਵਜੇ ਤੋਂ ਸਵੇਰੇ 6 ਵਜੇ ਦੀ ਥਾਂ ਹੁਣ ਚਾਰ ਘੰਟੇ ਵਧਾ ਕੇ ਸਵੇਰੇ 10 ਵਜੇ ਤੱਕ ਦਾ ਕਰ ਦਿੱਤਾ ਹੈ। ਜਿਸ ਨਾਲ ਸੂਬੇ ’ਚ ਉਦਯੋਗਾਂ ਦਾ ਪਹੀਆ ਹੋਰ ਅੱਗੇ ਚੱਲੇਗਾ।

Share this Article
Leave a comment