ਵਾਸ਼ਿੰਗਟਨ: ਮੁੰਡੇ ਤੇ ਕੁੜੀਆਂ ਦੇ ਦਿਮਾਗੀ ਵਿਕਾਸ ‘ਤੇ ਕੀਤੀ ਗਈ ਰਿਸਰਚ ਅਨੁਸਾਰ ਹਿਸਾਬ (Mathematics) ਹੱਲ ਕਰਨ ਦੀ ਦਿਮਾਗੀ ਸਮਰਥਾ ਦਾ ਲਿੰਗ ਭੇਦ ਨਾਲ ਕੋਈ ਲੈਣਾ – ਦੇਣਾ ਨਹੀਂ ਹੈ। ਅਮਰੀਕਾ ਵਿੱਚ ਕਾਰਨੇਗੀ ਮੇਲਨ ਯੂਨੀਵਰਸਿਟੀ ਦੇ ਖੋਜਕਾਰਾਂ ਵੱਲੋਂ ਨਿਊਰੋਇਮੇਜਿੰਗ ਰਾਹੀਂ ਬੱਚਿਆਂ ਦੀ ਹਿਸਾਬ ਹੱਲ ਕਰਨ ਦੀ ਯੋਗਤਾ ਵਾਰੇ ਰਿਸਰਚ ਕੀਤੀ ਗਈ।
ਸਾਇੰਸ ਆਫ ਲਰਨਿੰਗ ਮੈਗਜ਼ੀਨ ‘ਚ ਪ੍ਰਕਾਸ਼ਿਤ ਰਿਸਰਚ ਦੇ ਨਤੀਜਿਆਂ ਮੁਤਾਬਕ ਮੁੰਡੇ ਤੇ ਕੁੜੀਆਂ ਦੇ ਦਿਮਾਗ ਦੇ ਵਿਕਾਸ ਤੇ ਹਿਸਾਬ ਹੱਲ੍ਹ ਕਰਨ ਦੀ ਸਮਰੱਥਾ ਵਿੱਚ ਕੋਈ ਅੰਤਰ ਨਹੀਂ ਹੈ, ਦੋਵੇਂ ਬਰਾਬਰ ਹਨ।
ਅਮਰੀਕਾ ਦੀ ਸ਼ਿਕਾਗੋ ਯੂਨੀਵਰਸਿਟੀ ਦੀ ਖੋਜਕਾਰ ਤੇ ਇਸ ਰਿਸਰਚ ਦੀ ਸਾਥੀ-ਲੇਖਕ ਏਲਿਸਾ ਕੇਰਸੀ ਨੇ ਕਿਹਾ, ‘ਇਹ ਮਹੱਤਵਪੂਰਣ ਗੱਲ ਹੈ ਕਿ ਸਰੀਰਕ ਪੱਧਰ ‘ਤੇ ਚਾਹੇ ਅਸੀ ਇੱਕ-ਦੂੱਜੇ ਤੋਂ ਕਾਫ਼ੀ ਵੱਖ ਦਿਖਦੇ ਹੋਈਏ ਪਰ ਸਾਡੇ ‘ਚ ਕਈ ਸਮਾਨਤਾਵਾਂ ਵੀ ਹਨ।’ ਸਿਰਫ ਹਿਸਾਬ ਹੀ ਨਹੀਂ ਸਗੋਂ ਮੁੰਡੇ ਤੇ ਕੁੜੀਆਂ ਦਾ ਦਿਮਾਗ ਕਈ ਤਰੀਕਿਆ ਨਾਲ ਇੱਕੋ ਜਿਹਾ ਹੈ।”
ਜਾਂਚ ਵਿੱਚ ਇਹ ਵੀ ਪਤਾ ਲੱਗਿਆ ਹੈ ਕਿ ਮੁੰਡੇ ਤੇ ਕੁੜੀਆਂ ਦੋਵਾਂ ਦਾ ਵਿਦਿਅਕ ਵੀਡੀਓ ਵੇਖਦੇ ਸਮੇਂ ਧਿਆਨ ਵੀ ਬਰਾਬਰ ਰਹਿੰਦਾ ਹੈ।
ਇਸ ਜਾਂਚ ਲਈ ਖੋਜਕਾਰਾਂ ਨੇ ਤਿੰਨ ਤੋਂ10 ਸਾਲ ਦੀ ਉਮਰ ਦੇ 104 ਬੱਚਿਆਂ ( 55 ਕੁੜੀਆਂ ਤੇ 49 ਮੁੰਡਿਆ ) ਦਾ ਗਿਣਤੀ ਤੇ ਜੋੜ ਵਰਗੇ ਆਸਾਨ ਹਿਸਾਬ ਦੇ ਸਵਾਲਾਂ ਵਾਲਾ ਵਿਦਿਅਕ ਵੀਡੀਓ ਵੇਖਦੇ ਹੋਏ ਦੀ ਐਮਆਰਆਈ ਕੀਤੀ। ਉਨ੍ਹਾਂ ਨੇ ਮੁੰਡੇ ਅਤੇ ਕੁੜੀਆਂ ਦੋਵਾਂ ਦੇ ਦਿਮਾਗ ਦੀਆਂ ਸਮਾਨਤਾਵਾਂ ਦੀ ਤੁਲਨਾ ਕੀਤੀ।