ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਸੂਬੇ ਦੀ ਵਜ਼ਾਰਤ ਵਿੱਚੋਂ ਦਿੱਤਾ ਗਿਆ ਜਿਹੜਾ ਅਸਤੀਫਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਨਜੂਰ ਕਰਕੇ ਸੂਬੇ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਭੇਜਿਆ ਸੀ ਉਸ ਨੂੰ ਵੀ.ਪੀ. ਸਿੰਘ ਬਦਨੌਰ ਨੇ ਬਿਨਾਂ ਦੇਰੀ ਕੀਤਿਆਂ ਮਨਜੂਰ ਕਰ ਲਿਆ ਹੈ। ਇਸ ਸਬੰਧੀ ਟਵੀਟਰ ‘ਤੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਦੱਸਿਆ ਹੈ ਕਿ ਫਿਲਹਾਲ ਨਵਜੋਤ ਸਿੰਘ ਸਿੱਧੂ ਦਾ ਬਿਜਲੀ ਮਹਿਕਮਾਂ ਕਿਸੇ ਹੋਰ ਨੂੰ ਨਾ ਦੇ ਕੇ ਮੁੱਖ ਮੰਤਰੀ ਇਸ ਵਿਭਾਗ ਦਾ ਕੰਮ ਕਾਜ ਆਪ ਸੰਭਾਲਣਗੇ।
Update: Governor @vpsbadnore has also accepted resignation of @sherryontopp. Power portfolio to stay with CM @capt_amarinder for now.
— Raveen Thukral (@Raveen64) July 20, 2019
ਦੱਸ ਦਈਏ ਕਿ ਲਗਭਗ ਡੇਢ ਮਹੀਨੇ ਤੋਂ ਵੱਧ ਸਮਾਂ ਚੱਲੇ ਕੈਪਟਨ ਸਿੱਧੂ ਵਿਵਾਦ ਨੂੰ ਅੰਤ ਵਿੱਚ ਕਾਂਗਰਸ ਹਾਈ ਕਮਾਂਡ ਨੇ ਆਪ ਸੁਲਝਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਸਥਾਨਕ ਸਰਕਾਰਾਂ ਮਹਿਕਮੇਂ ਦੀ ਵਾਪਸੀ ਤੋਂ ਬਿਨਾਂ ਹੋਰ ਕੋਈ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਬਾਰੇ ਕੈਪਟਨ ਨੇ ਆਪਣਾ ਫੈਸਲਾ ਵਾਪਸ ਲੈਣ ਤੋਂ ਸਾਫ ਨਾ ਕਰ ਦਿੱਤੀ। ਸੂਤਰਾਂ ਅਨੁਸਾਰ ਕਾਂਗਰਸ ਹਾਈ ਕਮਾਂਡ ਇਸ ਮੌਕੇ ਕੈਪਟਨ ਦੇ ਇਸ ਫੈਸਲੇ ਨਾਲ ਸਹਿਮਤ ਹੋਣ ਲਈ ਇਸ ਲਈ ਵੀ ਮਜਬੂਰ ਸੀ ਕਿਉਂਕਿ ਜੇਕਰ ਸਿੱਧੂ ਦੇ ਮਾਮਲੇ ਵਿੱਚ ਕੈਪਟਨ ਝੁਕਦੇ ਹਨ ਤਾਂ ਭਵਿੱਖ ਪੰਜਾਬ ਦੇ ਕਈ ਹੋਰ ਵਿਧਾਇਕ ਅਤੇ ਮੰਤਰੀ ਕੈਪਟਨ ਵਿਰੁੱਧ ਬਗਾਵਤ ਦਾ ਝੰਡਾ ਚੁੱਕ ਸਕਦੇ ਸਨ। ਜਿਸ ਦੀ ਇੱਕ ਉਦਾਹਰਨ ਸਿੱਧੂ ਦੇ ਨਾਲ ਹੀ ਵਜ਼ਾਰਤੀ ਫੇਰ ਬਦਲ ਦੌਰਾਨ ਸਿੱਖਿਆ ਮਹਿਕਮਾਂ ਓ.ਪੀ ਸੋਨੀ ਤੋਂ ਵਾਪਸ ਲਏ ਜਾਣ ਦੇ ਫੈਸਲੇ ਤੋਂ ਵੀ ਮਿਲਦੀ ਹੈ ਜਿਸ ਤੋਂ ਬਾਅਦ ਸੋਨੀ ਨੇ ਵੀ ਲਗਭਗ 2 ਦਿਨ ਤੱਕ ਸਿੱਧੂ ਵਾਂਗ ਹੀ ਆਪਣੇ ਨਵੇਂ ਵਿਭਾਗ ਦਾ ਚਾਰਜ ਨਹੀਂ ਸੰਭਾਲਿਆ ਸੀ, ਪਰ ਅੰਤ ਨੂੰ ਸਿੱਧੂ ਤਾਂ ਆਪਣੇ ਫੈਸਲੇ ‘ਤੇ ਅੜੇ ਰਹੇ ਜਦਕਿ ਓ.ਪੀ. ਸੋਨੀ ਨੇ ਜਿੱਦ ਛੱਡ ਕੇ ਨਵੇਂ ਮਹਿਕਮੇਂ ਦਾ ਚਾਰਜ ਸੰਭਾਲ ਲਿਆ।