ਜਲੰਧਰ: ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਕੋਰੋਨਾ ਪਾਜ਼ਿਟਿਵ ਆਉਣ ਤੋਂ ਬਾਅਦ ਵਿਵਾਦਾਂ ਵਿੱਚ ਘਿਰ ਗਏ ਹਨ। ਆਮ ਆਦਮੀ ਪਾਰਟੀ ਵੱਲੋਂ ਸਵਾਲ ਖੜ੍ਹੇ ਕੀਤੇ ਗਏ ਹਨ, ਕਿ ਗੁਰਪ੍ਰੀਤ ਕਾਂਗੜ ਨੇ ਕੇਂਦਰ ਦੀਆਂ ਗਾਈਡ ਲਾਈਨ ਦਾ ਪਾਲਣ ਨਹੀਂ ਕੀਤਾ। ਆਮ ਆਦਮੀ ਪਾਰਟੀ ਦੇ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਸਵਾਲ ਖੜ੍ਹੇ ਕੀਤੇ ਹਨ, ਕਿ ਗੁਰਪ੍ਰੀਤ ਕਾਂਗੜ ਪਿਛਲੇ ਪੰਜ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਲੱਛਣ ਵੀ ਲੱਗਦੇ ਸਨ। ਪਰ ਫਿਰ ਵੀ ਉਹ ਆਜ਼ਾਦੀ ਦਿਹਾੜੇ ਮੌਕੇ ਮਾਨਸਾ ਪਹੁੰਚੇ ਅਤੇ ਉੱਥੇ ਤਿਰੰਗਾ ਲਹਿਰਾਇਆ। ਜਿਸ ਤੋਂ ਬਾਅਦ ਇੱਕ ਸਕੂਲ ਦਾ ਉਦਘਾਟਨ ਵੀ ਕੀਤਾ। ਇੰਨਾ ਹੀ ਨਹੀਂ ਉੱਥੇ ਕਈ ਬੱਚਿਆਂ ਨੂੰ ਪੁਰਸਕਾਰ ਵੀ ਗੁਰਪ੍ਰੀਤ ਕਾਂਗੜ ਨੇ ਦਿੱਤੇ।
ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪ ਪ੍ਰਚਾਰ ਕਰ ਰਹੇ ਹਨ, ਕਿ ਜਿਸ ਨੂੰ ਕੋਰੋਨਾ ਦੇ ਲੱਛਣ ਲੱਗਦੇ ਹਨ, ਉਹ ਆਪਣੇ ਘਰ ਵਿੱਚ ਹੀ ਇਕਾਂਤਵਾਸ ਰਹਿਣ। ਬਾਹਰ ਭੀੜ ਵਿੱਚ ਜਾਂ ਕਿਸੇ ਦੇ ਸੰਪਰਕ ਵਿੱਚ ਨਾ ਆਵੇ। ਪਰ ਗੁਰਪ੍ਰੀਤ ਕਾਂਗੜ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੀ ਦਿੱਤੀਆਂ ਜਾ ਰਹੀਆਂ ਸਲਾਹਾਂ ਨੂੰ ਵੀ ਨਹੀਂ ਮੰਨਿਆ। ਉਨ੍ਹਾਂ ਦੇ ਕੋਰੋਨਾ ਪੌਜ਼ਿਟਿਵ ਆਉਣ ਤੋਂ ਬਾਅਦ ਪਤਾ ਨਹੀਂ ਹੋਰ ਕਿੰਨੇ ਲੋਕ ਕਾਂਗੜ ਦੇ ਸੰਪਰਕ ਵਿੱਚ ਆਏ ਹੋਣਗੇ।
ਆਜ਼ਾਦੀ ਦਿਹਾੜੇ ਮੌਕੇ ਗੁਰਪ੍ਰੀਤ ਕਾਂਗੜ ਨੇ ਮਾਨਸਾ ਵਿੱਚ ਤਿਰੰਗਾ ਲਹਿਰਾਇਆ ਸੀ। ਉਹਨਾਂ ਦੀ ਸਿਹਤ ਵੀ ਕਾਫ਼ੀ ਦਿਨਾਂ ਤੋਂ ਖ਼ਰਾਬ ਚੱਲ ਰਹੀ ਸੀ। ਮਾਨਸਾ ‘ਚ 15 ਅਗਸਤ ਦੇ ਸਮਾਗਮ ‘ਚ ਸ਼ਾਮਲ ਹੋਣ ਤੋਂ ਪਹਿਲਾਂ ਉਹਨਾਂ ਦਾ ਟੈਸਟ ਲਿਆ ਗਿਆ। ਬੀਤੀ ਰਾਤ ਉਹਨਾਂ ਦੀ ਰਿਪੋਰਟ ਪੌਜ਼ਿਟਿਵ ਆਈ। ਹੁਣ ਉਹਨਾਂ ਦੇ ਨੂੰ ਘਰ ਵਿੱਚ ਹੀ ਇਕਾਂਤਵਾਸ ਕੀਤਾ ਹੋਇਆ ਹੈ।