ਖੰਨਾਂ : ਅੱਜ ਜਿੱਥੇ ਦੇਸ਼ ਅੰਦਰ ਅਜ਼ਾਦੀ ਦਿਹਾੜਾ ਬੜਾ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਜਾਰੀ ਹੋਏ ਬਿਆਨ ਨੇ ਸੂਬੇ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਮਾਨ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਦੋਸਤ ਅਰੂਸਾ ਦਾ ਜਨਮ ਦਿਨ ਮਨਾਉਣ ਦੇ ਇਛੁੱਕ ਹਨ ਨਾ ਕਿ ਸ਼ਹੀਦਾਂ ਦੀ ਯਾਦ ‘ਚ ਬਰਸੀਆਂ ਮਨਾਉਣ ਦੇ। ਮਾਨ ਨੇ ਕਿਹਾ ਕਿ ਉਹ ਅਰੂਸਾ ਦਾ ਜਨਮ ਦਿਨ ਮਨਾਉਣ ਲਈ ਕੈਪਟਨ ਪਹਾੜਾਂ ਤੱਕ ਵੀ ਚਲੇ ਜਾਂਦੇ ਹਨ ਪਰ ਸ਼ਹੀਦਾਂ ਦੀ ਯਾਦ ਵਿੱਚ ਉਨ੍ਹਾਂ ਕੋਲ ਆਪਣੇ ਸੂਬੇ ਅੰਦਰ ਮਨਾਈਆਂ ਜਾਣ ਵਾਲੀਆਂ ਬਰਸੀਆਂ ਵਿੱਚ ਸ਼ਿਰਕਤ ਕਰਨ ਦਾ ਵੀ ਸਮਾਂ ਨਹੀਂ ਹੈ। ਭਗਵੰਤ ਮਾਨ ਇੱਥੇ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਬਰਸੀ ਸਮਾਗਮ ‘ਚ ਸ਼ਾਮਲ ਹੋਣ ਲਈ ਆਏ ਹੋਏ ਸਨ।
ਭਗਵੰਤ ਮਾਨ ਨੇ ਇੱਥੇ ਸਵਾਲ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਮਹਿਲਾ ਦੋਸਤ ਅਰੂਸਾ ਦੇ ਜਨਮ ਦਿਨ ਲਈ ਤਾਂ ਪਹਾੜਾਂ ‘ਚ ਚਲੇ ਜਾਂਦੇ ਹਨ ਪਰ ਕੀ ਕਦੇ ਉਹ ਈਸੜੂ ‘ਚ ਇਸ ਮਹਾਨ ਸ਼ਹੀਦ ਦੀ ਬਰਸੀ ‘ਤੇ ਪੁੱਜੇ ਹਨ? ਕੀ ਉਹ ਕਦੀ ਸ਼ਹੀਦ ਉਧਮ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਪਹੁੰਚੇ ਹਨ?
ਇੱਥੇ ਹੀ ਭਗਵੰਤ ਮਾਨ ਨੇ ਪੰਜਾਬ ਅੰਦਰ ਬਿਜਲੀ ਦੀਆਂ ਵਧ ਰਹੀਆਂ ਦਰਾਂ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਅੱਜ ਅਕਾਲੀ ਸਰਕਾਰ ਦੌਰਾਨ ਨਿੱਜੀ ਥਰਮਲ ਪਲਾਂਟਾਂ ਨਾਲ ਹੋਏ ਸਮਝੌਤਿਆਂ ਕਾਰਨ ਪੰਜਾਬ ਦੀ ਜਨਤਾ ਦਾ ਪੈਸਾ ਕੁਝ ਨਿੱਜੀ ਹੱਥਾਂ ਵਿੱਚ ਜਾ ਰਿਹਾ ਹੈ। ਮਾਨ ਅਨੁਸਾਰ ਇਹੋ ਕਾਰਨ ਹੈ ਪੰਜਾਬ ਅੰਦਰ ਰੋਜਾਨਾਂ ਬਿਜਲੀ ਦੇ ਰੇਟ ਵਧ ਰਹੇ ਹਨ। ਇੱਥੇ ਮਾਨ ਨੇ ਪੁਲਿਸ ਹਿਰਾਸਤੀ ਕੇਸਾਂ ਦੀ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ।