ਵਿਸ਼ਵ ਵਿਚ ਜਰਮਨ ਦੀ ਕੰਧ ਦਾ ਇਤਿਹਾਸ ਮਕਬੂਲ ਹੈ। ਪੂਰਬੀ ਜਰਮਨੀ ਅਰਥਾਤ ਜਰਮਨ ਜਮਹੂਰੀ ਗਣਰਾਜ ਵੱਲੋਂ 13 ਅਗਸਤ, 1961 ਨੂੰ ਇਹ ਕੰਧ ਇਕ ਨਾਕੇ ਦੇ ਰੂਪ ਵਿਚ ਉਸਾਰੀ ਗਈ ਸੀ ਜਿਸ ਦੀ ਲੰਬਾਈ 96 ਮੀਲ ਸੀ। ਇਸ ਕੰਧ ਨੇ ਪੂਰਬੀ ਬਰਲਿਨ ਅਤੇ ਪੱਛਮੀ ਬਰਲਿਨ ਨੂੰ ਜ਼ਮੀਨ ਤੋਂ ਅਲੱਗ ਅਲੱਗ ਰੂਪ ਤਕਸੀਮ ਕਰ ਦਿੱਤਾ ਸੀ। ਵਾਸਤਵ ਵਿਚ ਇਹ ਕੰਧ ਸੀਤ ਯੁੱਧ ਦੇ ਦੌਰ ਵਿਚ ਪੂਰਬੀ ਜਰਮਨੀ ਛੱਡ ਕੇ ਜਾ ਰਹੇ ਲੋਕਾਂ ਦੇ ਹਜ਼ੂਮ ਨੂੰ ਰੋਕਣ ਦੀ ਹੀ ਰੋਕ ਵਜੋਂ ਉਸਾਰੀ ਗਈ ਸੀ ਜਿਹੜੀ 9 ਨਵੰਬਰ, 1989 ਵਾਲੇ ਦਿਨ ਢਾਹੀ ਗਈ ਸੀ। ਭੂਗੋਲਿਕ ਰੂਪ ਵਿਚ ਅਲੱਗ ਅਲੱਗ ਵੰਡੀ ਗਈ ਮਨੁੱਖਤਾ ਨੂੰ ਮੁੜ ਜੋੜਨ ਦਾ ਜਿਹੜਾ ਸੁਭਾਗਾ ਦਿਨ ਆਇਆ ਉਹ 9 ਨਵੰਬਰ, 1989 ਦਾ ਦਿਨ ਸੀ। ਇਸ ਨੂੰ ਇਤਫ਼ਾਕ ਸਮਝਿਆ ਜਾਣਾ ਚਾਹੀਦਾ ਹੈ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ 72 ਵਰ੍ਹਿਆਂ ਤੋਂ ਖਿੱਚੀ ਗਈ ਲਕੀਰ ਵੀ ਅੱਜ ਦੇ ਹੀ ਦਿਨ ਮਿਟ ਗਈ ਹੈ ਜਿਸ ਨਾਲ ਭਾਰਤੀ ਲੋਕ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਰਹੇ ਹਨ। ਇਸ ਪ੍ਰਾਪਤੀ ਪਿੱਛੇ ਅਣਗਿਣਤ ਦੁਆਵਾਂ, ਅਰਦਾਸਾਂ ਅਤੇ ਅਪੀਲਾਂ ਕਾਰਜਸ਼ੀਲ ਹਨ।
ਭਾਰਤ ਅਤੇ ਪਾਕਿਸਤਾਨ ਦੀ ਵੰਡ ਉਪਰੰਤ ਦਿੱਲੀ ਦੇ ਲਾਲ ਕਿਲ੍ਹੇ ‘ਤੇ ਕਵੀ ਦਰਬਾਰ ਹੋ ਰਿਹਾ ਸੀ ਜਿਸ ਦੀ ਸਦਾਰਤ ਡਾਕਟਰ ਰਾਜਿੰਦਰ ਪ੍ਰਸਾਦ ਹੁਰੀਂ ਕਰ ਰਹੇ ਸਨ। ਪੰਡਿਤ ਜਵਾਹਰ ਲਾਲ ਨਹਿਰੂ ਵੀ ਇਕ ਸਰੋਤੇ ਵਜੋਂ ਇਸ ਸਮਾਗਮ ਵਿਚ ਸ਼ਾਇਰੀ ਦਾ ਆਨੰਦ ਮਾਣ ਰਹੇ ਸਨ। ਸ਼ਾਇਰਾਂ ਵਿਚ ਇਕ ਅਜਿਹਾ ਸ਼ਖ਼ਸ ਵੀ ਬੈਠਾ ਸੀ ਜਿਸ ਨੇ ਧੋਤੀ ਕੁੜਤਾ ਪਹਿਨਿਆ ਹੋਇਆ ਸੀ। ਸਿਰ ‘ਤੇ ਟੋਪੀ ਸੀ ਤੇ ਗਲ ‘ਚ ਪਰਨਾ। ਆਪਣੀ ਵਾਰੀ ਆਉਣ ‘ਤੇ ਉਹ ਸ਼ਾਇਰ ਬੜੇ ਸਹਿਜ ਨਾਲ ਉਠਿਆ ਤੇ ਰੋਹਬਦਾਰ ਆਵਾਜ਼ ਵਿਚ ‘ਮਿਸਰਾ ਅਰਜ਼ ਕੀਤੈ ਆਖ ਕੇ ਆਪਣਾ ਕਲਾਮ ਇਉਂ ਸ਼ੁਰੂ ਕੀਤਾ :
ਇਸ ਮੁਲਕ ਦੀ ਵੰਡ ਕੋਲੋਂ ਯਾਰੋ,
ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ।
ਏਨ੍ਹਾਂ ਆਜ਼ਾਦੀਆਂ ਹੱਥੋ ਬਰਬਾਦ ਯਾਰੋ,
ਹੋਏ ਤੁਸੀਂ ਵੀ ਹੋ, ਹੋਏ ਅਸੀਂ ਵੀ ਹਾਂ।
ਜਾਗਣ ਵਾਲਿਆਂ ਨੇ ਰੱਜ ਕੇ ਲੁੱਟਿਆ ਏ,
ਸੋਏ ਤੁਸੀਂ ਵੀ ਹੋ, ਸੋਏ ਅਸੀਂ ਵੀ ਹਾਂ।
ਲਾਲੀ ਅੱਖੀਆਂ ਦੀ ਪਈ ਦੱਸਦੀ ਏ,
ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਹਾਂ।
ਇਹ ਕਲਾਮ ਸੁਣਦਿਆਂ ਸਾਰ ਹੀ ਪੰਡਿਤ ਜਵਾਹਰ ਲਾਲ ਨਹਿਰੂ ਦੀਆਂ ਅੱਖਾਂ ਭਰ ਆਈਆਂ ਅਤੇ ਉਸ ਨੇ ਉਠ ਕੇ ਦਾਮਨ ਨੂੰ ਗਲ ਨਾਲ ਲਗਾ ਲਿਆ।
ਅਸਲ ਵਿਚ ਜਦੋਂ ਵਰ੍ਹਿਆਂ ਤੋਂ ਟੁੱਟੇ ਹੋਏ ਇਕੋ ਪਰਿਵਾਰ ਨੂੰ ਮੁੜ ਮਿਲਣ ਦਾ ਅਵਸਰ ਮਿਲ ਜਾਵੇ ਤਾਂ ਉਸ ਤੋਂ ਵੱਡੀ ਖੁਸ਼ੀ ਹੋਰ ਕੀ ਹੋ ਸਕਦੀ ਹੈ। ਵਿਸ਼ਵ ਵਿਚ ਪ੍ਰਸਿੱਧ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਮੁਕੱਦਸ ਅਸਥਾਨ ਦੀ ਪਾਵਨ ਧਰਤੀ ‘ਤੇ ਸੁਭਾਇਮਾਨ ਕਰਤਾਰਪੁਰ ਸਾਹਿਬ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖ਼ਰੀ 18 ਸਾਲ ਬਤੀਤ ਕਰਦਿਆਂ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦਾ ਸੰਦੇਸ਼ ਦਿੱਤਾ ਸੀ, ਦੇ ਖੁੱਲ੍ਹੇ ਦਰਸ਼ਨ ਹੋਣ ਦੀ ਆਸ ਨਾਲ ਅਣਗਿਣਤ ਲੋਕਾਂ ਦੀਆਂ ਅੱਖਾਂ ਵਿਚ ਮੁੜ ਚਮਕ ਪੈਦਾ ਹੋ ਗਈ ਹੈ। ਇਸ ਨਾਲ ਨਾ ਕੇਵਲ ਸਰਹੱਦਾਂ ਦੀ ਦੂਰੀ ਸਿਮਟ ਕੇ ਰਹਿ ਗਈ ਹੈ ਸਗੋਂ ਹਿੰਦੂ, ਮੁਸਲਿਮ, ਸਿੱਖ ਅਤੇ ਇਸਾਈ ਭਾਈਚਾਰਿਆਂ ਦੀ ਪਰਸਪਰ ਸਾਂਝ ਹੋਰ ਪੀਡੀ ਹੋਣ ਦੀਆਂ ਸੰਭਾਵਨਾਂਵਾਂ ਮੋਕਲੀਆਂ ਹੋ ਗਈਆਂ ਹਨ ਜਿਹੜੀਆਂ ਪਹਿਲਾਂ ਸਿਆਸੀ ਤਲਖ਼ੀਆਂ ਦਾ ਸ਼ਿਕਾਰ ਸਨ। ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਨਾਲ ਵਿਸ਼ਵ ਦੇ ਸਿੱਖ ਭਾਈਚਾਰੇ ਵਿਚ ਜਿੰਨਾ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ, ਉਹ ਆਪਣੀ ਮਿਸਾਲ ਆਪ ਹੈ। ਪੌਣੀ ਸਦੀ ਵਿਚ ਤੈਅ ਹੋਏ ਪੈਂਡੇ ਨੂੰ ਪੌਣੇ ਦੋ ਮੀਲ ਦੇ ਪੈਂਡੇ ਵਿਚ ਸਿਮਟ ਜਾਣ ਦੀ ਚਰਚਾ ਥਾਂ ਥਾਂ ਹੋ ਰਹੀ ਹੈ।
ਸ੍ਰੀ ਕਰਤਾਰਪੁਰ ਸਾਹਿਬ ਦੇ ਉਦਘਾਟਨ ਲਈ ਤਿਆਰ ਕੀਤੇ ਗਏ ਵਿਸ਼ਾਲ ਪੰਡਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੁਭਾਇਮਾਨਤਾ, ਜਗਮਗ ਜਗਮਗ ਕਰਦੀਆਂ ਐਲਈਡੀ ਲਾਈਟਾਂ, ਰਾਗੀ ਜਥਿਆਂ ਦੇ ਬੈਠਣ ਅਤੇ ਕੀਰਤਨ ਲਈ ਨਿਰਧਾਰਤ ਕੀਤੇ ਸਥਾਨਾਂ, ਵੱਖ ਵੱਖ ਖੇਤਰਾਂ ਦੀਆਂ ਅਹਿਮ ਸ਼ਖ਼ਸੀਅਤਾਂ ਲਈ ਸ਼ਾਨਦਾਰ ਮੈਟੀਆਂ, ਸੰਗਤਾਂ ਲਈ ਬਣਾਇਆ ਖੁੱਲ੍ਹਾ ਰਸਤਾ ਆਦਿ ਅਨੇਕ ਆਤਮਿਕ ਤੌਰ ‘ਤੇ ਠਾਰਨ ਵਾਲੇ ਖ਼ੂਬਸੂਰਤ ਦ੍ਰਿਸ਼ ਇਕ ਵੱਖਰੇ ਅਤੇ ਨਿਵੇਕਲੇ ਜਲੌਅ ਨੂੰ ਪੇਸ਼ ਕਰ ਰਹੇ ਹਨ।
ਯਕੀਨਨ 550ਵੇਂ ਪ੍ਰਕਾਸ਼ ਪੁਰਬ ਦੇ ਹਵਾਲੇ ਨਾਲ ਇਹ ਫ਼ੈਸਲਾ ਆਪਣੇ ਆਪ ਵਿਚ ਇਕ ਅਜਿਹਾ ਇਤਿਹਾਸਕ ਫ਼ੈਸਲਾ ਹੋ ਨਿੱਬੜਿਆ ਹੈ ਜਿਸ ਨੇ ਗੁਆਂਢੀ ਮੁਲਕਾਂ ਦਰਮਿਆਨ ਕੁੜੱਤਣ ਨੂੰ ਘਟਾ ਕੇ ਮਾਨਵਤਾ ਅਤੇ ਸਾਂਝੀਵਾਲਤਾ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕੀਤਾ ਹੈ ਅਤੇ ਉਸਾਰੂ ਅਤੇ ਸਿਰਜਣਾਤਮਕ ਵਾਤਾਵਰਣ ਕਾਇਮ ਕਰਨ ਦਾ ਸੁਨੇਹਾ ਦਿੱਤਾ ਹੈ। ਵਿਸ਼ਵ ਵਿਚ ਭਾਰਤ ਦੇ ਸ੍ਰੀ ਡੇਰਾ ਬਾਬਾ ਨਾਨਕ ਅਤੇ ਪਾਕਿਸਤਾਨ ਦੇ ਸ੍ਰੀ ਕਰਤਾਰਪੁਰ ਸਾਹਿਬ ਦਰਮਿਆਨ ਖੁੱਲ੍ਹੇ ਇਸ ਲਾਂਘੇ ਨਾਲ ਭਾਰਤ ਅਤੇ ਪਾਕਿਸਤਾਨ ਵਰਗੇ ਗੁਆਂਢੀ ਦੇਸਾਂ ਦਰਮਿਆਨ ਵੱਖ ਵੱਖ ਪੱਖਾਂ ਅਤੇ ਖੇਤਰਾਂ ਵਿਚਲੀ ਸਾਂਝ ਹੋਰ ਪੀਡੀ ਹੋਵੇਗੀ। ਜ਼ਾਤ-ਪਾਤ ਦੀਆਂ ਬੰਦਿਸ਼ਾਂ ਤੋੜ ਕੇ ਮਾਨਵਤਾ ਦੀ ਨਿਰਮਾਣਕਾਰੀ ਕਰਨ ਵਿਚ ਚੁੱਕਿਆ ਇਹ ਕਦਮ ਇਤਿਹਾਸ ਦੇ ਪੰਨਿਆਂ ‘ਤੇ ਸੁਨਹਿਰੀ ਅੱਖਰਾਂ ਵਿਚ ਦਰਜ਼ ਹੋ ਗਿਆ ਹੈ। ਜਰਮਨ ਦੀ ਕੰਧ ਦੇ ਟੁੱਟਣ ਅਤੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦੇ ਅੱਜ ਦੇ ਦਿਨ ਨੂੰ ਚੇਤਿਆਂ ਵਿਚੋਂ ਰਹਿੰਦੀ ਦੁਨੀਆ ਤਕ ਮਨਫ਼ੀ ਕਰਨਾ ਮੁਮਕਿਨ ਨਹੀਂ ਹੋਵੇਗਾ। ਇਸ ਕਾਰਜ ਲਈ ਹਿੰਮਤ ਜੁਟਾਉਣ ਵਾਲਿਆਂ ਦੀ ਜਿੰਨੀ ਤਾਰੀਫ਼ ਕੀਤੀ ਜਾਵੇ, ਓਨੀ ਥੋੜ੍ਹੀ ਹੈ।
ਅੱਜ ਲੋੜ ਹੈ ਕਿ ਕਿਸੇ ਵੀ ਪ੍ਰਕਾਰ ਤੋਂ ਸਿਆਸਤ ਤੋਂ ਉਪਰ ਉਠ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਨਵਤਾ ਪੱਖੀ ਸੰਦੇਸ਼ਾਂ ਨੂੰ ਮਨ ਵਿਚ ਵਸਾਉਂਦਿਆਂ ਇਸ ਪਵਿੱਤਰ ਫ਼ੈਸਲੇ ਦੀ ਗਰਿਮਾ ਨੂੰ ਹਰ ਪੱਖੋਂ ਬਰਕਰਾਰ ਰੱਖਿਆ ਜਾਵੇ।
ਮੈਨੂੰ ਜ਼ਾਤੀ ਤੌਰ ‘ਤੇ ਪਾਕਿਸਤਾਨ ਵਿਚ ਜਾ ਕੇ ਇਸ ਮਹਾਨ ਤੀਰਥ ਅਸਥਾਨ ਨੂੰ ਨਤਮਸਤਕ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਹੁਣ ਜਦੋਂ ਆਪਣੇ ਹੀ ਮੁਲਕ ਵਿਚੋਂ ਮੁੜ ਇਸ ਮੁਕੱਦਸ ਸਥਾਨ ਦੇ ਦਰਸ਼ਨ ਕਰਨ ਲਈ ਜਾਵਾਂਗਾ ਤਾਂ ਕਿੰਨੀ ਅਨੋਖੀ ਖੁਸ਼ੀ ਮੇਰਾ ਨਸੀਬ ਬਣੇਗੀ, ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ।
ਦਰਸ਼ਨ ਸਿੰਘ ‘ਆਸ਼ਟ’ (ਡਾ), ਉਘੇ ਲੇਖਕ