ਨਾਨ-ਵੈਜ ਟਿਫਿਨ ਲਿਆਉਣ ‘ਤੇ ਬੱਚੇ ਨੂੰ ਸਕੂਲ ‘ਚੋਂ ਕੱਢਿਆ, ਹਾਈਕੋਰਟ ਨੇ ਸੁਣਾਇਆ ਇਹ ਫੈਸਲਾ

Global Team
3 Min Read

ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਅਮਰੋਹਾ ਦਾ ਇੱਕ ਮਾਮਲਾ ਪਿਛਲੇ ਕਈ ਦਿਨਾਂ ਤੋਂ ਚਰਚਾ ਵਿੱਚ ਹੈ। ਹੁਣ ਇਸ ਮਾਮਲੇ ‘ਚ ਇਲਾਹਾਬਾਦ ਹਾਈਕੋਰਟ ਨੇ ਆਪਣਾ ਫੈਸਲਾ ਸੁਣਾਇਆ ਹੈ। ਇਲਾਹਾਬਾਦ ਹਾਈ ਕੋਰਟ ਨੇ ਅਮਰੋਹਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਹੁਕਮ ਦਿੱਤਾ ਹੈ ਕਿ ਟਿਫ਼ਨ ਵਿੱਚ ਮਾਸਾਹਾਰੀ ਭੋਜਨ ਲਿਆਉਣ ਕਾਰਨ ਸਕੂਲ ਵਿੱਚੋਂ ਕੱਢੇ ਗਏ ਨਾਬਾਲਗ ਵਿਦਿਆਰਥੀਆਂ ਲਈ ਦੋ ਹਫ਼ਤਿਆਂ ਦੇ ਅੰਦਰ ਕਿਸੇ ਹੋਰ ਸਕੂਲ ਵਿੱਚ ਦਾਖ਼ਲੇ ਦਾ ਪ੍ਰਬੰਧ ਕੀਤਾ ਜਾਵੇ। ਅਦਾਲਤ ਨੇ ਜ਼ਿਲ੍ਹਾ ਮੈਜਿਸਟਰੇਟ ਨੂੰ ਇਸ ਹੁਕਮ ਦੀ ਪਾਲਣਾ ਯਕੀਨੀ ਬਣਾਉਣ ਲਈ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ ਹੈ।

ਦਸ ਦਈਏ ਕਿ ਯੂਪੀ ਦੇ ਅਮਰੋਹਾ ਵਿੱਚ  ਪ੍ਰਾਈਵੇਟ ਸਕੂਲ ‘ਚ ਨਾਨ-ਵੈਜ ਟਿਫਿਨ (ਖਾਣਾ) ਲਿਆਉਣ ‘ਤੇ ਮੁਸਲਿਮ ਲੜਕੇ ਨੂੰ ਸਕੂਲ ਤੋਂ ਮੁਅੱਤਲ ਕਰ ਦਿਤਾ ਗਿਆ ਸੀ। ਦਰਅਸਲ, ਸਕੂਲ ਦੇ ਪ੍ਰਿੰਸੀਪਲ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਉਹ ਬੱਚੇ ਦੀ ਮਾਂ ਨੂੰ ਕਹਿੰਦਾ ਹੈ ਕਿ ਅਸੀਂ ਅਜਿਹੇ ਬੱਚਿਆਂ ਨੂੰ ਸਿੱਖਿਆ ਨਹੀਂ ਦੇ ਸਕਦੇ ਜੋ ਵੱਡੇ ਹੋ ਕੇ ਸਾਡੇ ਮੰਦਿਰਾਂ ਨੂੰ ਤੋੜਦੇ ਹਨ।

ਦਰਅਸਲ ਇਹ ਹੁਕਮ ਤਿੰਨ ਬੱਚਿਆਂ ਦੀ ਮਾਂ ਸਭਰਾ ਦੀ ਪਟੀਸ਼ਨ ‘ਤੇ ਦਿੱਤਾ ਗਿਆ ਸੀ। ਇੱਕ ਰਿਪੋਰਟ ਅਨੁਸਾਰ ਬੱਚਿਆਂ ਦੀ ਮਾਂ ਨੇ ਆਪਣੀ ਪਟੀਸ਼ਨ ਵਿੱਚ ਸਕੂਲ ਪ੍ਰਿੰਸੀਪਲ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੇ ਬੱਚਿਆਂ ਨੂੰ ਗਲਤ ਤਰੀਕੇ ਨਾਲ ਸਕੂਲੋਂ ਕੱਢ ਦਿੱਤਾ ਗਿਆ ਹੈ। ਇਸ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਜਸਟਿਸ ਸਿਧਾਰਥ ਅਤੇ ਜਸਟਿਸ ਐਸਸੀ ਸ਼ਰਮਾ ਦੀ ਬੈਂਚ ਨੇ ਇਹ ਫੈਸਲਾ ਦਿੱਤਾ। ਪਟੀਸ਼ਨਰ ਨੇ ਇਹ ਵੀ ਮੰਗ ਕੀਤੀ ਕਿ ਬੱਚਿਆਂ ਦੇ ਵਿਦਿਅਕ ਨੁਕਸਾਨ ਦੀ ਭਰਪਾਈ ਲਈ ਸੂਬਾ ਸਰਕਾਰ ਨੂੰ ਮੁਆਵਜ਼ਾ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਸਕੂਲ ਪ੍ਰਿੰਸੀਪਲ ਦੀ ਕਥਿਤ ਕਾਰਵਾਈ ਨੇ ਬੱਚਿਆਂ ਦੀ ਪੜ੍ਹਾਈ ਵਿੱਚ ਰੁਕਾਵਟ ਪਾਈ ਹੈ। ਇੰਨਾ ਹੀ ਨਹੀਂ, ਸਭਰਾ ਦੇ ਅਨੁਸਾਰ, ਉਸਦਾ ਬੇਟਾ ਤੀਜੀ ਜਮਾਤ ਵਿੱਚ ਪੜ੍ਹਦਾ ਸੀ ਅਤੇ ਸਤੰਬਰ 2024 ਵਿੱਚ ਉਸਨੂੰ ਉਸਦੇ ਦੋ ਭੈਣਾਂ-ਭਰਾਵਾਂ ਸਮੇਤ ਸਕੂਲ ਤੋਂ ਕੱਢ ਦਿੱਤਾ ਗਿਆ ਸੀ। ਇਹ ਸਕੂਲ ਸੀਬੀਐਸਈ ਨਾਲ ਮਾਨਤਾ ਪ੍ਰਾਪਤ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment