-ਅਵਤਾਰ ਸਿੰਘ
ਆਰੀਆ ਸਮਾਜੀ ਅਤੇ ਸਮਾਜਿਕ ਕਾਰਕੁਨ ਸਵਾਮੀ ਅਗਨੀਵੇਸ਼ ਦਾ ਸ਼ੁਕਰਵਾਰ ਨੂੰ ਦਿੱਲੀ ਦੇ ਇਕ ਹਸਪਤਾਲ ’ਚ ਦੇਹਾਂਤ ਹੋ ਗਿਆ। ਸ਼ੁਕਰਵਾਰ ਰਾਤ ਨੂੰ ਉਨ੍ਹਾਂ ਦੀ ਸਿਹਤ ਜ਼ਿਆਦਾ ਵਿਗੜ ਗਈ ਸੀ। ਉਨ੍ਹਾਂ ਦੇ ਕਈ ਅੰਗਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਸੀ।
ਅਗਨੀਵੇਸ਼ ਨੂੰ ਗੁਰਦੇ ’ਚ ਤਕਲੀਫ਼ ਹੋਣ ਮਗਰੋਂ ਲਿਵਰ ਅਤੇ ਬਾਇਲਰੀ ਸਾਇੰਸਿਜ਼ ਇੰਸਟੀਚਿਊਟ ’ਚ ਸੋਮਵਾਰ ਨੂੰ ਦਾਖ਼ਲ ਕਰਵਾਇਆ ਗਿਆ ਸੀ। ਉਹ ਉਦੋਂ ਤੋਂ ਹੀ ਵੈਂਟੀਲੇਟਰ ’ਤੇ ਸਨ।
ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ 81 ਸਾਲਾ ਅਗਨੀਵੇਸ਼ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਸ਼ੁਕਰਵਾਰ ਸ਼ਾਮ ਛੇ ਵਜੇ ਦੇ ਕਰੀਬ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਨ੍ਹਾਂ ਦਾ ਕਹਿਣਾ ਹੈ ਕਿ ਸਵਾਮੀ ਅਗਨੀਵੇਸ਼ ਨੂੰ ਮੁੜ ਹੋਸ਼ ’ਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸ਼ਾਮ 6.30 ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ।
21 ਸਤੰਬਰ,1939 ਨੂੰ ਪੈਦਾ ਹੋਏ ਸਵਾਮੀ ਅਗਨੀਵੇਸ਼ ਸਮਾਜਿਕ ਮੁੱਦਿਆਂ ਨੂੰ ਉਭਾਰ ਕੇ ਆਪਣੀ ਬੇਵਾਕ ਰਾਇ ਰੱਖਣ ਵਾਲੇ ਸਮਾਜ ਸੁਧਾਰਕ ਆਗੂਆਂ ਵਿਚੋਂ ਮੋਹਰੀ ਗਿਣੇ ਜਾਂਦੇ ਸਨ। ਸਮਾਜਿਕ ਕਾਰਕੁਨਾਂ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੀ ਦੇਹ ਅੰਤਿਮ ਦਰਸ਼ਨਾਂ ਲਈ ਜੰਤਰ ਮੰਤਰ ਰੋਡ ਸਥਿਤ
ਆਰੀਆ ਪ੍ਰਤੀਨਿਧੀ ਸਭਾ ਦੇ ਦਫਤਰ ਵਿੱਚ ਰੱਖੀ ਗਈ। 12 ਸਤੰਬਰ ਸ਼ਾਮ ਨੂੰ ਹਰਿਆਣਾ ਦੇ ਗੁਰੁਗਰਾਮ ਜ਼ਿਲੇ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ।
ਸਵਾਮੀ ਅਗਨੀਵੇਸ਼ ਮਾਨਵਵਾਦੀ, ਰਾਜਨੇਤਾ ਅਤੇ ਰਿਆਲਟੀ ਸ਼ੋਅ ਵਿੱਚ ਕਿਰਦਾਰ ਨਿਭਾਉਣ ਕਰਕੇ ਕਾਫੀ ਚਰਚਿਤ ਰਹੇ। ਬੰਧੂਆ ਮਜ਼ਦੂਰਾਂ ਲਈ ਲੰਬੀ ਲੜਾਈ ਲੜਣ ਵਾਲੇ ਅਤੇ ਨੋਬਲ ਪੁਰਸਕਾਰ ਵਰਗੇ ‘ਰਾਈਟ ਲਿਵਲਿਹੁਡ ਅਵਾਰਡ’ ਹਾਸਿਲ ਕਰਨ ਵਾਲੇ ਸਵਾਮੀ ਅਗਨੀਵੇਸ਼ ਵਿਲੱਖਣ ਸਖਸ਼ੀਅਤ ਸਨ।
ਸਵਾਮੀ ਅਗਨੀਵੇਸ਼ ਦਾ ਜਨਮ ਦੱਖਣੀ ਭਾਰਤ ਦੇ ਇਕ ਪਰਿਵਾਰ ਵਿੱਚ ਹੋਇਆ। ਉਹ ਅਧਿਆਪਕ ਅਤੇ ਵਕੀਲ ਵੀ ਰਹੇ ਪਰ ਉਨ੍ਹਾਂ ਨੇ ਇਕ ਟੀ ਵੀ ਪ੍ਰੋਗਰਾਮ ਵਿੱਚ ਐਂਕਰ ਦੀ ਭੂਮਿਕਾ ਵੀ ਨਿਭਾਈ ਅਤੇ ਰਿਆਲਟੀ ਸ਼ੋਅ ਬਿਗ ਬੌਸ ਵਿੱਚ ਵੀ ਕਿਰਦਾਰ ਨਿਭਾਇਆ।
ਉਨ੍ਹਾਂ ਨੇ 1970 ਵਿੱਚ ਇਕ ਸਿਆਸੀ ਪਾਰਟੀ ਆਰੀਆ ਸਭਾ ਵੀ ਬਣਾਈ ਸੀ। ਐਮਰਜੈਂਸੀ ਤੋਂ ਬਾਅਦ ਹਰਿਆਣਾ ਵਿੱਚ ਬਣੀ ਸਰਕਾਰ ਵਿੱਚ ਮੰਤਰੀ ਵੀ ਰਹੇ।
ਸਵਾਮੀ ਅਗਨੀਵੇਸ਼ ਦੀ ਦਹਾਕਿਆਂ ਤਕ ਬੰਧੂਆ ਮਜ਼ਦੂਰੀ ਖਿਲਾਫ ਚਲਾਈ ਮੁਹਿੰਮ ਤੋਂ ਲੋਕ ਭਲੀ ਭਾਂਤ ਜਾਣਦੇ ਹੀ ਹਨ। ਉਨ੍ਹਾਂ ਨੇ ਬੰਧੂਆ ਮੁਕਤੀ ਮੋਰਚਾ ਬਣਾਇਆ ਅਤੇ ਹਮੇਸ਼ਾ ਰੂੜੀਵਾਦੀ ਅਤੇ ਜਾਤੀਵਾਦ ਦੇ ਖਿਲਾਫ ਲੜਾਈ ਲੜੀ।
ਸਵਾਮੀ ਅਗਨੀਵੇਸ਼ ਨੇ 80ਵਿਆਂ ਵਿੱਚ ਦਲਿਤਾਂ ਦੇ ਮੰਦਿਰਾਂ ਵਿੱਚ ਦਾਖਿਲ ਹੋਣ ‘ਤੇ ਲੱਗੀ ਰੋਕ ਖਿਲਾਫ ਡੱਟ ਕੇ ਲੜਾਈ ਲੜੀ ਸੀ। ਸਵਾਮੀ ਅਗਨੀਵੇਸ਼ ਨੇ 2011 ਵਿਚ ਜਨ ਲੋਕਪਾਲ ਸੰਘਰਸ਼ ਜਿਸ ਕੁਝ ਲੋਕ ਅੰਨਾ ਅੰਦੋਲਨ ਵੀ ਕਹਿੰਦੇ ਹਨ, ਜਿਸ ਮੌਕੇ ਦਿੱਲੀ ਦੇ ਮੌਜੂਦਾ ਮੁੱਖ ਕੇਜਰੀਵਾਲ ਨਾਲ ਵੀ ਮਤਭੇਦ ਹੋ ਗਏ ਸਨ। ਇਸ ਤੋਂ ਬਾਅਦ ਉਹ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਤੋਂ ਪਾਸਾ ਵੱਟ ਗਏ ਸਨ।
ਸਵਾਮੀ ਅਗਨੀਵੇਸ਼ ਆਰੀਆ ਸਮਾਜੀ ਹੋਣ ਕਾਰਨ ਮੂਰਤੀ ਪੂਜਾ ਅਤੇ ਧਾਰਮਿਕ ਕੁਰੀਤੀਆਂ ਦਾ ਹਮੇਸ਼ਾ ਵਿਰੋਧ ਕਰਦੇ ਰਹੇ। ਉਹ ਖੁੱਲ੍ਹ ਕੇ ਗੱਲ ਕਰਨ ਵਾਲੀ ਸਖਸ਼ੀਅਤ ਸਨ। ਸਵਾਮੀ ਅਗਨੀਵੇਸ਼ ਦੇ ਜਾਣ ਨਾਲ ਸਮਾਜ ਨੂੰ ਬੇਹੱਦ ਘਾਟਾ ਪਿਆ ਹੈ।