-ਅਵਤਾਰ ਸਿੰਘ
ਮਨੁੱਖੀ ਸੁਭਾਅ ਵੀ ਕਿੰਨਾ ਵਚਿੱਤਰ ਹੈ। ਇਸ ਦੀ ਬੋਲਚਾਲ ਕਈ ਵਾਰ ਇਨਸਾਨ ਨੂੰ ਅਰਸ਼ ਤੋਂ ਫ਼ਰਸ਼ ‘ਤੇ ਲੈ ਜਾਂਦੀ ਹੈ ਅਤੇ ਕਈ ਵਾਰ ਜ਼ਬਾਨ ਤਿਲਕਣ ਕਾਰਨ ਉਸ ਨੂੰ ਇਥੋਂ ਤਕ ਸ਼ਰਮਿੰਦਾ ਕਰ ਦਿੰਦੀ ਕਿ ਫੇਰ ਉਸ ਨੂੰ ਕੁਝ ਨਹੀਂ ਸੁਝਦਾ ਕਿ ਹੁਣ ਉਹ ਕੀ ਕਰੇ। ਮੰਚ ‘ਤੇ ਬੋਲਣਾ ਅਤੇ ਸਰੋਤਿਆਂ ਨੂੰ ਆਪਣੇ ਸ਼ਬਦਾਂ ਨਾਲ ਕੀਲਣ ਦੀ ਵੀ ਇਕ ਕਲਾ ਹੈ। ਕੋਈ ਵੀ ਕਲਾਕਾਰ ਜਾਂ ਸਿਆਸੀ ਨੇਤਾ ਉਦੋਂ ਹੀ ਮਕਬੂਲ ਹੁੰਦਾ ਜਦੋਂ ਉਸ ਦੇ ਸਰੋਤੇ ਉਸ ਦੇ ਲਫ਼ਜ਼ਾਂ ਨਾਲ ਕੀਲੇ ਜਾਣ।
ਰਾਜਨੀਤੀ ਵਿੱਚ ਦੇਖਣ ਨੂੰ ਆਇਆ ਕਿ ਜਿਹੜਾ ਸਿਆਸੀ ਆਗੂ ਆਪਣੇ ਭਾਸ਼ਣ ਨਾਲ ਲੋਕਾਂ ਨੂੰ ਕੀਲ ਲਵੇ ਲੋਕ ਉਸ ਦੇ ਕਾਇਲ ਹੋ ਜਾਂਦੇ ਹਨ। ਉਸ ਦੀਆਂ ਗੱਲਾਂ ਉਨ੍ਹਾਂ ਨੂੰ ਪ੍ਰਭਾਵਿਤ ਕਰ ਜਾਂਦੀਆਂ ਹਨ। ਪਰ ਜਦੋਂ ਕੋਈ ਬੁਲਾਰਾ ਆਪਣੇ ਲਫ਼ਜ਼ਾਂ ਤੋਂ ਥਿੜਕ ਜਾਂਦਾ ਤਾਂ ਉਸ ਦੇ ਪ੍ਰਸ਼ੰਸ਼ਕ ਤੇ ਸਰੋਤੇ ਉਸ ਨੂੰ ਨਕਾਰ ਦਿੰਦੇ ਹਨ। ਇਸੇ ਤਰ੍ਹਾਂ ਜਦ ਕਿਸੇ ਨੇਤਾ ਨੂੰ ਭਾਸ਼ਣ ਦਿੰਦੇ ਸਮੇਂ ਇਹ ਪਤਾ ਨਾ ਲੱਗੇ ਕਿ ਉਸ ਦੇ ਮੂੰਹ ਵਿਚੋਂ ਨਿਕਲੇ ਲਫ਼ਜ਼ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਤਾਂ ਨਹੀਂ ਪਹੁੰਚਾ ਰਹੇ ਫੇਰ ਉਸ ਨੂੰ ਆਪਣੀ ਕੀਤੀ ਉਪਰ ਸ਼ਰਮਿੰਦਾ ਤਾਂ ਹੋਣਾ ਹੀ ਪੈਂਦਾ ਨਾਲ ਹੀ ਉਸੇ ਮੂੰਹ ਨਾਲ ਲੋਕਾਂ ਤੋਂ ਮਾਫੀ ਵੀ ਮੰਗਣੀ ਪੈਂਦੀ ਹੈ। ਇਸੇ ਤਰ੍ਹਾਂ ਦੀ ਘਟਨਾ ਵਾਪਰੀ ਤ੍ਰਿਪੁਰਾ ਦੇ ਮੁੱਖ ਮੰਤਰੀ ਨਾਲ ਜਿਸ ਨੇ ਇਕ ਸਮਾਗਮ ਦੌਰਾਨ ਪੰਜਾਬੀਆਂ/ਜੱਟਾਂ ਦੀ ਤੁਲਨਾ ਬੰਗਾਲੀਆਂ ਨਾਲ ਕੀਤੀ। ਉਨ੍ਹਾਂ ਦੇ ਇਸ ਬਿਆਨ ਦੀ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਸਣੇ ਕਈਆਂ ਨੇ ਆਲੋਚਨਾ ਵੀ ਕੀਤੀ।
ਅਖੀਰ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਨੂੰ ਪੰਜਾਬੀਆਂ ਤੇ ਜੱਟਾਂ ਦੀ ਬੰਗਾਲੀਆਂ ਨਾਲ ਤੁਲਨਾ ਕਰਨ ਵਾਲੇ ਆਪਣੇ ਇਕ ਬਿਆਨ ਲਈ ਮੁਆਫ਼ੀ ਮੰਗਣੀ ਪਈ। ਦੇਬ ਦਾ ਕਹਿਣਾ ਹੈ ਕਿ ਉਸ ਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ। ਦੇਬ ਨੇ ਇਕ ਸਮਾਗਮ ਵਿੱਚ ਇਹ ਕਿਹਾ ਸੀ ਕਿ ਪੰਜਾਬੀ ਤੇ ਜੱਟ ਸਰੀਰਕ ਤੌਰ ’ਤੇ ਭਾਵੇਂ ਮਜ਼ਬੂਤ ਹੁੰਦੇ ਹਨ, ਪਰ ਦਿਮਾਗੀ ਤੌਰ ’ਤੇ ਨਹੀਂ ਜਦੋਂਕਿ ਬੰਗਾਲੀ ਕਾਫ਼ੀ ਬੁੱਧੀਮਾਨ ਹੁੰਦੇ ਹਨ।
अगरतला प्रेस क्लब में आयोजित एक कार्यक्रम में मैंने अपने पंजाबी और जाट भाइयों के बारे मे कुछ लोगों की सोच का जिक्र किया था। मेरी धारणा किसी भी समाज को ठेस पहुंचाने की नहीं थी।
मुझे पंजाबी और जाट दोनों ही समुदायों पर गर्व है। मैं खुद भी काफी समय तक इनके बीच रहा हूँ।
— Biplab Kumar Deb (@BjpBiplab) July 21, 2020
21 ਜੁਲਾਈ (ਮੰਗਲਵਾਰ) ਨੂੰ ਮੁੱਖ ਮੰਤਰੀ ਨੇ ਸਵੇਰੇ ਹਿੰਦੀ ਵਿੱਚ ਟਵੀਟ ਕਰਕੇ ਇਨ੍ਹਾਂ ਟਿੱਪਣੀਆਂ ਲਈ ਮਾਫੀ ਮੰਗੀ। ਟਵੀਟ ਵਿਚ ਦੇਬ ਨੇ ਕਿਹਾ ਕਿ ਉਸ ਦੇ ਕਈ ਦੋਸਤ ਪੰਜਾਬੀ ਤੇ ਜੱਟ ਹਨ। ਦੋਵਾਂ ਭਾਈਚਾਰਿਆਂ ਦੇ ਲੋਕਾਂ ’ਤੇ ਉਸ ਨੂੰ ਮਾਣ ਹੈ। ਦੇਬ ਨੇ ਟਵੀਟ ਕੀਤਾ, ‘ਮੈਂ ਪੰਜਾਬੀਆਂ ਤੇ ਜੱਟ ਭਾਈਚਾਰੇ ਨਾਲ ਸੰਬੰਧਤ ਲੋਕਾਂ ਵੱਲੋਂ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਪਾਏ ਯੋਗਦਾਨ ਨੂੰ ਸਲਾਮ ਕਰਦਾ ਹਾਂ।’ ਮੈਂ ਦੋਵਾਂ ਭਾਈਚਾਰਿਆਂ ਵੱਲੋਂ ਭਾਰਤ ਨੂੰ ਅੱਗੇ ਵਧਾਉਣ ਵਿੱਚ ਨਿਭਾਈ ਭੂਮਿਕਾ ’ਤੇ ਉਜਰ ਜਤਾਉਣ ਬਾਰੇ ਸੋਚ ਵੀ ਨਹੀਂ ਸਕਦਾ। ਉਨ੍ਹਾਂ ਬਾਰੇ ਕੁਝ ਲੋਕਾਂ ਦੇ ਵਿਚਾਰ ਪ੍ਰਗਟ ਕੀਤੇ ਹਨ। ਮੈਨੂੰ ਪੰਜਾਬੀਆਂ ਅਤੇ ਜੱਟ ਭਾਈਚਾਰੇ ’ਤੇ ਮਾਣ ਹੈ। ਕੁਝ ਸਮੇਂ ਲਈ ਇਨ੍ਹਾਂ ਦੇ ਨਾਲ ਵਿਚਰਿਆ ਹਾਂ। ਜੇ ਮੇਰੇ ਬਿਆਨ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੋਵੇ ਤਾਂ ਮੈਂ ਉਸ ਲਈ ਮਾਫ਼ੀ ਮੰਗਦਾ ਹਾਂ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਬੀਤੇ ਐਤਵਾਰ ਅਗਰਤਲਾ ਪ੍ਰੈੱਸ ਕਲੱਬ ’ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਭਾਰਤ ਵਿੱਚ ਹਰ ਭਾਈਚਾਰਾ ਖਾਸ ਕਿਸਮ ਤੇ ਕਿਰਦਾਰ ਲਈ ਜਾਣਿਆ ਜਾਂਦਾ ਹੈ। ਇਸ ਬਿਆਨ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਸੀ। ਕਲਿੱਪ ਵਿਚ ਦੇਬ ਵੱਲੋਂ ਇਹ ਕਿਹਾ ਗਿਆ ਕਿ ਬੰਗਾਲੀ ਬੁੱਧੀਮਾਨ ਹਨ ਅਤੇ ਇਨ੍ਹਾਂ ਦੀ ਵੱਖਰੀ ਪਛਾਣ ਹੈ ਜਦਕਿ ਪੰਜਾਬੀਆਂ ਅਤੇ ਜੱਟਾਂ ਨੂੰ ਆਪਣੀ ਸਰੀਰਕ ਤਾਕਤ ਲਈ ਜਾਣਿਆ ਜਾਂਦਾ ਹੈ। ਪੰਜਾਬ ਦੇ ਲੋਕਾਂ ਦੀ ਗੱਲ ਕਰਦਿਆਂ ਅਸੀਂ ਕਹਿੰਦੇ ਹਾਂ ਕਿ ਉਹ ਪੰਜਾਬੀ ਇਕ ਸਰਦਾਰ ਹੈ। ਉਨ੍ਹਾਂ ਕੋਲ ਸ਼ਾਇਦ ਬਹੁਤ ਘੱਟ ਬੁੱਧੀ ਹੋਵੇ ਪਰ ਉਹ ਬਹੁਤ ਤਾਕਤਵਰ ਹਨ। ਤਾਕਤ ਨਾਲ ਉਨ੍ਹਾਂ ਨੂੰ ਕੋਈ ਜਿੱਤ ਨਹੀਂ ਸਕਦਾ ਪਰ ਪਿਆਰ ਨਾਲ ਜਿੱਤਿਆ ਜਾ ਸਕਦਾ ਹੈ। ਜੱਟ ਵੀ ਘੱਟ ਬੁੱਧੀਮਾਨ ਹਨ ਪਰ ਬਹੁਤ ਸਿਹਤਮੰਦ ਹਨ। ਜੇ ਜੱਟ ਨੂੰ ਕੋਈ ਚੁਣੌਤੀ ਦਿੰਦਾ ਹੈ ਤਾਂ ਉਹ ਆਪਣੇ ਘਰ ਤੋਂ ਬੰਦੂਕ ਲੈ ਆਵੇਗਾ।
ਇਥੇ ਦੱਸਣਾ ਬਣਦਾ ਹੈ ਕਿ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਵਲੋਂ ਮੁਗ਼ਲਾਂ ਅਤੇ ਮਿਸ ਵਰਲਡ ਬਾਰੇ ਦਿੱਤੇ ਬਿਆਨ ਮਗਰੋਂ ਵੀ ਵਿਵਾਦਾਂ ਵਿਚ ਘਿਰ ਗਏ ਸਨ।