-ਅਵਤਾਰ ਸਿੰਘ
ਭਾਰਤ-ਪਾਕਿਸਤਾਨ ਜੰਗ ਦਾ ਹੀਰੋ ਜਨਰਲ ਜਗਜੀਤ ਸਿੰਘ ਅਰੋੜਾ 3 ਦਸੰਬਰ ਤੋਂ 16 ਦਸੰਬਰ 1971 ਨੂੰ ਭਾਰਤ ਤੇ ਪਾਕਿਸਤਾਨ ਵਿਚਕਾਰ ਚੱਲਣ ਵਾਲੀ ਜੰਗ ਵਿਚ ਬੰਗਲਾਦੇਸ਼ ਦੀ ਆਜ਼ਾਦੀ ਤੇ ਪਾਕਿਸਤਾਨ ਨੂੰ ਸ਼ਰਮਨਾਕ ਹਾਰ ਦੇਣ ਵਿਚ ਇਸ ਯੋਧੇ ਦਾ ਵਿਸ਼ੇਸ ਯੋਗਦਾਨ ਰਿਹਾ ਸੀ। ਇਸ ਜੰਗ ਵਿਚ ਪਾਕਿਸਤਾਨ ਨੂੰ ਤੀਜਾ ਹਿੱਸਾ ਫੌਜ (90,000), ਲੱਗਭਗ ਅੱਧੀ ਆਬਾਦੀ ‘ਤੇ 1,47,570 ਵਰਗ ਕਿਲੋਮੀਟਰ ਤੋਂ ਵੱਧ ਦਾ ਇਲਾਕਾ ਹੱਥੋਂ ਗਵਾਉਣਾ ਪਿਆ।
ਜਗਜੀਤ ਸਿੰਘ ਅਰੋੜਾ ਦਾ ਜਨਮ 13 ਫਰਵਰੀ 1916 ਨੂੰ ਜ਼ਿਲਾ ਜਿਹਲਮ ਦੇ ਪਿੰਡ ਗੁਜਰਾਂ ਵਿਚ ਹੋਇਆ। ਉਨ੍ਹਾਂ ਦੇ ਪਿਤਾ ਇਕ ਇੰਜਨੀਅਰ ਸਨ। ਦਸਵੀਂ ਕਰਨ ਉਪਰੰਤ ਉਹ ਇੰਡੀਅਨ ਮਿਲਟਰੀ ਅਕੈਡਮੀ ਲਈ ਚੁਣੇ ਗਏ। ਉਥੇ ਗਰੈਜੂਏਸ਼ਨ ਕਰਨ ਤੇ 1939 ਵਿਚ ਸੈਕੰਡ ਪੰਜਾਬ ਰੈਜਮੈਂਟ ਵਿਚ ਕਮਿਸ਼ਨ ਮਿਲ ਗਿਆ। ਦੂਜੀ ਵਿਸ਼ਵ ਜੰਗ ਵਿਚ ਜਪਾਨ ਦੇ ਖਿਲਾਫ ਜੰਗ ਵਿਚ ਭਾਗ ਲਿਆ। 1947 ਵਿਚ ਪਾਕਿਸਤਾਨ ਦੀ ਸ਼ਹਿ ‘ਤੇ ਕਬਾਇਲੀਆਂ ਨੇ ਕਸ਼ਮੀਰ ‘ਤੇ ਹਮਲਾ ਕੀਤਾ ਤੇ ਉਨ੍ਹਾਂ ਨੂੰ ਜੰਗ ਵਿਚ ਕਰਾਰੀ ਹਾਰ ਦਿੱਤੀ।
1962 ਤੇ 1965 ਦੀਆਂ ਜੰਗਾਂ ਵਿਚ ਸ਼ਾਨਦਾਰ ਸੇਵਾਵਾਂ ਕਾਰਨ 1969 ਵਿਚ ਭਾਰਤੀ ਫੌਜ ਦੀ ਪੂਰਬੀ ਕਮਾਂਡ ਦਾ ਸੈਨਾਪਤੀ ਨਿਯੁਕਤ ਕੀਤਾ। 1971 ਵਿਚ ਪੂਰਬੀ ਪਾਕਿਸਤਾਨ ਦੀਆਂ ਚੋਣਾਂ ਵਿਚ ਸ਼ੇਖ ਮੁਜੀਬਰ ਰਹਿਮਾਨ ਦੀ ਅਵਾਮੀ ਲੀਗ ਪਾਰਟੀ ਨੇ 313 ਵਿਚੋਂ 167 ਸੀਟਾਂ ਜਿੱਤ ਕੇ ਪ੍ਰਧਾਨ ਮੰਤਰੀ ਦੇ ਆਹੁਦੇ ਦਾ ਦਾਅਵਾ ਪੇਸ਼ ਕੀਤਾ ਤਾਂ ਰਾਸ਼ਟਰਪਤੀ ਜਨਰਲ ਯਹੀਆ ਖਾਨ ਨੇ ਉਸਦਾ ਦਾਅਵਾ ਖਾਰਜ ਕਰ ਦਿੱਤਾ। ਇਸ ਨਾਲ ਗੜਬੜ ਫੈਲ ਗਈ ਤੇ ਮਾਰਚ 1971 ਨੂੰ ਸ਼ੇਖ ਮੁਜੀਬਰ ਰਹਿਮਾਨ ਨੂੰ ਕੈਦ ਕਰ ਲਿਆ ਗਿਆ। ਪੱਛਮੀ ਪਾਕਿਸਤਾਨ ਦੀ ਫੌਜ ਨੇ ਬੰਗਾਲੀ ਲੀਡਰ, ਬੁੱਧੀਜੀਵੀ ਤੇ ਆਮ ਲੋਕ ਤਿੰਨ ਲੱਖ ਦੇ ਕਰੀਬ ਕਤਲ ਕੀਤੇ।
ਬੰਗਾਲੀ ਦੇਸ਼ ਭਗਤਾਂ ਨੇ ਭਾਰਤ ਦੀ ਮਦਦ ਨਾਲ ਮੁਕਤੀ ਬਾਹਿਨੀ ਫੌਜ ਬਣਾਈ। ਪਾਕਿਸਤਾਨ ਨੇ ਬੰਗਾਲੀਆਂ ਦੀ ਮਦਦ ਕਰਨ ਕਰਕੇ ਪੈਦਾ ਹੋਏ ਤਣਾਅ ਤੇ 3/12/1971 ਨੂੰ ਭਾਰਤ ਤੇ ਪਾਕਿਸਤਾਨ ਦੀ ਜੰਗ ਸ਼ੁਰੂ ਹੋ ਗਈ।
ਜਨਰਲ ਅਰੋੜਾ ਦੀ ਅਗਵਾਈ ਹੇਠ ਸਿੱਧਾ ਹਮਲਾ ਕਰ ਦਿੱਤਾ ਗਿਆ। ਪਾਕਿਸਤਾਨ ਦੀ ਫੌਜ ਕੋਲ ਗੋਲੀ ਸਿੱਕਾ ਤੇ ਰਾਸ਼ਨ ਮੌਜੂਦ ਹੋਣ ਦੇ ਬਾਵਜੂਦ ਉਹ ਦਿਲ ਢਾਹ ਬੈਠੀ। ਪੂਰਬੀ ਪਾਕਿਸਤਾਨ ਦੇ ਫੌਜ ਮੁਖੀ ਲੈਫਟੀਨੈਂਟ ਜਨਰਲ ਅਮੀਰ ਅਬਦੁਲਾ ਖਾਨ ਨਿਆਜੀ ਨੇ 90,000 ਕਰੀਬ ਜੁਆਨਾਂ ਸਮੇਤ ਆਪਣੇ ਹਥਿਆਰ ਜਨਰਲ ਅਰੋੜਾ ਮੂਹਰੇ ਲਿਖਤੀ ਰੂਪ ਵਿਚ ਸੁੱਟ ਦਿੱਤੇ।
ਜਨਰਲ ਜਗਜੀਤ ਸਿੰਘ ਅਰੋੜਾ 1973 ਵਿਚ 34 ਸਾਲ ਦੀ ਸੇਵਾ ਮਗਰੋਂ ਰਿਟਾਇਰ ਹੋ ਗਏ। ਉਨ੍ਹਾਂ ਨੂੰ ਪਰਮ ਵਸ਼ਿਸ਼ਟ ਮੈਡਲ ਤੇ ਪਦਮ ਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ। 3 ਮਈ 2005 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਅੱਜ ਦੇ ਦਿਨ ਉਸ ਮਹਾਨ ਸ਼ਖਸ਼ੀਅਤ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ।