ਟੋਰਾਂਟੋ: ਕੈਨਾਡਾ ਇੱਕ ਸੰਪਰਕ ਟ੍ਰੇਸਿੰਗ ਸਮਾਰਟਫੋਨ ਐਪ ਜਾਰੀ ਕਰਨ ਜਾ ਰਿਹਾ ਹੈ। ਇਹ ਐਪ ਕੋਰੋਨਾ ਵਾਇਰਸ ਦੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਅਲਰਟ ਕਰੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਲੋਕ ਖੁਦ ਆਪਣੀ ਇੱਛਾ ਮੁਤਾਬਕ ਫੈਸਲਾ ਲੈ ਸਕਦੇ ਹਨ ਕਿ, ਐਪ ਡਾਊਨਲੋਡ ਕਰਨੀ ਹੈ ਜਾਂ ਨਹੀਂ। ਉਨ੍ਹਾਂ ਕਿਹਾ ਜੇਕਰ ਤੁਸੀਂ ਕੋਰੋਨਾਵਾਇਰਸ ਪਾਜ਼ਿਟਿਵ ਮਰੀਜ਼ ਦੇ ਸੰਪਰਕ ‘ਚ ਆਏ ਹੋ ਤਾਂ ਇਹ ਐਪ ਤੁਹਾਨੂੰ ਅਲਰਟ ਕਰੇਗੀ।
ਟਰੂਡੋ ਨੇ ਕਿਹਾ ਕਿ ਐਪ ‘ਚ ਨਿੱਜਤਾ ਦਾ ਧਿਆਨ ਰੱਖਿਆ ਜਾਵੇਗਾ, ਕਿਸੇ ਦੀ ਵੀ ਨਿੱਜੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਵੇਗੀ। ਦੱਸ ਦਈਏ ਕਿ ਦੁਨੀਆ ਭਰ ਦੀਆਂ ਸਰਕਾਰਾਂ ਸਮਾਰਟਫੋਨ ਤਕਨੀਕ ਦੇ ਵੱਲ ਰੁਖ਼ ਕਰ ਰਹੀਆਂ ਹਨ ਤਾਂਕਿ ਵਾਇਰਸ ਨਾਲ ਲੜਨ ਵਿੱਚ ਸਹਾਇਤਾ ਮਿਲ ਸਕੇ। ਉਸ ਨਾਲ ਲਾਕਡਾਉਨ ਪ੍ਰਤਿਬੰਧਾਂ ਨੂੰ ਵੀ ਆਸਾਨ ਕੀਤਾ ਜਾ ਸਕਦਾ ਹੈ ਪਰ ਤਕਨੀਕੀ ਸਮਸਿਆਵਾਂ ਅਤੇ ਪ੍ਰਾਈਵੇਸੀ ਦੀਆਂ ਚਿੰਤਾਵਾਂ ਨੇ ਵਾਇਰਸ ਟ੍ਰੇਸਿੰਗ ਐਪਸ ਦੇ ਵਿਕਾਸ ਨੂੰ ਰੋਕਿਆ ਹੋਇਆ ਹੈ।
ਟਰੂਡੋ ਨੇ ਕਿਹਾ ਕਿ ਅਸੀਂ ਦੁਨੀਆ ਭਰ ਦੇ ਹੋਰ ਲੋਕਾਂ ਨੇ ਜੋ ਕੁੱਝ ਕੀਤਾ ਜਿਸ ਨਾਲ ਲੋਕਾਂ ਦਾ ਨਿੱਜੀ ਡਾਟਾ ਲੀਕ ਹੋਇਆ ਉਸ ਤੋਂ ਸਬਕ ਲਿਆ। ਓਨਟਾਰੀਓ ਜਲਦ ਹੀ ਐਪ ਦਾ ਪ੍ਰੀਖਣ ਸ਼ੁਰੂ ਕਰ ਦੇਵੇਗਾ ਜੋ ਕਿ ਕੈਨੇਡੀਅਨ ਤਕਨੀਕੀ ਕੰਪਨੀਆਂ ਸ਼ਾਪਿਫਾਈ ਅਤੇ ਬਲੈਕਬੈਰੀ ਦੀ ਸਹਾਇਤਾ ਨਾਲ ਬਣਾਈ ਜਾ ਰਹੀ ਹੈ ਤੇ ਇਹ ਐਪ ਜੁਲਾਈ ਵਿੱਚ ਜਾਰੀ ਕੀਤੀ ਜਾਵੇਗੀ।