ਸੰਗਰੂਰ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਮੁਅੱਤਲ ਕੀਤੇ ਗਏ ਪੁਲਿਸ ਮੁਲਾਜ਼ਮ ਮੁਸ਼ਕਲਾਂ ‘ਚ ਘਿਰ ਗਏ ਹਨ। ਸੰਗਰੂਰ ਅਤੇ ਬਰਨਾਲਾ ਪੁਲਿਸ ਨੇ ਮੂਸੇਵਾਲਾ ਅਤੇ ਪੰਜ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਦਰਜ ਦੋਵਾਂ ਐਫ.ਆਈ.ਆਰ ਵਿੱਚ ਆਰਮਜ਼ ਐਕਟ ਤਹਿਤ ਧਾਰਾਵਾਂ 25 ਅਤੇ 30 ਸ਼ਾਮਲ ਕੀਤੀਆਂ ਹਨ। ਦੱਸ ਦਈਏ ਕਿ ਇਸ ਮਾਮਲੇ ‘ਚ ਸਬ -ਇੰਸਪੈਕਟਰ, ਦੋ ਹੈੱਡ ਕਾਂਸਟੇਬਲ, ਦੋ ਕਾਂਸਟੇਬਲ ਅਤੇ ਤਿੰਨ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ।
ਵਿਵਾਦਾਂ ‘ਚ ਰਹਿੰਦੇ ਪੰਜਾਬੀ ਗਾਇਕ ਮੂਸੇਵਾਲ ਦੀ ਇੱਕ ਟਿਕ ਟੋਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਜਿਸ ਵਿੱਚ ਉਹ ਜ਼ਿਲ੍ਹਾ ਬਰਨਾਲਾ ਦੇ ਪਿੰਡ ਬੱਬਰ ਵਿੱਚ ਇਕ ਸ਼ੂਟਿੰਗ ਰੇਂਜ ਵਿਖੇ ਗੋਲੀਬਾਰੀ ਕਰਦਾ ਵੇਖਿਆ ਗਿਆ। ਸਿੱਧੂ ਦੇ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਸਨ ਜੋ ਕਥਿਤ ਤੌਰ ‘ਤੇ ਅਧਿਕਾਰਤ ਹਥਿਆਰਾਂ ਦੀ ਵਰਤੋਂ ਕਰਨ ਉਨ੍ਹਾਂ ਦੀ ਸਹਾਇਤਾ ਕਰਦੇ ਵੇਖੇ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ‘ਤੇ ਕਾਰਵਾਈ ਕਰਦੇ ਹੋਏ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ।