ਰਿਚਮੰਡ, ਕੈਲੀਫੋਰਨੀਆ: ਵਿਦੇਸ਼ੀ ਧਰਤੀ ਤੋਂ ਉਂਝ ਭਾਵੇਂ ਨਸਲੀ ਹਮਲਿਆਂ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ ਪਰ ਹੁਣ ਇੱਕ ਅਮਰੀਕਾ ‘ਚ ਰਹਿਣ ਵਾਲੇ 57 ਸਾਲਾ ਸਿੱਖ ਵਿਅਕਤੀ ਦੇ ਹੱਕ ਵਿੱਚ ਯੂਨਾਈਟਿਡ ਸਿੱਖ ਜਥੇਬੰਦੀ ਆ ਖੜ੍ਹੀ ਹੋਈ ਹੈ। ਉਨ੍ਹਾਂ ਨੇ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ। ਜਥੇਬੰਦੀ ਨੂੰ ਸ਼ੱਕ ਹੈ ਕਿ ਕਿਤੇ ਇਹ ਹੇਟ ਕਰਾਇਮ ਦਾ ਮਾਮਲਾ ਤਾਂ ਨਹੀਂ।
ਜਾਣਕਾਰੀ ਮੁਤਾਬਿਕ ਪੀੜਤ ਦਾ ਨਾਮ ਬਲਜੀਤ ਸਿੰਘ ਸਿੱਧੂ ਹੈ ਅਤੇ ਇਹ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ। ਬੀਤੇ ਦਿਨੀਂ ਜਦੋਂ ਇਹ ਆਪਣਾ ਕੰਮ ਦਾ ਸਮਾਂ ਪੂਰਾ ਹੋਣ ‘ਤੇ ਆਪਣੀ ਗੱਡੀ ਪਾਰਕ ਕਰਕੇ ਜਾ ਰਿਹਾ ਸੀ ਤਾਂ ਇੱਕ ਵਿਅਕਤੀ ਉਸ ਕੋਲ ਇੱਕ ਯਾਤਰੀ ਬਣ ਕੇ ਆਇਆ। ਪਰ ਬਲਜੀਤ ਨੇ ਉਸ ਨੂੰ ਛੱਡ ਕੇ ਆਉਣ ਤੋਂ ਮਨ੍ਹਾਂ ਕਰ ਦਿੱਤਾ। ਬਲਜੀਤ ਸਿੰਘ ਅਨੁਸਾਰ ਇਸ ਤੋਂ ਬਾਅਦ ਉਹ ਯਾਤਰੀ ਬਣ ਕੇ ਆਇਆ ਵਿਅਕਤੀ ਇੱਕ ਵਾਰ ਤਾਂ ਚਲਾ ਗਿਆ ਪਰ ਕੁਝ ਸਮੇਂ ਬਾਅਦ ਫਿਰ ਵਾਪਸ ਆ ਗਿਆ ਅਤੇ ਉਸ ਨਾਲ ਕੁੱਟ ਮਾਰ ਕਰਨ ਲੱਗਾ। ਬਲਜੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਉਸ ਨੇ ਰੌਲਾ ਪਾ ਦਿੱਤਾ ਤਾਂ ਨੇੜੇ ਤੋਂ ਅਵਾਜ ਸੁਣ ਕੇ ਇੱਕ ਵਿਅਕਤੀ ਨੇ ਉਸ ਨੂੰ ਛੁਡਵਾਇਆ।
ਯੂਨਾਈਟਿਡ ਸਿੱਖਸ ਦੇ ਲੀਗਲ ਡਾਇਰੈਕਟਰ, ਜਸਮੀਤ ਸਿੰਘ ਨੇ ਕਿਹਾ, “ਸਿੱਖ ਵੱਖ ਵੱਖ ਦਿਖਾਈ ਦੇਣ ਕਾਰਨ ਅਮਰੀਕੀ ਨਾਗਰਿਕਾਂ ਨਾਲੋਂ 100 ਗੁਣਾ ਜ਼ਿਆਦਾ ਹਮਲਿਆਂ ਦਾ ਸ਼ਿਕਾਰ ਹੁੰਦੇ ਹਨ।“ ਉਨ੍ਹਾਂ ਕਿਹਾ ਕਿ ਉਹ ਸੀਨੀਅਰ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ ਤਾਂ ਜੋ ਮੁਲਜ਼ਮ ਫੜਿਆ ਜਾਵੇ।