ਇਸਲਾਮਾਬਾਦ: ਕੋਰੋਨਾਵਾਇਰਸ ਦਾ ਸੰਕਰਮਣ ਹੌਲੀ-ਹੌਲੀ ਦੁਨੀਆ ਦੇ ਹਰ ਕੋਨੇ ‘ਚ ਫੈਲਦਾ ਜਾ ਰਿਹਾ ਹੈ। ਇਸ ਨੇ ਪਾਕਿਸਤਾਨ ਵਿਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਪਾਕਿਸਤਾਨ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ ਸੱਤ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਪਾਕਿਸਤਾਨ ਦੇ ਸਿਹਤ ਮੰਤਰੀ ਜਫਰ ਮਿਰਜ਼ਾ ਨੇ ਐਤਵਾਰ ਨੂੰ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਕਰਾਚੀ ਵਿੱਚ ਕੋਰੋਨਾਵਾਇਰਸ ਦੇ ਸੰਕਰਮਣ ਦਾ ਇੱਕ ਨਵਾਂ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਹਰ ਪ੍ਰਕਾਰ ਦੇ ਸੰਪਰਕਾਂ ਨੂੰ ਰੋਕਣ ਦੀ ਸਲਾਹ ਦਿੱਤੀ ਹੈ।
239/ A patient from Karachi, tested #COVIDー19 positive today. All contacts are quarantined. This is 7th case in 🇵🇰 though 1 has already recovered & discharged & another one is ready to be discharged. If we all act responsibly we can avoid corona virus outbreak in Pakistan.
— Zafar Mirza (@zfrmrza) March 8, 2020
ਸਿੰਧ ਸਿਹਤ ਵਿਭਾਗ ਦੇ ਮੁਤਾਬਕ, ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕਰਾਚੀ ਵਿੱਚ 50 ਸਾਲਾ ਵਿਅਕਤੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੈ। ਇਸ ਵਿਅਕਤੀ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਲੋਕਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਸ ਮਰੀਜ਼ ਨੇ ਕਿਸ-ਕਿਸ ਦੇਸ਼ ਦੀ ਯਾਤਰਾ ਕੀਤੀ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਸਿੰਧ ਵਿੱਚ ਕੋਰੋਨਾ ਵਾਇਰਸ ਦਾ ਨਵਾਂ ਕੇਸ ਸਾਹਮਣੇ ਆਉਣ ਤੋਂ ਬਾਅਦ ਸਿੰਧ ਇਲਾਕੇ ਦੇ ਸਾਰੇ ਸਕੂਲਾਂ ਨੂੰ 13 ਮਾਰਚ ਤੱਕ ਬੰਦ ਕਰ ਦਿੱਤਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਵਿੱਚ ਕੋਵਿਡ-19 ਦੇ 6 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਸੀ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਹ ਲੋਕ ਈਰਾਨ ਤੋਂ ਪਾਕਿਸਤਾਨ ਵਾਪਸ ਪਰਤੇ ਸਨ ।
ਦੱਸ ਦਈਏ ਕਿ ਹੁਣ ਤੱਕ ਇਸ ਵਾਇਰਸ ਨਾਲ 3 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 1 ਲੱਖ ਤੋਂ ਜ਼ਿਆਦਾ ਲੋਕ ਇਸ ਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ।