ਡਰੋਨਾਂ ਰਾਹੀਂ ਹਥਿਆਰਾਂ ਤੇ ਹੈਰੋਇਨ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

Rajneet Kaur
3 Min Read

ਜਲੰਧਰ : ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸੀਆਈਏ ਸਟਾਫ ਦੀ ਪੁਲਿਸ ਨੇ ਡਰੋਨਾਂ ਰਾਹੀਂ ਗੈਰ-ਕਾਨੂੰਨੀ ਹਥਿਆਰਾਂ ਅਤੇ ਹੈਰੋਇਨ ਦੀ ਸਰਹੱਦ ਪਾਰ ਤੋਂ ਤਸਕਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਬਦਨਾਮ ਗੈਂਗਸਟਰ ਅਤੇ ਅੱਤਵਾਦੀ ਲਖਬੀਰ ਸਿੰਘ ਲੰਡਾ ਦੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਖਤਮ ਕਰਨ ਦੀ ਯੋਜਨਾ ਬਣਾ ਰਹੇ ਚਾਰ ਗੈਂਗਸਟਰਾ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।  ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਕੁਮਾਰ ਨੂੰ ਸੂਹ ਮਿਲੀ ਸੀ ਕਿ ਸ਼ਹਿਰ ਦੇ ਆਸ-ਪਾਸ ਹਥਿਆਰਾਂ ਦੀ ਤਸਕਰੀ ਕਰਨ ਵਾਲਾ ਇੱਕ ਗਿਰੋਹ ਸਰਗਰਮ ਹੈ।

ਇਸ ਤੋਂ ਬਾਅਦ ਪੁਲਿਸ ਨੇ ਜਾਲ ਵਿਛਾ ਕੇ ਜਸਪ੍ਰੀਤ ਸਿੰਘ ਉਰਫ ਜੱਸਾ ਵਾਸੀ ਹਰੀਕੇ ਨੇੜੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਤਰਨਤਾਰਨ ਨੂੰ ਵੇਰਕਾ ਮਿਲਕ ਪਲਾਂਟ ਤੋਂ ਕਾਬੂ ਕਰ ਲਿਆ। ੳਨਾ ਦੱਸਿਆ ਕਿ ਥਾਣਾ ਡਿਵੀਜ਼ਨ 1 ਜਲੰਧਰ ਵਿਖੇ ਅਸਲਾ ਐਕਟ ਅਧੀਨ ਮਾਮਲਾ ਦਰਜ ਕਰਕੇ ਗੈਂਗਸਟਰ ਕੋਲੋਂ ਪੁੱਛਗਿੱਛ ਲਈ ਪੁਲਿਸ ਰਿਮਾਂਡ ਲਿਆ ਗਿਆ। ਜਸਪ੍ਰੀਤ ਸਿੰਘ ਉਰਫ਼ ਜੱਸਾ ਨੇ ਖੁਲਾਸਾ ਕੀਤਾ ਕਿ ਉਸ ਦੇ ਪਾਕਿਸਤਾਨ ਸਥਿਤ ਹਥਿਆਰਬੰਦ ਸਮੱਗਲਰਾਂ ਨਾਲ ਡੂੰਘੇ ਸਬੰਧ ਹਨ ਜਿਨ੍ਹਾਂ ਰਾਹੀਂ ਉਸ ਨੇ ਪਾਕਿਸਤਾਨ ਦੇ ਸੂਤਰਾਂ ਰਾਹੀਂ ਡਰੋਨਾਂ ਦੀ ਵਰਤੋਂ ਕਰਕੇ ਪਿਸਤੌਲਾਂ ਅਤੇ ਹੈਰੋਇਨ ਦੀ ਖਰੀਦ ਕੀਤੀ ਸੀ ਅਤੇ ਹੁਣ ਤੱਕ ਸੂਬੇ ਵਿੱਚ ਅਜਿਹੀਆਂ ਛੇ ਖੇਪਾਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਜੱਸਾ ਦੀ ਕੈਨੇਡਾ ਸਥਿਤ ਗੈਂਗਸਟਰ ਕਮ ਅੱਤਵਾਦੀ ਲਖਬੀਰ ਸਿੰਘ ਲੰਡਾ ਨਾਲ ਪੁਰਾਣੀ ਦੁਸ਼ਮਣੀ ਚੱਲ ਰਹੀ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਰੰਜਿਸ਼ ਦੀ ਜੜ੍ਹ ਸੂਬੇ ਦੇ ਹਰੀਕੇ ਪੱਤਣ ਇਲਾਕੇ ਵਿੱਚ ਮੱਛੀ ਫੜਨ ਦਾ ਠੇਕਾ ਸੀ ਅਤੇ ਹਾਲ ਹੀ ਵਿੱਚ ਜੱਸਾ ਦੇ ਚਚੇਰੇ ਭਰਾ ਸੁਖਪ੍ਰੀਤ ਸਿੰਘ ਨੂੰ ਲੰਡਾ ਗੈਂਗ ਵੱਲੋਂ ਮਾਰ ਦਿੱਤਾ ਗਿਆ ਸੀ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜੱਸਾ ਦੇ ਖਿਲਾਫ ਐਨਡੀਪੀਐਸ, ਆਰਮਜ਼ ਐਕਟ ਅਤੇ ਹੋਰ ਧਾਰਾਵਾਂ ਤਹਿਤ 17 ਐਫਆਈਆਰ ਪੈਂਡਿੰਗ ਹਨ ਅਤੇ ਨਵੀਂ ਖੇਪ ਰਾਹੀਂ ਉਸ ਨੇ ਲੰਡਾ ਗਰੋਹ ਦੇ ਤਿੰਨ ਮੁੱਖ ਸਾਥੀਆਂ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੇ ਆਧਾਰ ‘ਤੇ ਪੁਲਿਸ ਨੇ ਤਿੰਨ ਹੋਰ ਦੋਸ਼ੀਆਂ ਨੂੰ ਤਿੰਨ ਪਿਸਤੌਲਾਂ ਸਮੇਤ 14 ਰੌਂਦ ਸਮੇਤ ਕਾਬੂ ਕੀਤਾ ਹੈ ਜਿਨ੍ਹਾਂ ਦੀ ਪਛਾਣ ਭਗਵੰਤ ਸਿੰਘ ਵਾਸੀ ਪਿੰਡ ਪੰਗੇਟਾ ਤਰਨਤਾਰਨ, ਗੁਰਜੰਟ ਸਿੰਘ ਉਰਫ਼ ਅੰਮ੍ਰਿਤ ਵਾਸੀ ਪਿੰਡ ਵੈਪੁਰੀ ਤਰਨਤਾਰਨ ਅਤੇ ਲਵਪ੍ਰੀਤ ਸਿੰਘ ਉਰਫ਼ ਲਵ ਵਜੋਂ ਹੋਈ ਹੈ। ਭਗਵੰਤ ਸਿੰਘ ਨੂੰ ਕਪੂਰਥਲਾ ਚੌਕ ਤੋਂ, ਗੁਰਜੰਟ ਸਿੰਘ ਨੂੰ ਮਕਸੂਦਾਂ ਬਾਈਪਾਸ ਤੋਂ ਅਤੇ ਲਵਪ੍ਰੀਤ ਸਿੰਘ ਨੂੰ ਵੇਰਕਾ ਮਿਲਕ ਪਲਾਂਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਸਪ੍ਰੀਤ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਆਰਮਜ਼ ਐਕਟ, ਏਅਰਕ੍ਰਾਫਟ ਐਕਟ, ਐਨਡੀਪੀਐਸ ਅਤੇ ਹੋਰ ਦੀਆਂ ਗੰਭੀਰ ਧਾਰਾਵਾਂ ਤਹਿਤ ਅੱਠ ਐਫਆਈਆਰਜ਼ ਪੈਂਡਿੰਗ ਹਨ ਜਦਕਿ ਬਾਕੀ ਤਿੰਨਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਕੋਲੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਉਮੀਦ ਹੈ ਕਿ ਕਈ ਹੋਰ ਖੁਲਾਸੇ ਹੋਣਗੇ।

 

- Advertisement -

Share this Article
Leave a comment