ਕੇਂਦਰ ਸਰਕਾਰ ਵੱਲੋਂ ਮਾਲ, ਹੋਟਲ ਤੇ ਰੈਸਟੋਰੈਂਟ ਖੋਲ੍ਹਣ ਨੂੰ ਲੈ ਕੇ ਨਵੇਂ ਦਿਸ਼ਾ ਨਿਰਦੇਸ਼ ਜਾਰੀ

TeamGlobalPunjab
2 Min Read

ਨਵੀਂ ਦਿੱਲੀ : ਦੇਸ਼ ਹੌਲੀ-ਹੌਲੀ ਲੌਕਡਾਊਨ ਤੋਂ ਬਾਹਰ ਨਿਕਲ ਰਿਹਾ ਹੈ। ਲੌਕਡਾਊਨ ਵਿਚ ਛੁੱਟ ਮਿਲਣ ਤੋਂ ਬਾਅਦ ਜਿਵੇਂ ਜਿਵੇਂ ਹੋਟਲ, ਰੈਸਟੋਰੈਂਟ, ਮਾਲ ਖੁੱਲ ਰਹੇ ਹਨ ਤੇ ਦਫਤਰਾਂ ਵਿਚ ਕੰਮਕਾਜ ਸ਼ੁਰੂ ਹੋ ਰਿਹਾ ਹੈ। ਜਿਸ ਦੇ ਚੱਲਦਿਆਂ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਹੋਟਲ, ਰੈਸਟੋਰੈਂਟ, ਮਾਲ ਤੇ ਦਫਤਰਾਂ ਨੂੰ ਲੈ ਕੇ ਨਵੇਂ ਸਿਰੇ ਤੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਅਤੇ ਕੰਟੇਨਮੈਂਟ ਜ਼ੋਨ ਨੂੰ ਛੱਡ ਕੇ ਬਾਕੀ ਥਾਵਾਂ ‘ਤੇ ਹੋਟਲ, ਸ਼ਾਪਿੰਗ ਮਾਲ, ਰੈਸਟੋਰੈਂਟ ਅਤੇ ਧਾਰਮਿਕ ਸਥਾਨ ਆਦਿ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਜਿਸ ਨੂੰ ਲੈ ਕੇ ਸਿਹਤ ਮੰਤਰਾਲਾ ਵਲੋਂ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ।

ਸਿਹਤ ਮੰਤਰਾਲੇ ਦੇ ਨਵੇਂ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਹੋਟਲ ਅਤੇ ਸ਼ਾਪਿੰਗ ਮਾਲ ਵਿਚ ਸੋਸ਼ਲ ਡਿਸਟੈਂਸਿੰਗ ਲਈ 6 ਫੁੱਟ ਦੀ ਦੂਰੀ ਜ਼ਰੂਰੀ ਹੋਵੇਗੀ। ਹਰ ਇਕ ਨੂੰ ਮਾਸਕ ਲਗਾਉਣਾ ਜਰੂਰੀ ਤੇ ਥੁੱਕਣ ‘ਤੇ ਪਾਬੰਦੀ ਰਹੇਗੀ। ਹੋਟਲ ਆਉਣ ਵਾਲੇ ਯਾਤਰੀਆਂ ਨੂੰ ਅਰੋਗਿਆ ਸੇਤੂ ਐਪ ਦਾ ਹੋਣਾ ਲਾਜ਼ਮੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬਿਨਾਂ ਲੱਛਣਾਂ ਵਾਲੇ ਯਾਤਰੀਆਂ ਨੂੰ ਹੀ ਅੰਦਰ  ਦਾਖਲ ਹੋਣ ਦਿੱਤਾ ਜਾਵੇਗਾ। ਹੋਟਲ, ਰੈਸਟੋਰੈਂਟਾਂ ਅਤੇ ਸ਼ਾਪਿੰਗ ਮਾਲ ‘ਚ ਸਿਰਫ 24-25 ਡਿਗਰੀ ਸੈਲਸੀਅਸ ਤੱਕ ਹੀ ਏਸੀ ਚਲਾਉਣ ਦੀ ਇਜਾਜ਼ਤ ਹੋਵੇਗੀ। ਇਸ ਤੋਂ ਇਲਾਵਾ ਜਿੰਨਾ ਸੰਭਵ ਹੋ ਸਕੇ ਤਾਜ਼ੀ ਹਵਾ ਲਈ ਕਰਾਸ ਵੈਂਟੀਲੇਸ਼ਨ ਦਾ ਹੋਣਾ ਲਾਜ਼ਮੀ ਕੀਤਾ ਗਿਆ ਹੈ।

ਸਿਹਤ ਮੰਤਰਾਲੇ ਨੇ ਕੋਰੋਨਾ ਸੰਕਰਮਣ ਦੇ ਖਤਰੇ ਨੂੰ ਧਿਆਨ ‘ਚ ਰੱਖਦੇ ਹੋਏ ਬਜ਼ੁਰਗਾਂ, ਗਰਭਵਤੀ ਔਰਤਾਂ, 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਸ਼ੂਗਰ, ਗੁਰਦੇ ਜਾਂ ਹੋਰ ਸਬੰਧਤ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ। ਰੈਸਟੋਰੈਂਟ ਓਪਰੇਟਰਾਂ ਨੂੰ ਹੋਮ ਡਿਲੀਵਰੀ ਘਰ ਦੇ  ਮੁੱਖ ਗੇਟ ਤੱਕ ਕਰਨ ਲਈ ਕਿਹਾ ਗਿਆ ਹੈ ਅਤੇ ਨਾਲ ਹੀ ਹੋਮ ਡਿਲੀਵਰੀ ਸਟਾਫ ਦੀ ਥਰਮਲ ਸਕ੍ਰੀਨਿੰਗ ਵੀ ਲਾਜ਼ਮੀ ਕੀਤੀ ਗਈ ਹੈ। ਇਸ ਦੇ ਨਾਲ ਹੀ ਰੈਸਟੋਰੈਂਟਾਂ ਵਿਚ ਬੈਠਣ ਦੀ ਸਮਰੱਥਾ ਨੂੰ 50 ਪ੍ਰਤੀਸ਼ਤ ਤੱਕ ਘਟਾਉਣ ਦੀ ਸਲਾਹ ਦਿੱਤੀ ਗਈ ਹੈ।

ਧਾਰਮਿਕ ਸਥਾਨਾਂ ‘ਤੇ ਵੀ ਬਿਨਾਂ ਲੱਛਣ ਵਾਲੇ ਵਿਅਕਤੀਆਂ ਨੂੰ ਹੀ ਦਾਖਲ ਹੋਣ ਦੀ ਆਗਿਆ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਲੰਗਰ ਜਾਂ ਕਿਸੇ ਵੀ ਕਿਸਮ ਦੇ ਭੰਡਾਰੇ ‘ਚ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਾਰਨਾ ਹੋਵੇਗਾ। ਧਾਰਮਿਕ ਸਥਾਨਾਂ ‘ਤੇ ਹੱਥ ‘ਚ ਪ੍ਰਸ਼ਾਦ ਜਾਂ ਜਲ ਦੇਣ ‘ਤੇ ਪਾਬੰਦੀ ਹੋਵੇਗੀ।

- Advertisement -

Share this Article
Leave a comment