ਵਿਦੇਸ਼ਾਂ ‘ਚ ਭਾਰਤ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਕੇਸ ਦਰਜ

global11
3 Min Read

ਸਿੱਖ ਪ੍ਰੋਟੈਸਟ USA: ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਨੂੰ ਲੈ ਕਿ ਜਿੱਥੇ ਪੰਜਾਬ ਪੁਲਿਸ ਵੱਲੋਂ ਅਮ੍ਰਿਤਪਾਲ ਸਿੰਘ ਤੇ ਉਸ ਸਾਥੀਆਂ ਨੂੰ ਥਾਂ -ਥਾਂ ਤੋਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਓਥੇ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦਾ ਐਲਾਨ ਵੀ ਕੀਤਾ ਹੈ। ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਪੰਜਾਬ ਦੀਆਂ ਵੱਖ -ਵੱਖ ਜਥੇਬੰਦੀਆਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਦੇ ਵਿਰੁੱਧ ਪੁਲਿਸ ਵੱਲੋਂ ਲਏ ਗਏ ਇਸ ਐਕਸ਼ਨ ਤੇ ਵਿਦੇਸ਼ਾਂ ਵਿੱਚ ਵੀ ਰੋਸ ਪ੍ਰਗਟਾਇਆ ਜਾ ਰਿਹਾ ਹੈ। ਇਸ ਐਕਸ਼ਨ ਤੇ ਵਿਦੇਸ਼ਾਂ ਵਿੱਚ ਸਿੱਖਾਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਮਗਰੋਂ ਪ੍ਰਦਰਸ਼ਨਕਾਰੀਆਂ ਖਿਲਾਫ ਦਿੱਲੀ ਵਿੱਚ ਕੇਸ ਦਰਜ ਹੋ ਰਹੇ ਹਨ।
ਇਸ ਬਾਰੇ ਸੁਪਰੀਮ ਕੋਰਟ ਦੇ ਵਕੀਲ ਵਿਨੀਤ ਜਿੰਦਲ ਨੇ ਵਾਸ਼ਿੰਗਟਨ ਵਿੱਚ ਭਾਰਤੀ ਦੂਤਘਰ ਸਾਹਮਣੇ ਪ੍ਰਦਰਸ਼ਨ ਕਰ ਰਹੇ ਖਾਲਿਸਤਾਨੀ ਸਮਰਥਕਾਂ ਖਿਲਾਫ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕੇਸ ਦਰਜ ਕਰਕੇ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਪ੍ਰਦਰਸ਼ਨਕਾਰੀਆਂ ਦੇ ਪਾਸਪੋਰਟ ਵੀ ਰੱਦ ਕੀਤੇ ਜਾਣ।
ਮਿਲੀ ਜਾਣਕਾਰੀ ਅਨੁਸਾਰ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਅਮਰੀਕਾ ਵਿੱਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਤੇ ਵਾਸ਼ਿੰਗਟਨ ਵਿੱਚ ਭਾਰਤੀ ਦੂਤਾਵਾਸ ਦੇ ਸਟਾਫ਼ ਨੂੰ ਧਮਕੀਆਂ ਦਿੱਤੀਆਂ ਤੇ ਦੁਰਵਿਵਹਾਰ ਕੀਤਾ। ਉਨ੍ਹਾਂ ਨੇ ਭਾਰਤੀ ਦੂਤਾਵਾਸ ਦੀ ਭੰਨਤੋੜ ਵੀ ਕੀਤੀ।
ਦੱਸ ਦਈਏ ਕਿ ਖਾਲਿਸਤਾਨ ਪੱਖੀਆਂ ਦੇ ਇੱਕ ਸਮੂਹ ਨੇ ਅਮਰੀਕੀ ਸਥਿਤ ਭਾਰਤੀ ਦੂਤਾਵਾਸ ਸਾਹਮਣੇ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਭਾਰਤ ਦੇ ਰਾਜਦੂਤ ਨੂੰ ਵੀ ਧਮਕਾਇਆ ਪਰ ਸੁਰੱਖਿਆ ਏਜੰਸੀਆਂ ਤੇ ਪੁਲਿਸ ਵੱਲੋਂ ਸਮੇਂ ਸਿਰ ਦਿੱਤੇ ਦਖ਼ਲ ਨੇ ਉਨ੍ਹਾਂ ਨੂੰ ਭੰਨ੍ਹ-ਤੋੜ ਤੋਂ ਰੋਕ ਦਿੱਤਾ। ਮੁਜ਼ਾਹਰਾਕਾਰੀਆਂ ਨੇ ਇਸ ਘਟਨਾ ਨੂੰ ਕਵਰ ਕਰ ਰਹੇ ਖ਼ਬਰ ਏਜੰਸੀ ‘ਪੀਟੀਆਈ’ ਦੇ ਪੱਤਰਕਾਰ ਨੂੰ ਵੀ ਸ਼ਬਦੀ ਰੂਪ ’ਚ ਧਮਕਾਇਆ ਤੇ ਸਰੀਰਕ ਤੌਰ ’ਤੇ ਵੀ ਹਮਲਾ ਕੀਤਾ। ਦੂਤਾਵਾਸ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਅਖੌਤੀ ‘ਖਾਲਿਸਤਾਨੀ ਮੁਜ਼ਾਹਰਾਕਾਰੀਆਂ’ ਦੀ ਹਿੰਸਕ ਤੇ ਸਮਾਜ-ਵਿਰੋਧੀ ਬਿਰਤੀ ਨੂੰ ਹੀ ਦਰਸਾਉਂਦੀਆਂ ਹਨ, ਜੋ ਰੋਜ਼ਾਨਾ ਹਿੰਸਾ ਤੇ ਭੰਨ੍ਹ-ਤੋੜ ਵਿਚ ਸ਼ਾਮਲ ਹੁੰਦੇ ਹਨ।’ ਦੂਤਾਵਾਸ ਨੇੜੇ ਵੱਖਵਾਦੀ ਸਿੱਖਾਂ ਨੇ ਖੁੱਲ੍ਹ ਕੇ ਮਾੜੀ ਸ਼ਬਦਾਵਲੀ ਵਰਤੀ ਤੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਧਮਕੀਆਂ ਦਿੱਤੀਆਂ। ਹਾਲਾਂਕਿ ਸੰਧੂ ਮੁਜ਼ਾਹਰੇ ਵੇਲੇ ਦੂਤਾਵਾਸ ਵਿਚ ਨਹੀਂ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

 

- Advertisement -

Share this Article
Leave a comment