ਸਾਲ 2020 ਦੇ ਸ਼ੁਰੂ ਹੋਣ ਤੋਂ ਹੀ, ਮਾਰੂਥਲੀ ਟਿੱਡੀ-ਦਲ ਭਾਰਤ ਸਣੇ ਬਹੁਤ ਸਾਰੇ ਮੁਲਕਾਂ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪਿਛਲੇ ਕੁੱਝ ਕੁ ਮਹੀਨਿਆਂ ਤੋਂ ਮਾਰੂਥਲੀ ਟਿੱਡੀਆਂ ਦੇ ਪੂਰਬੀ ਅਫਰੀਕਾ ਅਤੇ ਮੱਧ-ਪੂਰਬ ਦੇਸ਼ਾਂ, ਅਤੇ ਭਾਰਤ ਪੱਖੋਂ ਇਸ ਦੇ ਦੱਖਣੀ ਇਰਾਨ ਅਤੇ ਪਾਕਿਸਤਾਨ ‘ਚ ਨਿਰੰਤਰ ਵਿਕਾਸ ਅਤੇ ਗਤੀਸ਼ੀਲਤਾ ਸਾਡੇ ਮੁਲਕ ਦੇ ਸਰਹੱਦੀ ਸੂਬਿਆਂ (ਰਾਜਸਥਾਨ, ਪੰਜਾਬ, ਗੁਜਰਾਤ) ਦੀ ਖੇਤੀ ਅਤੇ ਬਨਾਸਪਤੀ ਲਈ ਇੱਕ ਚੁਣੌਤੀ ਹੈ।
ਹਾਲਾਂਕਿ ਇਨ੍ਹਾਂ ਟਿੱਡੀਆਂ ਦਾ ਬਰਸਾਤ ਦੇ ਮੌਸਮ ਵਿੱਚ ਆਉਣਾ ਇੱਕ ਪੁਰਾਣਾ ਵਰਤਾਰਾ ਹੈ, ਪਰ ਇਸ ਸਾਲ ਸਰਦੀਆਂ ਦੇ ਮੌਸਮ ਵਿੱਚ ਟਿੱਡੀ ਦਲ ਦਾ ਆਉਣਾ ਇੱਕ ਨਵਾਂ ਵਰਤਾਰਾ ਰਿਹਾ ਅਤੇ ਇਹ ਨੂੰ ਮੌਸਮ ਤਬਦੀਲੀਆਂ ਦੀਆਂ ਘਟਨਾਵਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੀਏਯੂ ਦੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ ਪ੍ਰਦੀਪ ਕੁਮਾਰ ਛੁਨੇਜਾ ਨੇ ਕਿਹਾ ਕਿ ਇਸ ਸਾਲ, ਜਨਵਰੀ-ਫ਼ਰਵਰੀ ਦੇ ਮਹੀਨੇ ਚ’ ਸਰਹੱਦ ਪਾਰੋਂ ਟਿੱਡੀ ਦਲ ਦੇ ਛੋਟੇ ਅਤੇ ਦਰਮਿਆਨੇ ਸਮੂਹ ਰਾਜਸਥਾਨ ਅਤੇ ਪੰਜਾਬ ਵਿੱਚ ਦਾਖਲ ਹੋਏ ਸਨ ਜੋ ਕਿ ਮੁਕੰਮਲ ਤੌਰ ਤੇ ਝਟਪਟ ਹੀ ਖਤਮ ਕਰ ਦਿੱਤੇ ਗਏ ਸਨ।
ਪੰਜਾਬ ਵਿੱਚ ਇਨ੍ਹਾਂ ਟਿੱਡੀਆਂ ਦੇ ਛੋਟੇ ਸਮੂਹਾਂ ਦਾ ਕੋਈ ਗੰਭੀਰ ਖਤਰਾ ਨਹੀਂ ਸੀ। ਪੰਜਾਬ ਚ’ ਸਰਦੀਆਂ ਤੋਂ ਬਾਅਦ ਤਾਪਮਾਨ ਵਿੱਚ ਵਾਧੇ ਅਤੇ ਫ਼ਸਲਾਂ/ ਬਨਾਸਪਤੀ ਦੀ ਵੱਡੀ ਸੰਭਾਵਨਾ ਦੇ ਮੱਦੇ-ਨਜ਼ਰ ਸਰਹੱਦ ਪਾਰੋਂ ਸਾਨੂੰ ਸੰਭਾਵਤ ਵੱਡੇ ਬਾਲਗ ਟਿੱਡੀਆਂ ਦੇ ਹਮਲਿਆਂ ਤੋਂ ਬਚਣ ਦੀ ਲੋੜ ਹੈ। ਬੀਤੇ ਕੁੱਝ ਦਿਨਾਂ ਤੋਂ ਸਰਹੱਦ ਨਾਲ ਲਗਦੇ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਦੇ ਹਿੰਦੂਮਲਕੋਟ, ਖੱਖਾਂ ਅਤੇ ਰੇਣੁਕਾ ਖੇਤਰਾਂ ਅਤੇ ਪੰਜਾਬ ਚ’ ਫਾਜ਼ਿਲਕਾ ਜ਼ਿਲ੍ਹੇ ਦੇ ਰੂਪਨਗਰ, ਬਾਰੇਕਾ, ਨੇਜੇਕੇ ਅਤੇ ਬਿਸ਼ੰਬਰ ਤੋਂ ਨਾਬਾਲਗ ਟਿੱਡੀ ਦਲ ਦੇ ਛੋਟੇ ਸਮੂਹਾਂ ਦੀ ਆਮਦ ਵੇਖੀ ਗਈ ਜਿਨਾਂ ‘ਤੇ ਫੌਰੀ-ਤੌਰ ‘ਤੇ ਕਾਬੂ ਪਾ ਲਿਆ ਗਿਆ।
ਸੂਬਾਈ ਖੇਤੀਬਾੜੀ ਵਿਭਾਗ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਪੂਰੀ ਸਤਰਕਤਾ ਨਾਲ ਪੰਜਾਬ ਦੇ ਸਰਹੱਦੀ ਇਲਾਕਿਆਂ ਚ’ ਟਿੱਡੀ ਦਲ ਵਾਸਤੇ ਸਰਵੇਖਣ ਅਤੇ ਯੋਗ ਤਰੀਕਿਆਂ ਨਾਲ ਇਨਾਂ ਦਾ ਮੁਕੰਮਲ ਖਾਤਮਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਮਾਰੂਥਲੀ ਟਿੱਡੀ-ਦਲ ਸਬੰਧੀ ਲੋੜੀਂਦੀ ਜਾਨਕਾਰੀ ਮੁਹਈਆ ਕਰਵਾਈ ਜਾ ਰਹੀ ਹੈ।
ਟਿੱਡੀ ਦਲ ਦੇ ਨਾਬਾਲਗ ਹਾਪਰ ਦੀ ਪਹਿਚਾਣ ਇਸ ਦੇ ਹਰੇ ਤੋਂ ਸਲੇਟੀ ਰੰਗ, ਅਤੇ ਸਵਾਰਮ ਕਰਨ ਵਾਲੇ ਨਵੇਂ ਬਣੇ ਬਾਲਗਾਂ ਦੀ ਗੁਲਾਬੀ-ਭਾ ਮਾਰਦੇ ਜਿਹੇ ਰੰਗ ਤੋਂ ਹੁੰਦੀ ਹੈ ਜਿਸਦੇ ਮੁਹਰਲੇ ਖੰਬਾਂ ਉੱਤੇ ਕਾਲੇ ਧਬਿਆਂ ਜਿਹੇ ਬਹੁਤ-ਸਾਰੇ ਨਿਸ਼ਾਨ ਹੁੰਦੇ ਹਨ। ਕਿਸਾਨਾਂ ਨੂੰ ਇਸ ਟਿੱਡੀ ਦਲ ਦੇ ਹਮਲੇ ਪ੍ਰਤੀ ਚੌਕਸ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਜੇਕਰ ਟਿੱਡੀ ਦਲ ਦੇ ਨਾਬਾਲਗ ਹਾਪਰਾਂ ਦਾ ਸਮੂਹ ਜਾਂ ਉਡਦੇ ਹੋਏ ਬਾਲਗਾਂ ਦਾ ਸਮੂਹ ਜਾਂ ਇਨ੍ਹਾਂ ਦਾ ਹਮਲਾ ਖੇਤਾਂ ‘ਚ ਵਿਖਾਈ ਦੇਵੇ ਤਾਂ ਇਸ ਦੀ ਜਾਣਕਾਰੀ ਫੌਰੀ-ਤੌਰ ਤੋਂ ਆਪਣੇ ਜ਼ਿਲੇ ਦੀ ਪੀ.ਏ.ਯੂ ਸੰਸਥਾ ਜਾਂ ਪੰਜਾਬ ਸਰਕਾਰ ਦੇ ਖੇਤੀਬਾੜੀ ਮਹਿਕਮੇ ਦੇ ਮਾਹਿਰਾਂ ਨੂੰ ਦੇਣ ਤਾਂ ਜੋ ਇਸ ਕੀੜੇ ਦੀ ਸੁਚੱਜੀ ਰੋਕਥਾਮ ਕਰਕੇ ਫ਼ਸਲਾਂ ਅਤੇ ਹੋਰ ਵਨਸਪਤੀ ਨੂੰ ਬਚਾਇਆ ਜਾ ਸਕੇ।