ਕੈਨੇਡਾ ‘ਚ ਭਲਕੇ ਸ਼ੁਰੂ ਹੋਵੇਗੀ ਕੋਰੋਨਾ ਤੋਂ ਬਚਾਅ ਲਈ ਵੈਕਸੀਨੇਸ਼ਨ

TeamGlobalPunjab
2 Min Read

ਟੋਰਾਂਟੋ: ਕੋਰੋਨਾ ਵਾਇਰਸ ਤੋਂ ਬਚਾਅ ਲਈ ਕੈਨੇਡਾ ‘ਚ ਵੈਕਸੀਨੇਸ਼ਨ ਦਾ ਸਿਲਸਿਲਾ ਸੋਮਵਾਰ ਤੋਂ ਸ਼ੁਰੂ ਹੋ ਜਾਵੇਗਾ ਜਦੋਂ ਫਾਈਜ਼ਰ ਅਤੇ ਬਾਇਓਐਨਟੇਕ ਵੱਲੋਂ ਤਿਆਰ ਦਵਾਈ ਦੀਆਂ 30 ਹਜ਼ਾਰ ਖੁਰਾਕਾਂ ਬੈਲਜੀਅਮ ਤੋਂ ਟੋਰਾਂਟੋ ਅਤੇ ਹੋਰਨਾਂ ਸ਼ਹਿਰਾਂ ਵਿਚ ਪੁੱਜ ਜਾਣਗੀਆਂ। ਸੂਬਾ ਸਰਕਾਰਾਂ ਵੱਲੋਂ ਵੈਕਸੀਨ ਦੀ ਉਡੀਕ ਕੀਤੀ ਜਾ ਰਹੀ ਹੈ ਜੋ 14 ਵੱਖ-ਵੱਖ ਥਾਵਾਂ ‘ਤੇ ਵੰਡੀ ਜਾਵੇਗੀ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕੈਨੇਡਾ ਲਈ ਬਹੱਦ ਖ਼ਤਰਨਾਕ ਸਾਬਤ ਹੋ ਰਹੀ ਹੈ ਅਤੇ ਪਿਛਲੇ ਹਫ਼ਤੇ ਦੌਰਾਨ ਰੋਜ਼ਾਨਾਂ 100 ਜਣਿਆਂ ਨੇ ਵਾਇਰਸ ਕਾਰਨ ਦਮ ਤੋੜਿਆ।

ਕੈਨੇਡਾ ‘ਚ ਹੁਣ ਤੱਕ 13 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ ਜਿਨ੍ਹਾਂ ‘ਚੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬੇ ਕਿਊਬਿਕ ਅਤੇ ਓਨਟਾਰੀਓ ਹਨ ਪਰ ਪਿਛਲੇ ਸਮੇਂ ਦੌਰਾਨ ਐਲਬਰਟਾ ਵਿਖੇ ਵੀ ਹਾਲਾਤ ਵਿਗੜਨੇ ਸ਼ੁਰੂ ਹੋ ਗਏ। ਕਿਊਬਿਕ ਦੇ ਪ੍ਰੀਮੀਅਰ ਫਰਾਂਸਵਾ ਲੀਗੋ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਨੇਰੀ ਸੁਰੰਗ ਦੇ ਅੰਤ ਵਿਚ ਰੌਸ਼ਨੀ ਦੀ ਕਿਰਨ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ। ਭਾਵੇਂ ਕੈਨੇਡਾ ਵਿਚ ਘਰੇਲੂ ਪੱਧਰ ‘ਤੇ ਕੋਈ ਵੈਕਸੀਨ ਵਿਕਸਿਤ ਨਹੀਂ ਕੀਤੀ ਜਾ ਸਕੀ ਪਰ ਫ਼ੈਜ਼ਰਲ ਸਰਕਾਰ ਵੱਲੋਂ ਦੁਨੀਆਂ ਦੇ ਕਿਸੇ ਵੀ ਮੁਲਕ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਕੋਰੋਨਾ ਵੈਕਸੀਨ ਖੁਰਾਕਾਂ ਦੀ ਖਰੀਦ ਕੀਤੀ ਗਈ ਹੈ।

ਓਨਟਾਰੀਓ ਵਿਚ ਵੈਕਸੀਨ ਡਿਸਟੀਬਿਊਸ਼ਨ ਮਾਮਲਿਆਂ ਦੇ ਮੁਖੀ ਰਿਕ ਹਲਿੀਅਰ ਨੇ ਕਿਹਾ ਕਿ ਭਾਵੇਂ ਰਾਹ ਵਿਚ ਕੁਝ ਅੜਿੱਕੇ ਆਉਣਗੇ ਪਰ ਸਬਰ ਨਾਲ ਅੱਗੇ ਵਧਣਾ ਹੋਵੇਗਾ ਅਤੇ ਜਲਦ ਤੋਂ ਜਲਦ ਜ਼ਿਆਦਾਤਰ ਲੋਕਾਂ ਨੂੰ ਟੀਕੇ ਲਾ ਦਿਤੇ ਜਾਣਗੇ। ਕੈਨੇਡਾ ਦੇ ਸਿਹਤ ਮਾਹਰਾਂ ਮੁਤਾਬਕ ਮੁਲਕ ‘ਚ ਮੌਤਾਂ ਦਾ ਅੰਕੜਾ 15 ਹਜ਼ਾਰ ਤੋਂ ਟੱਪ ਸਕਦਾ ਹੈ। ਅਨੁਪਾਤ ਦੇ ਹਿਸਾਬ ਨਾਲ ਇਕ ਲੱਖ ਦੀ ਆਬਾਦੀ ਪਿਛੇ 39 ਜਣਿਆਂ ਦੀ ਮੌਤ ਹੋ ਸਕਦੀ ਹੈ।

Share this Article
Leave a comment