ਖੰਨਾਂ : ਬਟਾਲਾ ਅੰਦਰ ਪਟਾਕਾ ਫੈਕਟਰੀ ‘ਚ ਧਮਾਕੇ ਤੋਂ ਬਾਅਦ ਹੁਣ ਖੰਨਾਂ ਦੇ ਸਮਰਾਲਾ ਰੋਡ ‘ਤੇ ਪੈਂਦੀ ਪਲਾਸਟਿਕ ਫੈਕਟਰੀ ‘ਚ ਅੱਗ ਲੱਗਣ ਦੀ ਖ਼ਬਰ ਆ ਰਹੀ ਹੈ। ਜਾਣਕਾਰੀ ਮੁਤਾਬਿਕ ਇਹ ਘਟਨਾ ਸਵੇਰ 4 ਵਜੇ ਦੀ ਹੈ ਅਤੇ ਇਸ ਅੱਗ ਨਾਲ ਗੋਦਾਮ ਦੇ ਅੰਦਰ ਅਤੇ ਬਾਹਰ ਦਾ ਸਾਰਾ ਸਮਾਨ ਮੱਚ ਕੇ ਸਵਾਹ ਹੋ ਗਿਆ। ਪਲਾਸਟਿਕ ਦੇ ਇਸ ਸਮਾਨ ਦੇ ਮੱਚਣ ਨਾਲ ਇਲਾਕੇ ਅੰਦਰ ਜ਼ਹਿਰੀਲੀ ਗੈਸ ਫੈਲ ਗਈ ਹੈ।
ਜਾਣਕਾਰੀ ਮੁਤਾਬਿਕ ਪੁਲਿਸ ਵੱਲੋਂ ਜਾਨੀ ਨੁਕਸਾਨ ਤੋਂ ਬਚਾਉਣ ਲਈ ਨੇੜੇ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ ਅਤੇ ਲੋਕਾਂ ਨੂੰ ਵੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ। ਅੱਗ ਲੱਗਣ ਦੀ ਖਬਰ ਮਿਲਦਿਆਂ ਹੀ ਤੁਰੰਤ ਅੱਗ ਬੁਝਾਉਣ ਵਾਲੀਆਂ 40 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਖ਼ਬਰ ਹੈ ਕਿ ਇਹ ਅੱਗ ਇੰਨੀ ਭਿਆਨਕ ਸੀ ਕਿ ਇਸ ਨੂੰ 6 ਤੋਂ 7 ਘੰਟਿਆਂ ਵਿੱਚ ਕਾਬੂ ਕੀਤਾ ਗਿਆ। ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ ਅੱਗ ‘ਤੇ ਕਾਬੂ ਪਾਉਣ ਲਈ ਸਮਰਾਲਾ, ਖੰਨਾਂ, ਫਤਹਿਗੜ੍ਹ ਸਾਹਿਬ, ਮੰਡੀ ਗੋਬਿੰਦਗੜ੍ਹ ਤੋਂ ਗੱਡੀਆਂ ਮੰਗਵਾਈਆਂ ਗਈਆਂ ਹਨ। ਅਧਿਕਾਰੀਆਂ ਅਨੁਸਾਰ ਇਹ ਅੱਗ ਸ਼ਾਰਟ ਸ਼ਰਕਟ ਕਾਰਨ ਲੱਗੀ ਹੈ ਕਿਉਂਕਿ ਫੈਕਟਰੀ ਦੇ ਬਿਲਕੁਲ ਨਾਲ ਟ੍ਰਾਂਸਫਾਰਮ ਲੱਗਿਆ ਹੋਇਆ ਹੈ।