ਲੰਦਨ: ਬ੍ਰਿਟੇਨ ਸਰਕਾਰ ਨੇ ਪੰਜਾਬ ‘ਚ ਫਸੇ ਯੂਕੇ ਦੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ 5 ਹੋਰ ਹਵਾਈ ਉਡਾਣਾਂ ਦਾ ਪ੍ਰਬੰਧ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਤਨਮਨਜੀਤ ਢੇਸੀ ਨੇ ਦੱਸਿਆ ਕਿ 4 ਹੋਰ ਹਵਾਈ ਉਡਾਣਾਂ ਅੰਮ੍ਰਿਤਸਰ ਤੋਂ ਲੰਡਨ ਆਉਣਗੀਆਂ, ਜੋ ਕਿ 12, 13, 14 ਅਤੇ 15 ਮਈ ਨੂੰ ਚੱਲਣਗੀਆਂ। ਇਸੇ ਤਰਾਂ ਅਹਿਮਦਾਬਾਦ (ਗੁਜਰਾਤ) ਤੋਂ ਵੀ ਇਕ ਹੋਰ ਹਵਾਈ ਉਡਾਣ ਚਲਾਉਣ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਕਿ 13 ਮਈ ਨੂੰ ਚੱਲੇਗੀ।
ਤਨਮਨਜੀਤ ਸਿੰਘ ਢੇਸੀ ਨੇ ਬਰਤਾਨੀਆ ਸਰਕਾਰ ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਸਾਡੀ ਵਾਰ-ਵਾਰ ਮੰਗ ‘ਤੇ ਵੀ ਸਰਕਾਰ ਨੇ ਸਿਰਫ ਬ੍ਰਿਟਿਸ਼ ਪਾਸਪੋਰਟ ਵਾਲਿਆਂ ਨੂੰ ਹੀ ਯੂ.ਕੇ, ਵਾਪਸ ਲਿਆਉਣ ਨੂੰ ਪਹਿਲ ਦਿੱਤੀ ਹੈ। ਢੇਸੀ ਨੇ ਕਿਹਾ ਕਿ ਜਿਨ੍ਹਾਂ ਕੋਲ ਇੰਡੀਅਨ ਪਾਸਪੋਰਟ ਹੈ, ਉਨ੍ਹਾਂ ਕੋਲ ਇੰਡੈਫੀਨੈਟ ਲੀਵ ਟੂ ਸਟੈਂਪ ਹੈ ਜਾਂ ਉਨ੍ਹਾਂ ਕੋਲ ਯੂਰਪੀਅਨ ਪਾਸਪੋਰਟ ਹੈ ਤੇ ਉਹ ਯੂ ਕੇ, ਪੱਕੇ ਹਨ, ਉਨ੍ਹਾਂ ਨੇ ਇਥੇ ਰਹਿ ਕੇ ਟੈਕਸ ਭਰਿਆ ਹੈ, ਇਸ ਲਈ ਉਨ੍ਹਾਂ ਨੂੰ ਵੀ ਪੂਰਾ ਹੱਕ ਹੈ ਕਿ ਉਹ ਵੀ ਯੂ .ਕੇ. ਵਾਪਸ ਆ ਸਕਣ।
ਢੇਸੀ ਨੇ ਕਿਹਾ ਕਿ ਮੈਂ ਅਜਿਹੇ ਲੋਕਾਂ ਲਈ ਵੀ ਬਰਤਾਨੀਆ ਸਰਕਾਰ ਕੋਲ ਪੁਰਜ਼ੋਰ ਮੰਗ ਉਠਾਵਾਂਗਾ ਤਾਂ ਜੋ ਉਹ ਵੀ ਜਲਦੀ ਤੋਂ ਜਲਦੀ ਯੂ.ਕੇ. ਵਾਪਸ ਆ ਸਕਣ।