ਪੰਜਾਬ ਨੂੰ ਮਾਰੂਥਲ ਬਣਨ ਤੋਂ ਕਿਵੇਂ ਬਚਾਉਣਗੇ ਗੁਰੂ ਨਾਨਕ ਪਵਿੱਤਰ ਜੰਗਲ! ਜਾਣੋ ਕਿਵੇਂ

TeamGlobalPunjab
12 Min Read

ਪਿੱਛਲੀਆਂ ਚਾਰ ਸਦੀਆਂ ਦਾ ਇਤਿਹਾਸ ਜਿਹੜਾ ਮਨੁੱਖੀ ਸਮਾਜ ਦਾ ਬਿਆਨ ਹੋ ਰਿਹਾ ਹੈ ਉਹ ਇਹ ਦੱਸਦਾ ਹੈ ਕਿ ਅਜੋਕੇ ਸਮੇਂ ਮਨੁੱਖ ਦਾ ਵੱਧ ਝੁਕਾਅ ਵਿਗਿਆਨ ਤੇ ਪਦਾਰਥ ਵੱਲ ਜ਼ਿਆਦਾ ਹੈ। ਅੱਜ ਇਸ ਦੇ ਭਿਆਨਕ ਨਤੀਜੇ ਸਾਡੇ ਸਾਹਮਣੇ ਆ ਚੁੱਕੇ ਹਨ, ਜਿਸ ਕਾਰਨ ਮਨੁੱਖ ਸਰੀਰਕ, ਮਾਨਸਿਕ ਤੇ ਰੂਹਾਨੀਅਤ ਤੌਰ ‘ਤੇ ਵੱਧ ਨਿਘਾਰ ‘ਚ ਚਲਾ ਗਿਆ ਹੈ। ਇਨ੍ਹਾਂ ‘ਚੋਂ ਇੱਕ ਪੱਖ ਭਾਵ “ਵਾਤਾਵਰਨ” ਦੀ ਜੇ ਅਸੀਂ ਗੱਲ ਕਰੀਏ ਤਾਂ ਯੂਨਾਈਟਿਡ ਨੈਸ਼ਨਜ਼ ਵੱਲੋਂ ਪਹਿਲਾਂ ਕਈ ਮੁਲਕਾਂ ਨੂੰ ਇਸ ਪੱਖ ‘ਤੇ ਕੰਮ ਕਰਨ ਜਾਂ ਇਸ ਪ੍ਰਤੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ ਗਿਆ ਹੈ। ਪਰ ਉਨ੍ਹਾਂ ਮੁਲਕਾਂ ਨੇ ਆਪਣੀ ਆਰਥਿਕ ਸਥਿਤੀ ਕਾਰਨ ਇਸ ਨੂੰ ਕੋਈ ਵਧੇਰੇ ਤਰਜ਼ੀਹ ਨਹੀਂ ਦਿੱਤੀ। ਇਸ ਕਰਕੇ ਯੂਨਾਈਟਿਡ ਨੈਸ਼ਨਜ਼ ਨੇ ਮੁਖ ਧਾਰਮਿਕ ਸੰਸਥਾਵਾਂ ਨੂੰ ਧਰਮ ਦਾ ਓਟ ਤੇ ਆਸਰਾ ਲੈਂਦਿਆ ਹੋਇਆ ਕਿਹਾ ਹੈ ਕਿ ਉਹ ਵਾਤਾਵਰਨ ਦੇ ਪੱਖ ‘ਤੇ ਕੰਮ ਕਰਨ ਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ। ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ “ਈਕੋ ਸਿੱਖ” (ਧਾਰਮਿਕ ਸੰਸਥਾ) ਵੱਲੋਂ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਲਈ ਕੀ-ਕੀ ਕਾਰਜ ਉਲੀਕੇ ਗਏ ਹਨ। ਇਸ ਲਈ ਜਦੋਂ ਸਾਡੇ ਖਾਸ ਪ੍ਰੋਗਰਾਮ “ਚਿੰਤਨਧਾਰਾ” ਰਾਹੀਂ “ਈਕੋ ਸਿੱਖ” ਸੰਸਥਾ ਦੇ ਸਾਊਥ ਏਸੀਆ ਦੇ ਐੱਮਡੀ ਸ. ਰਵਨੀਤ ਸਿੰਘ ਨਾਲ ਖਾਸ ਗੱਲਬਾਤ ਕੀਤੀ ਗਈ ਤਾਂ ਕੀ ਕਿਹਾ ਉਨ੍ਹਾਂ ਨੇ ਆਓ ਤੁਹਾਨੂੰ ਦੱਸਦੇ ਹਾਂ…

ਸਵਾਲ : “ਈਕੋ ਸਿੱਖਸੰਸਥਾ ਵੱਲੋਂ ਜੋ ਛੋਟੇਛੋਟੇ ਜੰਗਲ ਲਗਾਏ ਜਾ ਰਹੇ ਹਨ, ਇਸ ਦਾ ਮੁੱਖ ਮੰਤਵ ਕੀ ਹੈ?

ਜਵਾਬ :  ਗੁਰੂ ਨਾਨਕ ਦੇਵ ਜੀ ਦਾ 550 ਵਾ ਪ੍ਰਕਾਸ਼ ਪੁਰਬ ਪੂਰੀ ਦੁਨੀਆ ‘ਚ ਮਨਾਇਆ ਜਾ ਰਿਹਾ ਹੈ। ਦੂਜੇ ਪਾਸੇ ਅਸੀਂ ਕਹਿ ਸਕਦੇ ਹਾਂ ਕਿ “ਗੁਰੂ ਨਾਨਕ ਪਵਿੱਤਰ ਜੰਗਲ ਪ੍ਰਾਜੈਕਟ” ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦਾ ਇੱਕ ਨਿਵੇਕਲਾ ਢੰਗ ਵੀ ਹੈ। ਕੁਦਰਤ ਦੇ ਅਸਲੀ ਸਰਮਾਏ ਦੀ ਘਾਟ ਨੂੰ ਅਸੀਂ ਪੰਜਾਬ ਹੀ ਨਹੀਂ ਸਗੋਂ ਪੂਰੀ ਦੁਨੀਆ ‘ਚ ਮਹਿਸੂਸ ਕਰ ਰਹੇ ਹਾਂ। ਉਸ ਨਜ਼ਰੀਏ ਨੂੰ ਮੁੱਖ ਰੱਖਦੇ ਹੋਏ ਅਸੀਂ ਇਸ ਪ੍ਰਾਜੈਕਟ ਰਾਹੀਂ 550 ਰੁੱਖਾਂ ਦਾ ਇੱਕ ਜੰਗਲ ਹਰ ਪਿੰਡ ਤੇ ਹਰ ਸ਼ਹਿਰ ‘ਚ ਲਗਾਉਣਾ ਚਾਹੁੰਦੇ ਹਾਂ। ਅੱਜ ਕੱਲ੍ਹ ਰੁੱਖਾਂ ਦੀ ਮਿਕਦਾਰ ਵੀ ਬਹੁਤ ਘੱਟਦੀ ਜਾ ਰਹੀ ਹੈ ਜੋ ਇੱਕ ਗੰਭੀਰ ਮੁੱਦਾ ਹੈ। ਇਸ ਲਈ ਅਸੀਂ ਇਹ ਪ੍ਰਾਜੈਕਟ ਪੂਰੀ ਦੁਨੀਆ ਅੱਗੇ ਰੱਖਿਆ ਹੈ।

ਸਵਾਲ : ਤੁਸੀਂ ਵੱਡੇ ਜੰਗਲਾਂ ਤੇ ਛੋਟੇ ਜੰਗਲਾਂ ਕੀ ਫਰਕ ਸਮਝਦੇ ਹੋ? ਕੀ ਛੋਟੇ ਜੰਗਲ ਦੇ ਵੱਡੇ ਜੰਗਲ ਨਾਲੋਂ ਜ਼ਿਆਦਾ ਫਾਇਦੇ ਹੁੰਦੇ ਹਨ

ਜਵਾਬ : ਜਦੋਂ ਅਸੀਂ ਛੋਟੇ ਜੰਗਲ ਲਗਾਉਣ ਦੀ ਗੱਲ ਕਰਦੇ ਹਾਂ ਤਾਂ ਪਹਿਲੀ ਸਮੱਸਿਆ ਸਾਨੂੰ ਥਾਂ ਦੀ ਆਉਂਦੀ ਹੈ। ਭਾਵ ਜੰਗਲ ਲਗਾਉਣ ਲਈ ਪੰਜਾਬ ‘ਚ ਥਾਂ ਕਿੱਥੇ ਹੈ। ਇੱਥੇ ਮੈਂ ਇਹ ਦੱਸਣਾ ਚਾਹੁੰਦਾ ਕਿ ਅਸੀਂ 200 ਗਜ਼ ਜਾਂ ਕਰੀਬ 10 ਮਰਲੇ ਤੋਂ ਵੀ ਘੱਟ ਜਮੀਨ ‘ਚ 550 ਰੁੱਖ ਲਗਾਉਂਦੇ ਹਾਂ। ਇਨ੍ਹਾਂ 550 ਰੁੱਖਾਂ ਦੇ ਸੰਗ੍ਰਹਿ(ਸਮੂਹ) ‘ਚ ਉਹ ਸਾਰੇ ਪੁਰਾਤਨ ਰੁੱਖ ਹਨ ਜਿਵੇਂ- ਖੱਟਾ, ਕਰੋਂਦਾ, ਫਾਲਸਾ, ਲਸੂੜੇ ਤੇ ਇਸ ਤਰ੍ਹਾਂ ਹੀ ਕੁਝ ਛੋਟੀਆਂ ਜੰਗਲੀ ਪ੍ਰਜਾਤੀਆਂ ਹਨ ਜਿਵੇਂ- ਚਕੋਂਦਰਾ, ਹੈਨੇ, ਬੇਰੀ, ਮਲ੍ਹੇ ਬੇਰੀ, ਅਸਗੰਧ, ਰੁਹੇੜੇ ਦਾ ਰੁੱਖ, ਫਲਾਈ ਦਾ ਰੁੱਖ ਤੇ ਜੰਡ ਦਾ ਰੁੱਖ ਜਿਸ ਨਾਲ ਗੁਰੂ ਸਾਹਿਬ ਦਾ ਇਤਿਹਾਸ ਜੁੜਿਆ ਹੋਇਆ ਹੈ। ਇਸ ਦੇ ਨਾਲ ਹੀ ਕਰੀਰ ਦਾ ਰੁੱਖ ਜਿਸ ਤੋਂ ਸਾਨੂੰ ਡੇਲਿਆ ਦਾ ਆਚਾਰ ਮਿਲਦਾ ਹੈ। ਅੱਜਕਲ੍ਹ ਕਰੀਰ ਦੇ ਰੁੱਖ ਬਹੁਤ ਘੱਟ ਮਿਲਦੇ ਹਨ। ਇਸ ਲਈ ਜੋ ਚਿੜੀਆਂ ਕਰੀਰ ਦੇ ਰੁੱਖਾਂ ‘ਚ ਰਹਿੰਦੀਆਂ ਸਨ ਉਹ ਚਿੜੀਆਂ ਹੁਣ ਕਿੱਥੇ ਰਹਿਣਗੀਆਂ। ਇਸ ਤਰ੍ਹਾਂ ਦੀਆਂ ਅਨੇਕਾਂ ਪ੍ਰਜਾਤੀਆਂ ਹਨ ਜਿਹੜੀਆਂ ਪੁਰਾਤਨ ਸਮੇਂ ‘ਚ ਜੰਗਲਾਂ ਜਾਂ ਝੀੜੀਆਂ ‘ਚ ਪਾਈਆ ਜਾਂਦੀਆਂ ਸਨ ਤੇ ਹੁਣ ਇਹ ਪ੍ਰਜਾਤੀਆਂ ਵੱਡੇ-ਵੱਡੇ ਜੰਗਲਾਂ ‘ਚ ਵੀ ਨਹੀਂ ਲੱਭਦੀਆਂ। ਇਸ ਲਈ ਇਨ੍ਹਾਂ ਪ੍ਰਜਾਤੀਆਂ ਨੂੰ ਮੁੜ ਸੁਰਜੀਤ ਕਰਨ ਲਈ ਤੇ ਇਨ੍ਹਾਂ ਪੁਰਾਤਨ ਰੁੱਖਾਂ ਦਾ ਬੀਜ ਬੈਂਕ ਬਣਾਉਣ ਲਈ ਇਹ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ।

ਸਵਾਲ : ਅੱਜਕਲ੍ਹ ਕੀੜਿਆਂ ਦੀਆਂ ਕਈ ਪ੍ਰਜਾਤੀਆਂ ਅਲੋਪ ਹੋ ਚੁੱਕੀਆਂ ਹਨ ਕੀ ਇਸ ਦਾ ਕਾਰਨ ਰੁੱਖਾਂ ਦੀ ਗਿਣਤੀ ਦਾ ਘਟਣਾ ਹੈ?

ਜਵਾਬ : ਕੀੜਿਆਂ ਦੀਆਂ ਕਈ ਪ੍ਰਜਾਤੀਆਂ ਦੇ ਅਲੋਪ ਹੋਣ ਦਾ ਪਹਿਲਾਂ ਕਾਰਨ ਰੁੱਖਾਂ ਦੀ ਮਿਕਦਾਰ ਦਾ ਘਟਣਾ ਹੈ। ਅਸੀਂ ਖੁਦ ਹੀ ਚਿੜੀਆਂ ਤੇ ਤਿੱਤਲੀਆਂ ਦਾ ਰੈਣ ਬਸੇਰਾ ਉਜਾੜ ਦਿੱਤਾ ਹੈ ਜਿਹੜਾ ਇਨ੍ਹਾਂ ਜੀਵ-ਜੰਤੂਆਂ ਦਾ ਨਿਵਾਸ ਘਰ ਹੁੰਦਾ ਸੀ। ਇਸ ਲਈ ਜਦੋਂ ਅਸੀਂ ਇਨ੍ਹਾਂ ਦੇ ਨਿਵਾਸ ਸਥਾਨ ਹੀ ਨਸ਼ਟ ਕਰ ਦਿੱਤੇ ਤਾਂ ਇਹ ਜੀਵ-ਜੰਤੂ ਜਾਣਗੇ ਵੀ ਕਿੱਧਰ। ਉਦਾਹਰਨ ਦੇ ਤੌਰ ਤੇ ਅਸੀਂ ਆਖ ਦਿੰਦੇ ਹਾਂ ਕਿ ਸਾਡੇ ਘਰ ਸੁੱਕੀ ਲੱਕੜ ਨੂੰ ਦੀਮਕ ਲੱਗ ਗਈ ਹੈ ਤਾਂ ਇਸ ਦਾ ਕਾਰਨ ਇਹ ਹੀ ਹੈ ਕਿ ਜਦੋਂ ਜੰਗਲ ਹੀ ਨਹੀਂ ਰਹੇ ਤਾਂ ਦੀਮਕ ਘਰਾਂ ‘ਚ ਪਈ ਸੁੱਕੀ ਲੱਕੜ ਨੂੰ ਹੀ ਲੱਗੇਗੀ। ਸਾਡੇ ਹੁਣ ਤੱਕ ਤਕਰੀਬਨ 32 ਪਵਿੱਤਰ ਜੰਗਲ ਲੱਗ ਚੁੱਕੇ ਹਨ। ਇੱਕ ਵਾਰ ਸਾਨੂੰ ਕਿਸੇ ਵੱਲੋਂ ਫੋਨ ਕਰਕੇ ਇਹ ਕਿਹਾ ਗਿਆ ਕਿ ਸਾਡੇ ਵੱਲੋਂ ਲਗਾਏ ਗਏ ਜੰਗਲ ‘ਚ ਇੱਕ ਰੁੱਖ ਨੂੰ ਦੀਮਕ ਲੱਗ ਗਈ ਹੈ। ਜਿਸ ‘ਤੇ ਅਸੀਂ ਬਹੁਤ ਖੁਸ਼ੀ ਮਨਾਈ। ਕਿਉਂਕਿ ਜਦੋਂ ਦੀਮਕ ਜੰਗਲ ‘ਚ ਆ ਗਈ ਤਾਂ ਉਸ ਨੂੰ ਖਾਣ ਲਈ ਹੋਰ ਪੰਛੀ ਜੰਗਲ ‘ਚ ਆਉਣਗੇ। ਇਸ ਨਾਲ ਇਨ੍ਹਾਂ ਜੰਗਲਾਂ ‘ਚ ਜੀਵ-ਜੰਤੂ ਤੇ ਪੰਛੀਆਂ ਦੀ ਗਿਣਤੀ ‘ਚ ਵਾਧਾ ਹੋਵੇਗਾ ਤੇ ਇਸ ਦੇ ਨਾਲ ਹੀ ਜੀਵ-ਜੰਤੂਆਂ ਦੀ ਖੁਰਾਕ ਲੜੀ ‘ਚ ਵੀ ਵਾਧਾ ਹੋਵੇਗਾ।

ਦੂਜੇ ਪਾਸੇ ਅਸੀਂ ਖੇਤੀ ਨੂੰ ਜਿਸ ਤਰ੍ਹਾਂ ਵਿਚਾਰਦੇ ਆ ਰਹੇ ਹਾਂ ਉਸ ਅਨੁਸਾਰ ਸਾਨੂੰ ਦੱਸਿਆ ਜਾਂਦਾ ਰਿਹਾ ਹੈ ਕਿ ਇਹ ਕੀਟਨਾਸ਼ਕ ਹਨ ਇਨ੍ਹਾਂ ਨੂੰ ਮਾਰ ਮੁਕਾਓ। ਇਨ੍ਹਾਂ ਪਵਿੱਤਰ ਜੰਗਲਾਂ ਦੇ ਲੱਗਣ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦਾ ਤਰੀਕਾ ਫਿਰ ਤੋਂ ਸ਼ੁਰੂ ਹੋ ਜਾਣਾ ਜਿਸ ਅਨੁਸਾਰ ਨਾਨਕ ਪਾਤਸ਼ਾਹ ਕਹਿੰਦੇ ਸਨ… ਬਚਾਓ, ਪਿਆਰ ਦਿਓ ਤੇ ਦੇਖੋ ਕੁਦਰਤ ਆਪਣਾ ਖੇਡ ਕਿਵੇਂ ਖੇਡਦੀ ਹੈ

ਸਵਾਲ : ਹੁਣ ਤੱਕ ਕਿੰਨੇ ਜੰਗਲ ਲੱਗ ਚੁੱਕੇ ਹਨ ਤੁਸੀਂ ਕੁੱਲ ਟੀਚਾ ਕਿੰਨਾ ਮਿੱਥੀਆ ਹੋਇਆ ਹੈ?

ਜਵਾਬ : ਸੰਗਤ ਦੀ ਅਪਾਰ ਬਖਸ਼ਿਸ਼ ਸਦਕਾ ਹੁਣ ਤੱਕ ਅਸੀਂ 32 ਗੁਰੂ ਨਾਨਕ ਪਵਿੱਤਰ ਜੰਗਲ ਲਗਾ ਚੁੱਕੇ ਹਾਂ। ਇਨ੍ਹਾਂ ‘ਚ ਇੱਕ-ਇੱਕ ਜੰਗਲ ਰਾਜਸਥਾਨ, ਮਹਾਂਰਾਸ਼ਟਰ, ਫਰੀਦਾਬਾਦ ਤੇ  ਜੰਮੂ ‘ਚ ਲੱਗੇ ਹਨ ਤੇ ਬਾਕੀ ਦੇ ਸਾਰੇ ਜੰਗਲ ਪੰਜਾਬ ‘ਚ ਲੱਗੇ ਹਨ। ਸਾਡਾ ਟੀਚਾ 10 ਲੱਖ ਰੁੱਖਾਂ ਦਾ ਮਿੱਥਿਆ ਹੋਇਆ ਹੈ। ਇਸ ਟੀਚੇ ਦੇ ਅਨੁਸਾਰ ਅਸੀਂ 1820 ਜੰਗਲ ਲਗਾਉਣਾ ਚਾਹੁੰਦੇ ਹਾਂ।

ਸਵਾਲ : ਇਸ ਪਵਿੱਤਰ ਕਾਰਜ਼ ਲਈ ਤੁਸੀਂ ਸੰਗਤ ਤੱਕ ਪਹੁੰਚ ਕਰਦੇ ਹੋ ਜਾਂ ਸੰਗਤ ਖੁਦ ਤੁਹਾਡੇ ਤੱਕ ਪਹੁੰਚ ਕਰਦੀ ਹੈ?

ਜਵਾਬ : ਇਹ ਸਾਰਾ ਸਹਿਯੋਗ ਹੀ ਗੁਰੂ ਦੀ ਸੰਗਤ ਦਾ ਹੈ। ਸੰਗਤਾਂ ਵੱਲੋਂ ਹੀ ਆ ਕੇ ਸਾਨੂੰ ਕਿਹਾ ਜਾਂਦਾ ਕਿ ਉਨ੍ਹਾਂ ਕੋਲ ਪਵਿੱਤਰ ਜੰਗਲ ਲਗਾਉਣ ਲਈ ਕਈ ਏਕੜ ਜ਼ਮੀਨ ਖਾਲੀ ਪਈ ਹੈ। ਸਾਡਾ ਕੰਮ ਤਾਂ ਬਸ ਇਹ ਦੇਖਣਾ ਹੁੰਦਾ ਕਿ ਜਿਸ ਥਾਂ ‘ਤੇ ਅਸੀਂ ਪਵਿੱਤਰ ਜੰਗਲ ਲਗਾਉਣ ਹੈ ਉਸ ਦੇ ਉਪਰੋਂ ਬਿਜਲੀ ਦੀਆਂ ਤਾਰਾਂ, ਧਰਤੀ ਦੇ ਹੇਠਾਂ ਦੀ ਪਾਇਪ ਬਗੈਰਾ ਆਦਿ ਤਾਂ ਨਹੀਂ ਲੰਘ ਰਹੀਆਂ ਦੂਜਾ ਉਸ ਥਾਂ ਦੇ ਕੋਲ ਮਲਵੇ ਦਾ ਢੇਰ ਤਾਂ ਨਹੀਂ ਹੈ। ਸਾਡੇ ਵੱਲੋਂ ਜੰਗਲ ਲਾਉਣ ਲਈ ਇੱਕ ਟੀਮ ਬਣਾਈ ਗਈ ਹੈ ਇਸ ਤੋਂ ਇਲਾਵਾ ਜਿਸ ਪਿੰਡ ਜਾਂ ਸ਼ਹਿਰ ‘ਚ ਜੰਗਲ ਲਗਾਇਆ ਜਾਂਦਾ ਹੈ ਉਥੋਂ ਦੇ ਲੋਕਾਂ ਨੂੰ ਵੀ ਪਹਿਲਾਂ ਇਸ ਦੀ ਸਿੱਖਲਾਈ ਦਿੱਤੀ ਜਾਂਦੀ ਹੈ।

ਹੁਣ ਅਸੀਂ ਸਾਹਨੇਵਾਲ (ਲੁਧਿਆਣਾ) ‘ਚ ਇੱਕ ਗੁਦਾਮ ਤਿਆਰ ਕਰ ਲਿਆ ਹੈ ਜਿੱਥੇ ਅਸੀਂ ਲਗਭਗ 25 ਹਜ਼ਾਰ ਰੁੱਖਾਂ ਦੀ ਪਨੀਰੀ ਇਕੱਠੀ ਕੀਤੀ ਹੈ। ਹੁਣ ਤੱਕ ਅਸੀਂ ਰੁੱਖਾਂ ਦੀਆਂ 37-38 ਪ੍ਰਜਾਤੀਆਂ ਇਕੱਠੀਆਂ ਕੀਤੀਆਂ ਹਨ ਤੇ ਆਉਣ ਵਾਲੇ ਸਮੇਂ ‘ਚ ਅਸੀਂ ਪ੍ਰਜਾਤੀਆਂ ਦੀ ਗਿਣਤੀ ਵਧਾਉਣਾ ਚਾਹੁੰਦੇ ਹਾਂ। ਇਸ ਪ੍ਰਾਜੈਕਟ ਦੇ ਤਹਿਤ ਅਸੀਂ 13 ਹਜ਼ਾਰ ਰੁਪਏ ਦਾ ਇੱਕ ਪੈਕੇਜ਼ ਬਣਾਇਆ ਹੈ ਜਿਸ ‘ਚ 550 ਰੁੱਖ ਹੁੰਦੇ ਹਨ। ਇਹ ਪੈਸੇ ਈਕੋ ਸਿੱਖ ਨਰਸਰੀ ‘ਚ ਜਮ੍ਹਾ ਕਰਵਾਉਣੇ ਹੁੰਦੇ ਹਨ। ਇਨ੍ਹਾਂ ਰੁੱਖਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੁੰਦੀ ਹੈ। ਕਿਉਂਕਿ ਸਾਡਾ ਟੀਚਾ ਭਾਵ ਪੰਜਾਬੀਆਂ ਦਾ ਟੀਚਾ ਬਹੁਤ ਵੱਡਾ ਹੈ ਇਸ ਲਈ ਸਾਨੂੰ ਬਹੁਤ ਤੇਜ਼ੀ ਨਾਲ ਕੰਮ ਕਰਨ ਦੀ ਲੋੜ ਹੈ।

ਸਵਾਲ : ਕੀ ਤੁਸੀਂ ਪਾਣੀ ਦੇ ਪ੍ਰਦੂਸ਼ਣਤੇ ਵੀ ਕੰਮ ਕਰ ਰਹੇ ਹੋ? ਇਸ ਬਾਰੇ ਤੁਹਾਡੀ ਕੀ ਵਿਚਾਰ ਹਨ

ਜਵਾਬ :  ਜਦੋਂ ਇੱਕ ਰੁੱਖ ਲਗਾਇਆ ਜਾਂਦਾ ਹੈ ਤਾਂ ਉਸ ਦੇ ਕਈ ਫਾਇਦੇ ਹੁੰਦੇ ਹਨ। ਪਹਿਲਾਂ ਤਾਂ ਰੁੱਖ ਆਪਣੀਆਂ ਜੜ੍ਹਾਂ ਨਾਲ ਮਿੱਟੀ ਨੂੰ ਰੋਕ ਕੇ ਰੱਖਦੇ ਹਨ ਜਿਸ ਨਾਲ ਪਾਣੀ ਜ਼ਿਆਦਾ ਆਉਣ ਨਾਲ ਮਿੱਟੀ ‘ਚ ਖੋਰ ਨਹੀਂ ਪੈਂਦਾ। ਦੂਜਾ ਰੁੱਖ ਦੀ ਜੜ੍ਹ ‘ਚ ਜੋ ਜਿਵਾਣੂ ਪੈਦਾ ਹੁੰਦੇ ਹਨ, ਉਹ ਆਪਣੀ ਕਿਰਿਆ ਦੁਆਰਾ ਜ਼ਮੀਨ ਨੂੰ ਉਪਜਾਉ ਬਣਾਉਂਦੇ ਹਨ। ਇਸ ਦੇ ਨਾਲ ਹੀ ਮੀਂਹ ਦਾ ਵਾਧੂ ਪਾਣੀ ਵੀ ਰੁੱਖਾਂ ਦੀਆਂ ਜੜ੍ਹਾਂ ‘ਚੋਂ ਦੀ ਧਰਤੀ ਹੇਠਾਂ ਚਲਾ ਜਾਂਦਾ ਹੈ ਜਿਸ ਨਾਲ ਪਾਣੀ ਦਾ ਪੱਧਰ ਵਧਦਾ ਹੈ।

ਸਵਾਲ : ਪੰਜਾਬ ਪਾਣੀ ਦਾ ਘਟਣਾ ਤੇ ਦੂਜੇ ਪਾਸੇ ਬਿਜਲੀ ਬਣਾਉਣ ਲਈ ਕੋਲੇ ਦੀ ਜ਼ਿਆਦਾ ਵਰਤੋਂ ਨਾਲ ਪੈਦਾ ਹੋ ਰਹੇ ਪ੍ਰਦੂਸ਼ਣ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?

ਜਵਾਬ : ਪੰਜਾਬੀਆਂ ਨੇ ਸ਼ੁਰੂ ਤੋਂ ਹੀ ਆਪਣੀ ਵਾਗਡੋਰ ਆਪਣੇ ਹੀ ਹੱਥਾਂ ‘ਚ ਰੱਖੀ ਹੈ। ਹੋਲੀ-ਹੋਲੀ ਪੰਜਾਬ ‘ਚ ਸੋਲਰ ਪੈਨਲਾਂ ਦੀ ਗਿਣਤੀ ਵੱਧ ਰਹੀ ਹੈ ਦੂਜਾ ਫੈਕਟਰੀਆਂ ‘ਚ ਕੋਲੇ ਦੀ ਥਾਂ ਹੋਰ ਬਾਲਣਾਂ ਦੀ ਵਰਤੋਂ ਕੀਤੀ ਜਾਣ ਲੱਗੀ ਹੈ। ਕਿਸਾਨਾਂ ਨੂੰ ਵੀ ਇਸ ਲਈ ਜਾਗਰੂਕ ਹੋਣ ਦੀ ਲੋੜ ਹੈ। ਖਾਸ ਤੌਰ ਤੇ ਇੰਡਸਟਰੀ ਸੈਕਟਰ ਨਾਲ ਸਬੰਧਤ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਫੈਕਟਰੀ ‘ਚ ਕੋਲੇ ਦੀ ਥਾਂ ਅਜਿਹੇ ਬਾਲਣ ਦੀ ਵਰਤੋਂ ਕਰਨ ਜੋ ਪ੍ਰਦੂਸ਼ਣ ਰਹਿਤ ਹੋਵੇ। ਇੱਥੇ ਅਸੀਂ ਕਿਸਾਨ ਭਰਾਵਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਲੁਧਿਆਣਾ ‘ਚ ਸਰਦਾਰ ਪ੍ਰਤੀਕ ਚੰਦੋਕ ਵੱਲੋਂ “ਫਾਰਮ ਟੂ ਐਨਰਜੀ” ਪ੍ਰਾਜੈਕਟ  ਤਹਿਤ ਪਰਾਲੀ ਤੋਂ ਫੈਕਟਰੀਆਂ ‘ਚ ਸੀਐੱਨਜੀ ਤਿਆਰ ਕਰਕੇ ਕੋਲੇ ਦਾ ਬਦਲ ਤਿਆਰ ਕੀਤਾ ਜਾ ਰਿਹਾ ਹੈ। ਇਸ ਲਈ ਸਾਨੂੰ ਕੋਲੇ ਦੇ ਬਦਲ ਲਈ ਜੋ ਨਵੀਆਂ ਤਕਨੀਕਾਂ ਨੂੰ ਅਪਣਾਉਣਾ ਚਾਹੀਦਾ ਹੈ। ਕਿਉਂਕਿ ਕੋਲੇ ਦੇ ਜਲਣ ਨਾਲ ਜੋ ਪ੍ਰਦੂਸ਼ਣ ਪੈਦਾ ਹੁੰਦਾ ਉਸ ਦੇ ਸਾਡੇ ਸਰੀਰ ਤੇ ਬਹੁਤ ਹਾਨੀਕਾਰਕ ਪ੍ਰਭਾਵ ਪੈਂਦੇ ਹਨ। ਇੱਕ ਰਿਪੋਰਟ ਮੁਤਾਬਕ ਇੰਡੀਆ ‘ਚ ਹਰ ਸਾਲ 16 ਲੱਖ ਲੋਕ ਹਵਾ ਪ੍ਰਦੂਸ਼ਣ ਕਾਰਨ ਮਰਦੇ ਹਨ ਤੇ ਦੁਨੀਆ ਪੱਧਰ ‘ਤੇ ਹਵਾ ਪ੍ਰਦੂਸ਼ਣ ਨਾਲ ਮਰਨ ਵਾਲਿਆ ਦੀ ਗਿਣਤੀ ਲਗਭਗ 80 ਲੱਖ ਹੈ।

ਸਵਾਲ : ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ?

ਜਵਾਬ : ਅੱਜ ਪੰਜਾਬ ‘ਚ ਪਾਣੀ ਪ੍ਰਦੂਸ਼ਣ, ਹਵਾ ਪ੍ਰਦੂਸ਼ਣ ਤੇ ਜ਼ਮੀਨ ਪ੍ਰਦੂਸ਼ਣ ਨਾਲ ਲੱਖਾਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ, ਪਾਣੀ ਦਾ ਪੱਧਰ ਵੀ ਬਹੁਤ ਹੇਠਾਂ ਜਾ ਰਿਹਾ ਹੈ। ਇਨ੍ਹਾਂ ਸਾਰੀਆਂ ਚੀਜਾਂ ਦਾ ਫਾਇਦਾ ਗੁਰੂ ਨਾਨਕ ਪਵਿੱਤਰ ਜੰਗਲ ‘ਚੋਂ ਹੀ ਨਿਕਲ ਸਕਦਾ ਹੈ। ਹੁਣ ਪੰਜਾਬੀਆਂ ਨੂੰ ਇਸ ਵਾਗਡੋਰ ਨੂੰ ਸੰਭਾਲਣਾ ਚਾਹੀਦਾ ਹੈ। ਅਸੀਂ ਬਹੁਤ ਸਾਰਾ ਖਰਚਾ ਕਰਕੇ ਪਹਿਲਾਂ ਤਾਂ ਜੰਗਲਾਂ ਦੀ ਕਟਾਈ ਕੀਤੀ ਤੇ ਫਿਰ ਉਸ ਥਾਂ ‘ਤੇ ਫੈਕਟਰੀਆਂ ਬਣਾਈਆਂ, ਉਨ੍ਹਾਂ ਜੰਗਲਾਂ ਨੂੰ ਵੇਚ ਕੇ ਹੀ ਘਰ ਤੇ ਗੱਡੀਆਂ ਖਰੀਦੀਆਂ। ਪਰ ਜੇਕਰ ਅੱਜ ਅਸੀਂ ਥੋੜ੍ਹਾ ਜਿਹਾ ਪੈਸਾ ਖਰਚ ਕੇ ਧਰਤੀ ਦੀ ਸ਼ੁਧਤਾ ਲਈ ਫਿਰ ਤੋਂ ਜੰਗਲ ਲਗਾ ਸਕਦੇ ਹਾਂ ਤਾਂ ਸਾਨੂੰ ਇਸ ਪਵਿੱਤਰ ਕਾਰਜ਼ ਲਈ ਗੁਰੇਜ਼ ਨਹੀਂ ਕਰਨਾ ਚਾਹੀਦਾ। ਕਿਉਂਕਿ ਪੰਜਾਬ ਸਿਰਫ ਪੰਜਾਬੀਆਂ ਕਰਕੇ ਜਿਉਂਦਾ ਹੈ ਤੇ ਜੇਕਰ ਪੰਜਾਬੀ ਹੀ ਨਾ ਰਹੇ ਤੇ ਪੰਜਾਬ ਦੇ ਰੁੱਖ, ਜੀਵ-ਜੰਤੂ ਤੇ ਪੰਛੀ ਹੀ ਨਾ ਰਹੇ ਤਾਂ ਫਿਰ ਅਸੀਂ ਪੰਜਾਬ ਦਾ ਕੀ ਬਚਾਅ ਕਰਾਂਗੇ। ਸੋ ਸਾਨੂੰ ਸਾਰਿਆਂ ਨੂੰ ਆਪਣੇ ਵਾਤਾਵਰਨ ਨੂੰ ਬਚਾਉਣ ਲਈ ਮਿਲਕੇ ਯਤਨ ਕਰਨੇ ਚਾਹੀਦੇ ਹਨ।

https://www.youtube.com/watch?v=mLeW2HNgYRc

Share This Article
Leave a Comment