ਮੋਗਾ : ਮੋਗਾ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਡੀਜੇ ਗਰੁੱਪ ਨਾਲ ਕੰਮ ਕਰਨ ਵਾਲੇ ਵਿਅਕਤੀ ਦੇ ਕਤਲ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਇਹ ਮਾਮਲਾ ਬੀਤੇ ਦਿਨੀਂ ਇਸ ਕਦਰ ਭਖ ਉਠਿਆ ਸੀ ਕਿ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਅਕਤੀਆਂ ਵੱਲੋਂ ਧਰਮਕੋਟ ਦੇ ਵਿਧਾਇਕ ‘ਤੇ ਹੀ ਹਮਲਾ ਕਰ ਦਿੱਤਾ ਸੀ। ਜਿਸ ਤੋਂ ਬਾਅਦ ਹੁਣ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਸਖਤ ਸੁਰੱਖਿਆ ਹੇਠ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿੱਥੇ ਉਨ੍ਹਾਂ ਨੂੰ ਇੱਕ ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 2 ਦਸੰਬਰ ਨੂੰ ਪੁਲਿਸ ਵੱਲੋਂ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦੇ ਡਰਾਇਵਰ ਸਵਰਨ ਸਿੰਘ ਦੇ ਬਿਆਨਾਂ ‘ਤੇ ਨੌਜਵਾਨ ਭਾਰਤ ਸਭਾ ਦੇ ਕਰਮਜੀਤ ਸਿੰਘ ਕੋਟਕਪੁਰਾ, ਪੇਂਡੂ ਮਜਦੂਰ ਯੂਨੀਅਨ ਦੇ ਜਨਰਲ ਸਕੱਤਰ ਮੰਗਾ ਸਿੰਘ, ਜ਼ਮਹੂਰੀਅਤ ਅਧਿਕਾਰ ਸਭਾ ਦੇ ਦਰਸ਼ਨ ਸਿੰਘ ਤੂਰ, ਲੋਕ ਸੰਗਰਾਮ ਮੰਗ ਦੇ ਤਾਰਾ ਸਿੰਘ ਤੋਂ ਇਲਾਵਾ 80 ਅਣਪਛਾਤੇ ਹਮਲਾਵਰਾਂ ਖਿਲਾਫ ਐਫਆਈਆਰ ਨੰਬਰ 256 ਨੂੰ ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੰਜ ਵਿਅਕਤੀਆਂ ਨੂੰ ਵੀਡੀਓ ਫੂਟੇਜ਼ ਦੇ ਅਧਾਰ ‘ਤੇ ਨਾਮਜਦ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਦਾਲਤ ‘ਚ ਪੇਸ਼ ਕੀਤਾ ਗਿਆ ਜਿੱਥੇ ਉਨ੍ਹਾਂ ਨੂੰ ਇੱਕ ਦਿਨਾਂ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ