ਲੰਡਨ : ਭਾਰਤੀਆਂ ਨੇ ਅੱਜ ਨਾ ਸਿਰਫ ਆਪਣੇ ਮੁਲਕ ਅੰਦਰ ਬਲਕਿ ਦੂਜੇ ਦੇਸ਼ਾਂ ਅੰਦਰ ਜਾ ਕੇ ਵੀ ਦੇਸ਼ ਦਾ ਝੰਡਾ ਬੁਲੰਦ ਕੀਤਾ ਹੈ। ਜਿੱਥੇ ਦੂਜੇ ਮੁਲਕਾਂ ‘ਚ ਜਾ ਕੇ ਭਾਰਤੀ ਹੋਰਨਾਂ ਖੇਤਰਾਂ ‘ਚ ਅੱਗੇ ਆ ਰਹੇ ਹਨ ਉੱਥੇ ਹੀ ਇਨ੍ਹਾਂ ਨੇ ਸਿਆਸਤ ਵਿੱਚ ਵੀ ਵੱਡਾ ਨਾਮ ਕਮਾਇਆ ਹੈ। ਕੁਝ ਅਜਿਹੇ ਹੀ ਹਨ ਭਾਰਤੀ ਮੂਲ ਦੀ ਸੰਸਦ ਲੀਸਾ ਨੰਦੀ ਜਿਹੜੇ ਕਿ ਬਰਤਾਨੀਆਂ ‘ਚ ਲੇਬਰ ਪਾਰਟੀ ਦੇ ਨੇਤਾ ਜੇਰੇਮੀ ਕਾਰਬਿਨ ਦੀ ਜਗ੍ਹਾ ਲੈਣ ਲਈ ਦੌੜ ‘ਚ ਸ਼ਾਮਲ ਹੋਏ ਹਨ। ਨੰਦੀ ਨੇ ਇਸ ਆਹੁਦੇ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ।
ਦੱਸ ਦਈਏ ਕਿ ਲੰਘੀ 12 ਦਸੰਬਰ ਨੂੰ ਹੋਈਆਂ ਆਮ ਚੋਣਾਂ ‘ਚ ਲੇਬਰ ਪਾਰਟੀ ਦੀ ਹੋਈ ਹਾਰ ਹੋਈ ਸੀ। ਇਸ ਤੋਂ ਬਾਅਦ ਜੇਰੇਮੀ ਕਾਰਬਿਨ ਨੇ ਪਾਰਟੀ ਦੀ ਅਗਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਦੇ ਚਲਦਿਆਂ ਪਾਰਟੀ ਦੀ ਅਗਵਾਈ ਕਰਨ ਲਈ ਨੇਤਾ ਚੁਣਨ ਵਾਸਤੇ ਹੀ ਚੋਣ ਕੀਤੀ ਜਾ ਰਹੀ ਹੈ ਅਤੇ ਇਸੇ ਚੋਣ ਲਈ ਨੰਦੀ ਨੇ ਦਾਅਵੇਦਾਰੀ ਪੇਸ਼ ਕੀਤੀ ਹੈ।
ਦੱਸਣਯੋਗ ਇਹ ਵੀ ਹੈ ਕਿ ਇਸ ਆਹੁਦੇ ਦੀ ਸੰਭਾਲ ਲਈ ਚਾਰ ਦਾਅਵੇਦਾਰ ਸਾਹਮਣੇ ਆਏ ਹਨ। ਨੰਦੀ ਤੋਂ ਇਲਾਵਾ ਕਲਾਇਵ ਲੁਈਸ, ਏਮਿਲੀ ਥਾਨਰਬੇਰੀ ਅਤੇ ਜੇਸ ਫਿਲਿਪ ਭੀ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਲੰਘੀਆਂ ਚੋਣਾਂ ਦੌਰਾਨ ਗ੍ਰੇਟਰ ਮੈਨਚੈਸਟਰ ਦੀ ਵਿਗਨ ਸੀਟ ਤੋਂ ਲੋਕਾਂ ਨੇ ਨੰਦੀ ਦੇ ਹੱਕ ਵਿੱਚ ਫਤਵਾ ਦਿੰਦਿਆਂ ਉਨ੍ਹਾਂ ਨੂੰ ਆਪਣੀ ਸੰਸਦ ਮੈਂਬਰ ਚੁਣਿਆ ਹੈ।