ਚੰਡੀਗੜ੍ਹ : ਸਿਆਸਤ ਵਿੱਚ ਕੁਝ ਸੰਭਵ ਹੈ ਇਹ ਗੱਲ ਕਹੀ ਜਾਂਦੀ ਸੀ ਤੇ ਹੁਣ ਇਹ ਗੱਲ ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਸੁਖਪਾਲ ਸਿੰਘ ਖਹਿਰਾ ਅਤੇ ਮਾਸਟਰ ਬਦਲੇਵ ਸਿੰਘ ਨਾਲ ਢੁੱਕਵੀਂ ਬੈਠਦੀ ਜਾਪਦੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਪਾਰਟੀ ਤੋਂ ਮੂੰਹ ਮੋੜ ਚੁਕੇ ਮਾਸਟਰ ਬਲਦੇਵ ਸਿੰਘ ਜਿੱਥੇ ਬੀਤੇ ਦਿਨੀਂ ਪਾਰਟੀ ‘ਚ ਵਾਪਸੀ ਕਰ ਗਏ ਹਨ ਉੱਥੇ ਵੱਡਾ ਧਮਾਕਾ ਉਸ ਵੇਲੇ ਹੋਇਆ ਜਦੋਂ ਪਾਰਟੀ ਤੋਂ ਨਾ ਸਿਰਫ ਅਸਤੀਫਾ ਦੇ ਚੁਕੇ ਬਲਕਿ ਵੱਖਰੀ ਪਾਰਟੀ ਬਣਾ ਕੇ ਚੋਣ ਲੜ ਚੁਕੇ ਸੁਖਪਾਲ ਸਿੰਘ ਖਹਿਰਾ ਨੇ ਆਪਣਾ ਅਸਤੀਫਾ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਤੋਂ ਵਾਪਸ ਲੈ ਲਿਆ।
ਜੀ ਹਾਂ ਇਹ ਗੱਲ ਬਿਲਕੁਲ ਸੱਚ ਹੈ ਅਤੇ ਇਸ ਦੀ ਪੁਸ਼ਟੀ ਰਾਣਾ ਕੇਪੀ ਸਿੰਘ ਨੇ ਵੀ ਕਰ ਦਿੱਤੀ ਹੈ। ਖਹਿਰਾ ਵੱਲੋਂ ਅਸਤੀਫਾ ਵਾਪਸ ਲਏ ਜਾਣ ਤੋਂ ਬਾਅਦ ਇਹ ਚਰਚਾ ਛਿੜ ਗਈ ਹੈ ਕਿ ਕੀ ਖਹਿਰਾ ਹੁਣ ਆਪਣੇ ਸਾਥੀ ਮਾਸਟਰ ਬਲਦੇਵ ਸਿੰਘ ਦੀਆਂ ਰਾਹਾਂ ‘ਤੇ ਚਲਦਿਆਂ ਪਾਰਟੀ ‘ਚ ਮੁੜ ਵਾਪਸ ਜਾਣਗੇ? ਦੱਸ ਦਈਏ ਕਿ ਖਹਿਰਾ ਆਮ ਆਦਮੀ ਪਾਰਟੀ ਦੀ ਸੀਟ ਤੋਂ ਭੁਲੱਥ ਹਲਕੇ ਤੋਂ ਵਿਧਾਇਕ ਹਨ ਅਤੇ ਬੀਤੇ ਦਿਨੀਂ ਉਨ੍ਹਾ ਪਾਰਟੀ ਤੋਂ ਅਸਤੀਫਾ ਦਿੰਦਿਆਂ ਨਵੀਂ ਪੰਜਾਬ ਏਕਤਾ ਪਾਰਟੀ ਬਣਾ ਕੇ ਬਠਿੰਡਾ ਸੀਟ ਤੋਂ ਚੋਣ ਲੜੀ ਸੀ। ਇਸ ਚੋਣ ਦੌਰਾਨ ਉਨ੍ਹਾਂ ਨੂੰ ਮਹਿਜ 37854 ਵੋਟਾਂ ਹੀ ਪਈਆਂ ਸਨ।