ਨਿਊਜ਼ ਡੈਸਕ : ਗੁਰੂਗ੍ਰਾਮ ਦੇ ਇੱਕ ਸਿਵਲ ਕੋਰਟ ਦੀ ਜੱਜ ਸੋਨੀਆ ਸ਼ੀਓਕੰਦ ਨੇ ਅਲੀਬਾਬਾ, ਜੈਕ ਮਾ ਅਤੇ ਦਰਜਨ ਦੇ ਕਰੀਬ ਲੋਕਾਂ ਖਿਲਾਫ ਫਰਜੀ ਖਬਰਾਂ ਫੈਲਾਉਣ ਦੇ ਦੋਸ਼ ਹੇਠ ਸੰਮਨ ਜਾਰੀ ਕੀਤਾ ਹੈ। ਅਦਾਲਤ ਨੇ ਉਕਤ ਵਿਅਕਤੀਆਂ ਜਾਂ ਉਨ੍ਹਾਂ ਦੇ ਵਕੀਲ ਨੂੰ 29 ਜੁਲਾਈ ਤੱਕ ਅਦਾਲਤ ‘ਚ ਪੇਸ਼ ਹੋਣ ਲਈ ਕਿਹਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਕੰਪਨੀ ਅਤੇ ਕਾਰਜਕਾਰੀ ਅਧਿਕਾਰੀਆਂ ਨੂੰ ਅਗਲੇ 30 ਦਿਨਾਂ ‘ਚ ਲਿਖਤੀ ਜਵਾਬ ਦੇਣ ਲਈ ਕਿਹਾ ਹੈ।
ਦਰਅਸਲ, ਇਹ ਸੰਮਨ ਜੈਕ ਮਾ ਨੂੰ ਇੱਕ ਭਾਰਤੀ ਕਰਮਚਾਰੀ ਦੀ ਸ਼ਿਕਾਇਤ ‘ਤੇ ਭੇਜਿਆ ਗਿਆ ਹੈ, ਕਰਮਚਾਰੀ ਨੇ ਉਸ ‘ਤੇ ਗਲਤ ਤਰੀਕੇ ਨਾਲ ਨੌਕਰੀ ਤੋਂ ਕੱਢਣ ਦਾ ਦੋਸ਼ ਲਗਾਇਆ ਹੈ। ਦੱਸ ਦਈਏ ਕਿ ਚੀਨੀ ਕੰਪਨੀ UC Browser ਦੇ ਇੱਕ ਭਾਰਤੀ ਕਰਮਚਾਰੀ ਪੁਸ਼ਪੇਂਦਰ ਸਿੰਘ ਪਰਮਾਰ ਨੇ ਦੋਸ਼ ਲਾਇਆ ਸੀ ਕਿ ਯੂਸੀ ਬਰਾਊਸਰ ਅਤੇ ਯੂਸੀ ਨਿਊਜ਼ ਵਿੱਚ ਗਲਤ ਖ਼ਬਰਾਂ ਫੈਲਾਈਆਂ ਜਾਂਦੀਆਂ ਹਨ। ਜਿਸ ਤੋਂ ਬਾਅਦ ਕੰਪਨੀ ਨੇ ਉਕਤ ਕਰਮਚਾਰੀ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਹਾਲ ਹੀ ‘ਚ ਚੀਨ ਦੇ 59 ਐਪਸ ‘ਤੇ ਪਾਬੰਦੀ ਲਗਾਈ ਹੈ। ਇਸ ਵਿੱਚ ਅਲੀਬਾਬਾ ਕੰਪਨੀ ਦੀ ਐਪ ਯੂਸੀ ਬਰਾਊਸਰ ਅਤੇ ਯੂਸੀ ਨਿਊਜ਼ ਵੀ ਸ਼ਾਮਿਲ ਹੈ। ਸਰਕਾਰ ਨੇ ਇਹ ਪਾਬੰਦੀ ਲੱਦਾਖ ਸਰਹੱਦ ‘ਤੇ ਚੀਨੀ ਫੌਜਾਂ ਨਾਲ ਤਣਾਅ ਦੇ ਮੱਦੇਨਜ਼ਰ ਲਗਾਈ ਗਈ ਸੀ, ਜਿਸ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋਏ ਸਨ । ਕੇਂਦਰ ਸਰਕਾਰ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਇਨ੍ਹਾਂ ਐਪਸ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਸੀ।
ਕੋਰਟ ਦੀ ਫਾਈਲਿੰਗ ਅਨੁਸਾਰ 20 ਜੁਲਾਈ ਨੂੰ ਅਲੀਬਾਬਾ ਦੀ ਯੂਸੀ ਵੈੱਬ ਦੇ ਸਾਬਕਾ ਕਰਮਚਾਰੀ ਪੁਸ਼ਪੇਂਦਰ ਸਿੰਘ ਪਰਮਾਰ ਨੇ ਦੋਸ਼ ਲਾਇਆ ਸੀ ਕਿ ਯੂਸੀ ਵੈਬ ਚੀਨ ਦੇ ਵਿਰੁੱਧ ਸਾਰੀ ਸਮੱਗਰੀ ਨੂੰ ਸੈਂਸਰ ਕਰਦੀ ਹੈ ਅਤੇ ਯੂਸੀ ਬਰਾਊਸਰ ਅਤੇ ਯੂਸੀ ਨਿਊਜ਼ ‘ਤੇ ਜਾਅਲੀ ਖ਼ਬਰਾਂ ਚਲਾਈਆਂ ਜਾਂਦੀਆਂ ਸਨ। ਦੱਸ ਦਈਏ ਕਿ ਇਹ ਸੰਮਨ ਉਸ ਕੇਸ ਵਿੱਚ ਭੇਜਿਆ ਗਿਆ ਹੈ ਜਿਸ ਵਿੱਚ ਕੰਪਨੀ ਨੇ ਕਥਿਤ ਤੌਰ ‘ਤੇ ਭਾਰਤ ਵਿੱਚ ਇੱਕ ਕਰਮਚਾਰੀ ਨੂੰ ਗਲਤ ਤਰੀਕੇ ਨਾਲ ਬਰਖਾਸਤ ਕਰ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ।