ਫਤਹਿਗੜ੍ਹ ਸਾਹਿਬ : ਸੂਬੇ ਅੰਦਰ ਅਵਾਰਾ ਪਸ਼ੂਆਂ ਦੀ ਦਹਿਸ਼ਤ ਦਿਨੋਂ ਦਿਨ ਵਧਦੀ ਜਾ ਰਹੀ ਹੈ ਜਿਸ ਦੇ ਚਲਦਿਆਂ ਲੰਘੇ ਸ਼ਨੀਵਾਰ ਦੋ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਸ ਨੂੰ ਦੇਖਣ ਸੁਣਨ ਵਾਲਿਆਂ ਦੇ ਰੌਂਗਟੇ ਖੜ੍ਹੇ ਹੋ ਗਏ। ਦੋ ਵੱਖ ਵੱਖ ਸ਼ਹਿਰਾਂ ‘ਚ ਵਾਪਰੀਆਂ ਇਨ੍ਹਾਂ ਘਟਨਾਵਾਂ ਦੌਰਾਨ ਇੱਕ ਬੱਚਾ, ਅਤੇ ਦੋ ਬਜ਼ੁਰਗ ਅਵਾਰਾ ਪਸ਼ੂਆਂ ਦੇ ਕਹਿਰ ਦਾ ਸ਼ਿਕਾਰ ਬਣ ਗਏ। ਇਸ ਦੌਰਾਨ ਫਤਹਿਗੜ੍ਹ ਸਾਹਿਬ ਦੇ ਜੋਤੀ ਸਰੂਪ ਚੌਂਕ ਦੇ ਬਾਹਰ ਵਾਪਰੀ ਇੱਕ ਘਟਨਾ ਵਿੱਚ ਮੋਟਰ ਸਾਇਕਲ ਸਵਾਰ ਇੱਕ ਦਾਦਾ ਪੋਤੀ ਦੀ ਮੌਤ ਹੋ ਗਈ ਤੇ ਦੂਜੇ ਪਾਸੇ ਗੁਰਾਇਆ ਅੰਦਰ ਇੱਕ ਐਕਟਿਵਾ ਸਵਾਰ ਦੀ ਤਾਂ ਸਾਨ੍ਹ ਗਰਦਨ ਵਿੱਚ ਸਿੰਙ ਫਸਾ ਕੇ ਲੈ ਗਿਆ ਤੇ ਅੱਗੇ ਚੱਲ ਕੇ ਉਸ ਨੇ ਦੋ ਤਿੰਨ ਵਾਰ ਇੰਨੀ ਜੋਰ ਦੇ ਝਟਕੇ ਮਾਰੇ ਕਿ ਐਕਟਿਵਾ ਸਵਾਰ ਬਜ਼ੁਰਗ ਦੀ ਗਰਦਨ ਧੜ੍ਹ ਨਾਲੋਂ ਵੱਖ ਹੋ ਗਈ। ਇਹ ਹਾਦਸਾ ਇੰਨਾ ਖੌਫਨਾਕ ਸੀ ਕਿ ਦੇਖਣ ਵਾਲਿਆਂ ਦੇ ਮਨਾਂ ਅੰਦਰ ਇਹ ਮੰਜ਼ਰ ਇਸ ਬੁਰੀ ਤਰ੍ਹਾਂ ਕੈਦ ਹੋ ਗਿਆ ਕਿ ਉਹ ਯਾਦ ਕਰਕੇ ਸਹਿਮ ਜਾਂਦੇ ਹਨ।
ਮਿਲੀ ਜਾਣਕਾਰੀ ਅਨੁਸਾਰ ਫਤਹਿਗੜ੍ਹ ਸਾਹਿਬ ਦੇ ਜੋਤੀ ਸਰੂਪ ਚੌਂਕ ‘ਚ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਦਾਰਾ ਸਿੰਘ ਨਾਮ ਦਾ ਇੱਕ ਬਜ਼ੁਰਗ ਮੋਟਰ ਸਾਇਕਲ ‘ਤੇ 3 ਬੱਚਿਆਂ ਨੂੰ ਬਿਠਾ ਕੇ ਗੁਰਦੁਆਰਾ ਜੋਤੀ ਸਰੂਪ ਤੋਂ ਬਾਹਰ ਨਿੱਕਲਿਆ ਸੀ। ਇਸ ਦੌਰਾਨ ਸੜਕ ਦੇ ਦੂਜੇ ਪਾਸੇ ਆਪਸ ਵਿੱਚ ਲੜ ਰਹੇ 2 ਸਾਨ੍ਹ ਲੜਦੇ ਲੜਦੇ ਅਚਾਨਕ ਸੜਕ ਦੇ ਵਿਚਕਾਰ ਆ ਗਏ ‘ਤੇ ਉਨ੍ਹਾਂ ਨੇ ਦਾਰਾ ਸਿੰਘ ਦੇ ਮੋਟਰ ਸਾਇਕਲ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜੋਰਦਾਰ ਸੀ ਕਿ ਇਹ ਚਾਰੋ ਕਿਸੇ ਖਿਡਾਉਣੇਂ ਵਾਂਗ ਸੜਕ ਦੇ ਵਿਚਕਾਰ ਜਾ ਗਿਰੇ ਤੇ ਪਿੱਛੋਂ ਆ ਰਹੇ ਇੱਕ ਟਰਾਲਾ ਨੰਬਰ ਪੀਬੀ 03 ਵੀ 9032 ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਜਿਸ ਕਾਰਨ ਦਾਰਾ ਸਿੰਘ ਤੇ ਉਸ ਦੀ ਪੋਤੀ ਰਮਨਦੀਪ ਦੀ ਥਾਂ ‘ਤੇ ਹੀ ਮੌਤ ਹੋ ਗਈ ਜਦਕਿ ਇੱਕ ਪੋਤੀ ਪਰਮਿੰਦਰ ਕੌਰ (10) ਤੇ ਪੋਤਾ ਅਭੀਜੀਤ ਸਿੰਘ (9) ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ। ਫਿਲਹਾਲ ਟਰਾਲਾ ਚਾਲਕ ਫਰਾਰ ਹੈ।
ਦੂਜੀ ਘਟਨਾ ਜਿਹੜੀ ਕਿ ਬੜਾ ਪਿੰਡ ਰੋਡ ਗੁਰਾਇਆ ਵਿਖੇ ਸਾਹਮਣੇ ਆਈ ਹੈ ਉਸ ਵਿੱਚ ਤਾਂ ਇਨ੍ਹਾਂ ਅਵਾਰਾ ਪਸ਼ੂਆਂ ਦੀ ਦਹਿਸ਼ਤ ਵਾਲੀ ਹੱਦ ਹੀ ਹੋ ਗਈ। ਜਾਣਕਾਰੀ ਮੁਤਾਬਿਕ ਇੱਥੋਂ ਦਾ ਰਹਿਣ ਵਾਲਾ ਦਯਾ ਸ਼ੰਕਰ ਨਾਮਕ ਵਿਅਕਤੀ ਅੱਗਰਵਾਲ ਚਾਟ ਭੰਡਾਰ ਦਾ ਮਾਲਕ ਹੈ ਤੇ ਬੀਤੀ ਸ਼ਾਮ ਜਦੋਂ ਉਹ ਬਜ਼ਾਰ ਕਿਸੇ ਕੰਮ ਜਾ ਰਿਹਾ ਸੀ ਤਾਂ ਇੱਥੇ ਵੀ ਸਰਗਮ ਸਿਨੇਮਾ ਨੇੜੇ ਆਪਸ ਵਿੱਚ ਲੜ ਰਹੇ ਦੋ ਸਾਨ੍ਹਾਂ ਵਿੱਚੋਂ ਇੱਕ ਨੇ ਦਯਾ ਦੀ ਗਰਦਨ ਵਿੱਚ ਆਪਣਾ ਸਿੰਙ ਪਾ ਲਿਆ ਅਤੇ ਜੋਰ ਜੋਰ ਨਾਲ ਉਸ ਨੂੰ ਸਕੂਟਰੀ ਤੋਂ ਚੁੱਕ ਕੇ ਕਈ ਵਾਰ ਝਟਕੇ ਦਿੱਤੇ ਤੇ ਧਰਤੀ ‘ਤੇ ਪਟਕ ਦਿੱਤਾ। ਸਾਨ੍ਹ ਨੇ ਦਯਾ ਨੂੰ ਇੰਨੇ ਜ਼ਬਰਦਸਤ ਤਰੀਕੇ ਨਾਲ ਚੁੱਕ ਚੁੱਕ ਕੇ ਸੜਕ ‘ਤੇ ਸੁੱਟਿਆ ਕਿ ਉਸ ਦਾ ਧੜ੍ਹ ਹੀ ਸ਼ਰੀਰ ਨਾਲੋਂ ਵੱਖ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਹੱਦ ਉਸ ਵੇਲੇ ਹੋ ਗਈ ਜਦੋਂ ਮੌਕੇ ‘ਤੇ ਮੌਜੂਦ ਵਿਅਕਤੀਆਂ ਨੇ ਐਂਬੂਲੈਂਸ ਬੁਲਾਈ ਤਾਂ ਉਹ ਵੀ ਘਟਨਾ ਤੋਂ ਪੂਰੇ 45 ਮਿੰਟ ਬਾਅਦ ਉੱਥੇ ਪਹੁੰਚੀ।