ਸਾਊਦੀ ਅਰਬ ‘ਚ ਫਸਿਆ ਪੰਜਾਬੀ ਨੌਜਵਾਨ, ਰਿਹਾਈ ਬਦਲੇ ਮੰਗੇ ਇੱਕ ਕਰੋੜ ਰੁਪਏ! ਜੇ ਪੈਸੇ ਨਹੀਂ ਤਾਂ ਸਿਰ ਹੋਵੇਗਾ ਕਲਮ
ਮੁਕਤਸਰ ਸਾਹਿਬ : ਨੌਜਵਾਨ ਪੀੜ੍ਹੀ ‘ਚ ਅੱਜ ਵਿਦੇਸ਼ ਜਾਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ।ਪਰ ਵਿਦੇਸ਼ੀ ਮੁਲਕ ਅੰਦਰ ਭਾਰਤੀਆਂ ਦੇ ਕਤਲ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਤਾਜ਼ਾ ਮਾਮਲਾ ਭਾਵੇਂ ਕੁਝ ਅਜਿਹਾ ਤਾਂ ਨਹੀਂ ਹੈ ਪਰ ਫਿਰ ਵੀ ਵਿਦੇਸ਼ੀ ਧਰਤੀ ਨਾਲ ਸਬੰਧਤ ਜਰੂਰ ਹੈ। ਦਰਅਸਲ ਇੱਥੋਂ ਦੇ ਪਿੰਡ ਮੱਲਣ ਦਾ ਬਲਵਿੰਦਰ ਸਿੰਘ ਨਾਮਕ ਇੱਕ ਨੌਜਵਾਨ 12 ਸਾਲ ਪਹਿਲਾਂ ਸਾਊਦੀ ਅਰਬ ‘ਚ ਰੁਜ਼ਗਾਰ ਦੀ ਭਾਲ ਲਈ ਗਿਆ ਸੀ ਪਰ ਹੁਣ ਪਤਾ ਲੱਗਾ ਹੈ ਕਿ ਉਹ ਪਿਛਲੇ ਪੰਜ ਸਾਲ ਤੋਂ ਉੱਥੇ ਜੇਲ੍ਹ ‘ਚ ਬੰਦ ਹੈ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਬਲਵਿੰਦਰ ਸਿੰਘ ਦੀ ਮਾਂ ਨੂੰ ਇਸ ਸਬੰਧੀ ਫੋਨ ਆਇਆ ਸੀ। ਪਤਾ ਲੱਗਾ ਹੈ ਕਿ ਉਸਦੀ ਰਿਹਾਈ ਬਦਲੇ ਪਰਿਵਾਰ ਤੋਂ ਬਲੱਡ ਮਨੀ ਦੇ ਤੌਰ ‘ਤੇ ਇੱਕ ਕਰੋੜ (ਭਾਰਤੀ ਕਾਰੰਸੀ) ਰੁਪਏ ਮੰਗੇ ਗਏ ਹਨ। ਇੱਥੇ ਹੀ ਬੱਸ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਇਹ ਪੈਸੇ ਨਹੀਂ ਮਿਲਦੇ ਤਾਂ ਬਲਵਿੰਦਰ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਜਾਵੇਗਾ। ਦੱਸਣਯੋਗ ਇਹ ਵੀ ਹੈ ਕਿ ਬਲਵਿੰਦਰ ਸਿੰਘ ਦੇ ਪਰਿਵਾਰ ਕੋਲ ਕੋਈ ਵੀ ਜ਼ਮੀਨ ਜਾਇਦਾਦ ਨਹੀਂ ਹੈ ਜਿਸ ਨੂੰ ਵੇਚ ਕੇ ਉਹ ਇਹ ਪੈਸੇ ਇਕੱਠੇ ਕਰ ਸਕਣ।