-ਅਵਤਾਰ ਸਿੰਘ
ਗਲੋ ਦਾ ਭਾਰਤੀ ਆਯੁਰਵੈਦ ਵਿੱਚ ਬਹੁਮੁੱਲਾ ਸਥਾਨ ਹੈ। ਸੰਸਕ੍ਰਿਤ ਵਿੱਚ ਗਲੋ ਨੂੰ ਅੰਮ੍ਰਿਤ ਵੇਲ ਵੀ ਕਿਹਾ ਜਾਂਦਾ ਹੈ ਇਸਦੇ ਚਿਕਿਤਸਕ ਗੁਣਾਂ ਕਰਕੇ ਇਸ ਦੀ ਮਨੁੱਖੀ ਸਰੀਰ ਦੇ ਕਾਇਆਕਲਪ ਪੱਖੋਂ ਬੜੀ ਮੰਗ ਹੈ।
ਆਯੁਰਵੈਦ ਦਾ ਪਿਤਾਮਾ ਮੰਨੇ ਜਾਂਦੇ ਵੈਦ ਚਰਕ ਦੀ ਸਭ ਤੋਂ ਪਹਿਲੀ ਕਿਤਾਬ ,”ਚਰਕ ਸੰਹਿਤਾ” ਵਿੱਚ ਵੀ ਗਲੋ ਦਾ ਵਰਣਨ ਮਿਲਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਨੂੰ ਵਰਤਣ ਨਾਲ ਕੋਈ ਬਿਮਾਰੀ ਨਹੀਂ ਲੱਗਦੀ। ਗਲੋ ਦਾ ਮੂਲ ਨਿਵਾਸ ਭਾਰਤ ਦਾ ਤਪਤ-ਖੰਡੀ ਇਲਾਕਾ ਬਰਮਾ ਅਤੇ ਸ੍ਰੀਲੰਕਾ ਮੰਨਿਆ ਜਾਂਦਾ ਹੈ। ਗਲੋ ਇਕ ਹਰੀ-ਭਰੀ ਵੇਲ ਹੁੰਦੀ ਹੈ ਜਿਸਦੇ ਪੱਤੇ ਪਾਨ ਦੇ ਪੱਤਿਆਂ ਵਰਗੇ ਲੱਗਦੇ ਹਨ। ਗਲੋ ਬਾਰੇ ਇਹ ਕਿਹਾ ਜਾਂਦਾ ਹੈ ਕਿ ਜਿਸ ਉੱਤੇ ਇਹ ਚੜਦੀ ਹੈ ਉਸਦੇ ਗੁਣ ਆਪਣੇ ਵਿੱਚ ਸਮਾ ਲੈਂਦੀ ਹੈ ਇਸ ਲਈ ਨਿੰਮ ਦੇ ਰੁੱਖ ਤੇ ਚੜੀ ਗਲੋ ਦੀ ਵੇਲ ਵਧੀਆ ਮੰਨੀ ਜਾਂਦੀ ਹੈ। ਇਸਦੇ ਪੱਤੇ ਖਾਣ ਵਿੱਚ ਕਸੈਲੇ, ਕੋੜੇ ਅਤੇ ਤਿੱਖੇ ਹੁੰਦੇ ਹਨ।
ਇਸਦੀਆਂ ਟਹਿਣੀਆਂ ਦੇਖਣ ਨੂੰ ਰੱਸੀ ਵਰਗੀਆਂ ਲੱਗਦੀਆਂ ਹਨ ਜਿਨ੍ਹਾਂ ਨੂੰ ਪੀਲੇ ਗੁੱਛੇਦਾਰ ਫੁੱਲ ਲੱਗਦੇ ਹਨ। ਗਲੋ ਦੀ ਜੜ੍ਹ ,ਤਣੇ ,ਪੱਤੇ ਅਤੇ ਗਲੋ ਸਤ ਆਯੁਰਵੈਦਿਕ ਦਵਾਈ ਦੇ ਤੌਰ ਤੇ ਵਰਤੇ ਜਾਂਦੇ ਹਨ। ਵੈਦ ਦੀ ਸਲਾਹ ਅਨੁਸਾਰ ਹੀ ਗਲੋ ਨੂੰ ਕਿਸੇ ਵੀ ਬਿਮਾਰੀ ਲਈ ਵਰਤੋਂ।
ਡੇਂਗੂ ਬੁਖਾਰ, ਸਵਾਇਨ ਫ਼ਲੂ ਦੇ ਇਲਾਜ ਵਿੱਚ ਗਲੋ ਬਹੁਤ ਫਾਇਦਾ ਪਹੁੰਚਾਂਦੀ ਹੈ। ਇਹ ਸਾਡੇ ਖੂਨ ਵਿੱਚ ਪਲੇਟਲੇਟਸ ਕਾਊਂਟ ਵਧਾਉਂਦੀ ਹੈ , ਜਿਸ ਨਾਲ ਸਾਡੇ ਅੰਦਰ ਰੋਗ ਨੂੰ ਲੜਨ ਦੀ ਸਮਰੱਥਾ ਵੱਧਦੀ ਹੈ। ਗਲੋ ਮਨੁੱਖੀ ਸਰੀਰ ਦੇ ਸੈੱਲਾਂ ਨੂੰ ਤੰਦਰੁਸਤ ਰੱਖਦੀ ਹੈ ਅਤੇ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਫ੍ਰੀ ਰੈਡੀਕਲਸ ਨਾਲ ਲੜਦੀ ਹੈ ਅਤੇ ਸਾਡੀ ਇਮਿਊਨਿਟੀ ਵਧਾਉਂਦੀ ਹੈ।ਇਹ ਸਾਡੀ ਪਾਚਨ ਪ੍ਰਣਾਲੀ ਸਹੀ ਰੱਖਦੀ ਹੈ ਅਤੇ ਭੁੱਖ ਵਧਾਉਂਦੀ ਹੈ। ਕਬਜ ਵਾਸਤੇ ਅੱਧਾ ਗ੍ਰਾਮ ਪਾਊਡਰ ਨੂੰ ਆਂਵਲਾ ਜਾਂ ਗੁੜ ਨਾਲ ਖਾਣ ਲਈ ਕਿਹਾ ਜਾਂਦਾ ਹੈ। ਗਲੋ ਖੂਨ ਸਾਫ ਕਰਨ ਵਿੱਚ ਸਰੀਰ ਵਿੱਚੋਂ ਜ਼ਹਿਰੀਲੇ ਤੱਤ ਬਾਹਰ ਕੱਢਣ ਵਿੱਚ, ਬਿਮਾਰੀ ਪੈਦਾ ਕਰਨ ਵਾਲੇ ਬੈਕਟੀਰੀਆ ਨਾਲ ਲੜਨ ਵਿੱਚ ,ਗੁਰਦੇ ਦੀਆਂ ਬਿਮਾਰੀਆਂ ਦੂਰ ਕਰਨ ਵਿੱਚ ਸਹਾਈ ਹੁੰਦੀ ਹੈ।ਅਸਥਮਾ ਦੇ ਰੋਗੀਆਂ ਨੂੰ ਗਲੋ ਦੀ ਜੜ੍ਹ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। ਗਲੋ ਦਾ ਰਸ ਖੂਨ ਵਿੱਚ ਸ਼ੂਗਰ ਨੂੰ ਘਟਾਉਂਦਾ ਹੈ।ਨਵੇਂ ਤੱਥਾਂ ਅਨੁਸਾਰ ਕੋਰੋਨਾਵਾਇਰਸ ਨਾਲ ਲੜਨ ਲਈ ਸਾਡੇ ਸਰੀਰ ਵਿੱਚ ਇਮਿਉਨਿਟੀ ਦਾ ਹੋਣਾ ਬੜਾ ਜਰੂਰੀ ਹੈ। ਸਾਨੂੰ ਵਰਜਿਸ਼ ਤੋਂ ਇਲਾਵਾ ਖਾਣ-ਪੀਣ ਵਿਚ ਧਿਆਨ ਰੱਖਣ ਦੀ ਜ਼ਰੂਰਤ ਹੈ। ਮੈਦੇ ਤੇ ਤੋਂ ਬਣੀਆਂ ਹੋਈਆਂ ਚੀਜਾਂ ਦੀ ਵਰਤੋਂ ਘੱਟ ਕਰੋ। ਜਿਨ੍ਹਾਂ ਖਾਣ ਪੀਣ ਦੀਆਂ ਵਸਤੂਆਂ ਨਾਲ ਸਰੀਰ ਦੇ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ ਉਨ੍ਹਾਂ ਦਾ ਸੇਵਨ ਕੀਤਾ ਜਾਏ। ਆਪਣੇ ਖਾਣੇ ਵਿੱਚ ਪੌਸ਼ਟਿਕ ਫਲ , ਸਬਜ਼ੀਆਂ ,ਦਾਲਾਂ, ਬਾਜਰਾ ,ਜੌਂ, ਕਣਕ ,ਛੋਲਿਆਂ ਦਾ ਆਟਾ, ਭਾਰਤੀ ਮਸਾਲੇ ਜਿਵੇਂ ਕਿ ਹਲਦੀ , ਕਾਲੀ ਮਿਰਚ, ਕਲੌਂਜੀ ,ਦਾਲਚੀਨੀ, ਇਲਾਇਚੀ, ਲੋਂਗ, ਤੇਜ ਪੱਤਾ , ਕੜੀ ਪੱਤਾ, ਤੁਲਸੀ, ਆਦਿ ਵਰਤਿਆ ਜਾਏ।
ਨੈਸ਼ਨਲ ਸੈਂਟਰ ਫਾਰ ਬਾਇਟੈਕਨਾਲੋਜੀ ਇਨਫਰਮੇਸ਼ਨ ਵੱਲੋਂ ਗਲੋ ਉੱਤੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ। ਇਹ ਮਾਤਰਾ ਪਾਰਟਸ ਪਰ ਮਿਲੀਅਨ ppmਵਿੱਚ ਹੈ। ਗਲੋ ਦੇ ਤਣੇ ਵਿਚ ਕੈਲਸ਼ੀਅਮ102.23,ਫਾਸਫੋਰਸ24.81,ਆਇਰਨ26.058, ਕਾਪਰ 3.733,ਜ਼ਿੰਕ 7.342 ,ਮੈਗਨੀਜ਼ 12.242ppm। ਗਲੋ ਨੂੰ ਕਾੜੇ,ਪਾਊਡਰ , ਜਾਂ ਪੱਤਿਆਂ ਦੇ ਜੂਸ ਦੇ ਰੂਪ ਵਿੱਚ ਵਰਤ ਸਕਦੇ ਹਾਂ। ਫੂਡ ਐਂਡ ਡਰਗ ਐਡਮਿਨਿਸਟਰੇਸ਼ਨ ਵੱਲੋਂ ਗਲੋ ਦੇ ਤਣੇ ਅਤੇ ਟਹਿਣੀਆਂ ਨੂੰ ਸਭ ਤੋਂ ਜ਼ਿਆਦਾ ਫਾਇਦੇਮੰਦ ਦੱਸਿਆ ਗਿਆ ਹੈ। ਇਹ ਦਿਮਾਗ਼ ਨੂੰ ਨਰੋਆ ਰੱਖਦੀ ਹੈ ਅਤੇ ਯਾਦਾਸ਼ਤ ਵੀ ਤੇਜ਼ ਕਰਦੀ ਹੈ। ਦਿਲ ਦੀਆਂ ਬਿਮਾਰੀਆਂ ਨੂੰ ਵੀ ਦੂਰ ਰੱਖਦੀ ਹੈ।ਆਯੁਰਵੈਦ ਅਨੁਸਾਰ ਗਲੋ ਇਕ ਅਸਰਦਾਰ ਰਸਾਇਣ ਹੈ ਜੋ ਕਿ ਮਨੁੱਖੀ ਸਰੀਰ ਦੇ ਸਾਰੇ ਕਫ, ਪਿੱਤ,ਵਾਤ, ਦੋਸ਼ਾਂ ਦੀਆਂ ਬਿਮਾਰੀਆਂ ਵਿੱਚ ਅਲੱਗ-ਅਲੱਗ ਤਰੀਕੇ ਨਾਲ ਵਰਤਿਆ ਜਾਂਦਾ ਹੈ ਤਾਂ ਹੀ ਇਸ ਦਾ ਅਸਰ ਹੁੰਦਾ ਹੈ। ਇਹ ਸਰੀਰ ਨੂੰ ਨਿਯਮਤ ਰੱਖਦਾ ਹੈ। ਦੇਸੀ ਨੁਸਖੇ ਅਨੁਸਾਰ ਇਸ ਦੀਆਂ ਟਾਹਣੀਆਂ ਦਾ ਕਾੜਾ ਮਿਕਦਾਰ ਅਨੁਸਾਰ ਗਲੋਅ ਦਾ ਤਣਾ ਜਾਂ ਟਾਹਣੀਆਂ ਪਾਣੀ ਵਿੱਚ ਉਬਾਲ ਕੇ, ਖਾਲੀ ਪੇਟ ਪੀਣਾ ਹੁੰਦਾ ਹੈ।ਮੈਂ ਇੱਥੇ ਇੱਕ ਜਰੂਰੀ ਗੱਲ ਦੱਸਣੀ ਚਾਹਾਂਗੀ ਕਿ ਗਲੋ ਦੀ ਆਯੁਰਵੈਦ ਦੇ ਡਾਕਟਰ ਦੀ ਸਲਾਹ ਨਾਲ ਹੀ ਨਿਰਧਾਰਿਤ ਮਾਤਰਾ ਵਿੱਚ ਵਰਤੋਂ ਕੀਤੀ ਜਾਏ। ਜੇਕਰ ਕਿਸੇ ਦੀ ਕਿਸੇ ਬੀਮਾਰੀ ਦੀ ਦਵਾਈ ਚਲ ਰਹੀ ਹੈ ਤਾਂ ਡਾਕਟਰ ਨੂੰ ਪੁੱਛ ਕੇ ਉਸਦੇ ਨਾਲ ਵੀ ਗਲੋ ਲਈ ਜਾ ਸਕਦੀ ਹੈ ਇਸ ਦਾ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ ਹੈ। ਆਯੁਰਵੈਦ ਵਿੱਚ ਇਸਨੂੰ ਮਧੂ ਨਾਸ਼ਨੀ ਕਹਿੰਦੇ ਹਨ ਕਿਉਂਕਿ ਇਹ ਡਾਈਬਟੀਜ਼ ਦੇ ਰੋਗਾਂ ਵਿੱਚ ਫ਼ਾਇਦੇਮੰਦ ਹੁੰਦੀ ਹੈ ਕਿਉਂ ਜੋ ਗਲੋ ਸੈਲਾਂ ਵਿੱਚ ਇਨਸੂਲਿਨ ਬਣਾਉਣ ਵਿੱਚ ਮਦਦ ਕਰਦੀ ਹੈ। ਅੱਖਾਂ ਦੀ ਰੌਸ਼ਨੀ ਵਧਾਉਣ ਲਈ ਇਸਦੇ ਸੱਤ ਜਾਂ ਟਾਹਣੀ ਨੂੰ ਪਾਣੀ ਵਿੱਚ ਉਬਾਲ ਕੇ ਅੱਖਾਂ eyelids ਤੇ ਲਗਾਉਂਦੇ ਹਨ। ਜੋੜਾਂ ਦੇ ਦਰਦਾਂ ਦੀਆਂ ਆਯੁਰਵੈਦਿਕ ਦਵਾਈਆਂ ਵਿੱਚ ਵੀ ਗਲੋ ਦੀ ਵਰਤੋਂ ਹੁੰਦੀ ਹੈ। ਅੱਜ ਕੱਲ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਅਤੇ ਡਾਕਟਰੀ ਪੇਸ਼ੇ ਨਾਲ ਸਬੰਧਿਤ ਖੋਜਾਰਥੀਆਂ ਵੱਲੋਂ ਗਲੋ ਜੜੀ-ਬੂਟੀ ਦੀ (pharmaceutical functions) ਔਸ਼ਧ ਕਾਰਜਾਂ ਵਿੱਚ ਵਰਤੋਂ ਕਰਕੇ ਕਈ ਬਿਮਾਰੀਆਂ ਲਈ ਦਵਾਈ ਬਣਾਉਣ ਦਾ ਕਾਰਜ ਚੱਲ ਰਿਹਾ ਹੈ।