ਗੁਰਦਾਸਪੁਰ : ਇੰਝ ਲਗਦਾ ਹੈ ਜਿਵੇਂ ਪ੍ਰਸਿੱਧ ਬਾਲੀਵੁੱਡ ਅਦਾਕਾਰ ਧਰਮਿੰਦਰ ਦਿਓਲ ਵੱਲੋਂ ਸੰਨੀ ਦਿਓਲ ਨੂੰ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵਾਂਗ ਕੰਮ ਕਰਨ ਦੀ ਦਿੱਤੀ ਗਈ ਨਸੀਹਤ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ, ਕਿਉਂਕਿ ਬੀਤੇ ਦਿਨੀਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਦੀ ਬਦੌਲਤ ਜਲੰਧਰ ਨੇੜਲੇ ਪਿੰਡ ਭਿੱਖੀ ਵਿੰਡ ਦੀ ਰਹਿਣ ਵਾਲੀ ਤੇ ਕੁਵੈਤ ‘ਚ ਫਸੀ ਹੋਈ ਇੱਕ ਅਜਿਹੀ ਪੰਜਾਬੀ ਔਰਤ ਭਾਰਤ ਵਾਪਸ ਪਰਤਣ ਵਿੱਚ ਕਾਮਯਾਬ ਹੋਈ ਹੈ ਜਿਸ ਦੇ ਪਰਿਵਾਰਕ ਮੈਂਬਰਾਂ ਨੇ ਸੰਨੀ ਦਿਓਲ ਨੂੰ ਬੇਨਤੀ ਕੀਤੀ ਸੀ ਕਿ ਉਨ੍ਹਾਂ ਦੀ ਬੇਟੀ ਨੂੰ ਬਚਾਇਆ ਜਾਵੇ। ਸੰਨੀ ਦੇ ਇਸ ਨੇਕ ਕੰਮ ਦੀ ਧਰਮਿੰਦਰ ਨੇ ਆਪਣੇ ਟਵੀਟਰ ਅਕਾਉਂਟ ‘ਤੇ ਇੱਕ ਟਵੀਟ ਪਾ ਕੇ ਸ਼ਲਾਘਾ ਕੀਤੀ ਹੈ ਉੱਥੇ ਧਰਮਿੰਦਰ ਨੇ ਸੰਨੀ ਨੂੰ ਇਹ ਸਲਾਹ ਵੀ ਦਿੱਤੀ ਹੈ, ਕਿ ਉਹ ਇਸ ਫਰਜ਼ ਨੂੰ ਹਮੇਸ਼ਾ ਨੌਕਰੀ ਸਮਝ ਕੇ ਨਿਭਾਉਣ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਤੋਂ ਬਾਅਦ ਵੀ ਧਰਮਿੰਦਰ ਵੱਲੋਂ ਇੱਕ ਟਵੀਟ ਕਰਕੇ ਸੰਨੀ ਦਿਓਲ ਨੂੰ ਇਹ ਸਲਾਹ ਦਿੱਤੀ ਗਈ ਸੀ ਕਿ ਉਹ ਭਗਵੰਤ ਮਾਨ ਵਾਂਗ ਕੰਮ ਕਰੇ। ਧਰਮਿੰਦਰ ਦਾ ਕਹਿਣਾ ਸੀ ਕਿ ਮਾਨ ਨੇ ਦੇਸ਼ ਦੀ ਸੇਵਾ ਲਈ ਆਪਣਾ ਕਰੋੜਾਂ ਦਾ ਕੈਰੀਅਰ ਦਾਅ ‘ਤੇ ਲਾ ਦਿੱਤਾ ਸੀ। ਹੁਣ ਸੰਨੀ ਦਿਓਲ ਦੀ ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਇਹ ਚਰਚਾ ਛਿੜ ਗਈ ਹੈ ਕਿ ਸੰਨੀ ਨੇ ਆਪਣੇ ਪਿਤਾ ਵੱਲੋਂ ਦਿੱਤੀ ਗਈ ਨਸੀਹਤ ਨੂੰ ਮੰਨ ਲਿਆ ਹੈ।