ਵਾਸ਼ਿੰਗਟਨ : ਅੱਜ ਕੱਲ੍ਹ ਵਿਦੇਸ਼ਾਂ ‘ਚ ਜਾਣ ਦੇ ਵਧ ਰਹੇ ਰੁਝਾਨ ਦੇ ਚਲਦਿਆਂ ਹਰ ਦਿਨ ਵੀਜ਼ਾ ਨਿਯਮਾਂ ਵਿੱਚ ਕੁੱਝ ਨਾ ਕੁੱਝ ਤਬਦੀਲੀਆਂ ਹੁੰਦੀਆਂ ਹੀ ਰਹਿੰਦੀਆਂ ਹਨ। ਇਸ ਦੇ ਚਲਦਿਆਂ ਹੁਣ ਟਰੰਪ ਪ੍ਰਸ਼ਾਸਨ ਵੱਲੋਂ ਵੀ ਕੁਝ ਪਾਬੰਦੀਆਂ ਲਗਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਇਨ੍ਹਾਂ ਪਾਬੰਦੀਆਂ ਤਹਿਤ ਗਰਭਵਤੀ ਔਰਤਾਂ ‘ਤੇ ਅਮਰੀਕਾ ਜਾਣ ‘ਤੇ ਪਾਬੰਦੀ ਲਗਾਈ ਜਾਵੇਗੀ। ਪਤਾ ਲੱਗਾ ਹੈ ਕਿ ਕਿਸੇ ਖਾਸ ਪ੍ਰਸਥਿਤੀਆਂ ਵਿੱਚ ਹੀ ਅਜਿਹੀਆਂ ਮਹਿਲਾਵਾਂ ਨੂੰ ਵੀਜ਼ਾ ਮਿਲ ਸਕੇਗਾ। ਦੱਸਣਯੋਗ ਹੈ ਕਿ ਅਜਿਹੇ ਮਾਮਲਿਆਂ ਵਿੱਚ ਪਹਿਲਾਂ ਕਾਉਂਸਲਰ ਆਫਿਸਰ ਨਾਲ ਗੱਲਬਾਤ ਕਰਨੀ ਪਵੇਗੀ ਉਨ੍ਹਾਂ ਨੂੰ ਅਮਰੀਕਾ ਜਾਣ ਦੀ ਕੋਈ ਠੋਸ ਵਜ੍ਹਾ ਜਾਂ ਕਾਰਨ ਦੱਸਣਾ ਹੋਵੇਗਾ।।
ਪ੍ਰਸ਼ਾਸਨ ਵੱਲੋਂ ਲਗਭਗ ਹਰ ਤਰ੍ਹਾਂ ਦੇ ਇਮੀਗ੍ਰੇਸ਼ਨ ‘ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ, ਪਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖਾਸ ਤੌਰ’ ਤੇ ‘ਜਨਮਜਾਤ ਨਾਗਰਿਕਤਾ’ ਦੇ ਮੁੱਦੇ ‘ ਨੂੰ ਲੈ ਕੇ ਕੜਾ ਰਵੱਈਆ ਅਪਣਾਇਆ ਹੈ। ਇਸ ਦੇ ਤਹਿਤ, ਅਮਰੀਕਾ ਵਿੱਚ ਪੈਦਾ ਹੋਏ ਗੈਰ-ਅਮਰੀਕੀ ਨਾਗਰਿਕਾਂ ਦੇ ਬੱਚਿਆਂ ਨੂੰ ਜਿਹੜਾ ਨਾਗਰਿਕਤਾ ਦਾ ਅਧਿਕਾਰ ਦਿੱਤਾ ਜਾਂਦਾ ਹੈ ਉਸ ਨੂੰ ਖਤਮ ਕਰ ਦਿੱਤਾ ਜਾਵੇਗਾ। ਰਿਪੋਰਟਾਂ ਮੁਤਾਬਿਕ ਰੂਸ ਅਤੇ ਚੀਨ ਵਰਗੇ ਦੇਸ਼ਾਂ ਦੀਆਂ ਬਹੁਤ ਸਾਰੀਆਂ ਆਪਣੇ ਬੱਚੇ ਨੂੰ ਜਨਮ ਦੇਣ ਲਈ ਅਮਰੀਕਾ ਆਉਂਦੀਆਂ ਹਨ ਅਤੇ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਲਗਾਤਾਰ ਇਸ ਰੁਝਾਨ ਨੂੰ ਖਤਮ ਕਰਨ ਦੇ ਕਦਮ ਚੁਕੇ ਜਾ ਰਹੇ ਹਨ।