ਓਟਾਵਾ: ਇਸ ਸਾਲ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਕਿਸੇ ਵੀ ਤਰ੍ਹਾਂ ਦੀਆਂ ਪ੍ਰਾਈਡ ਗਤੀਵਿਧੀਆਂ ਵਿੱਚ ਹਿੱਸਾ ਨਹੀਂ ਲੈਣਗੇ। ਇਸ ਮਹੀਨੇ ਤੋਂ ਸਮਰ ਪ੍ਰਾਈਡ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਸ਼ੀਅਰ ਦੇ ਆਫਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਸ ਸਮੇਂ ਅਜਿਹੇ ਕਿਸੇ ਵੀ ਈਵੈਂਟ ਦੀ ਯੋਜਨਾ ਨਹੀਂ ਬਣਾਈ ਗਈ ਹੈ।
ਪਰੇਡ ਵਿੱਚ ਸ਼ੀਅਰ ਵੱਲੋਂ ਹਿੱਸਾ ਨਾ ਲਏ ਜਾਣ ਦੇ ਫੈਸਲੇ ਦਾ ਪੱਖ ਪੂਰਦਿਆਂ ਬੁਲਾਰੇ ਡੈਨੀਅਲ ਸਕੋਅ ਨੇ ਕੰਜ਼ਰਵੇਟਿਵ ਪਾਰਟੀ ਦੇ ਸਾਰੇ ਕੈਨੇਡੀਅਨਾਂ, ਜਿਨ੍ਹਾਂ ਵਿੱਚ ਐਲਜੀਬੀਟੀਕਿਊ ਕਮਿਊਨਿਟੀ ਵੀ ਸ਼ਾਮਲ ਹੈ, ਦੇ ਅਧਿਕਾਰਾਂ ਦੀ ਰਾਖੀ ਲਈ ਕੈਨੇਡਾ ਤੇ ਵਿਦੇਸ਼ਾਂ ਵਿੱਚ ਸੰਘਰਸ਼ ਕਰਨ ਦੇ ਸ਼ਾਨਮੱਤੇ ਇਤਿਹਾਸ ਉੱਤੇ ਚਾਨਣਾ ਪਾਇਆ।
ਉਨ੍ਹਾਂ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਐਲਜੀਬੀਟੀਕਿਊ ਦੇ ਅਧਿਕਾਰਾਂ ਦੀ ਹੋਰਨਾਂ ਦੇਸ਼ਾਂ ਵਿੱਚ ਵੀ ਪੈਰਵੀ ਕਰਦੀ ਰਹੀ ਹੈ, ਇਸ ਦੇ ਨਾਲ ਹੀ ਕੈਨੇਡਾ ਵਿੱਚ ਐਲਜੀਬੀਟੀਕਿਊ ਰਫਿਊਜੀਆਂ ਦੀ ਗਿਣਤੀ ਵਿੱਚ ਵਾਧੇ ਦੀ ਪੈਰਵੀ ਵੀ ਪਾਰਟੀ ਵੱਲੋਂ ਕੀਤੀ ਜਾਂਦੀ ਰਹੀ ਹੈ।ਪਿੱਛੇ ਜਿਹੇ ਦਿੱਤੇ ਗਏ ਨੀਤੀ ਸਬੰਧੀ ਭਾਸ਼ਣ ਵਿੱਚ ਸ਼ੀਅਰ ਨੇ ਕਿਹਾ ਸੀ ਕਿ ਕਿਸੇ ਦੀ ਨਸਲ, ਧਰਮ, ਲਿੰਗ ਜਾਂ ਜਿਨਸੀ ਝੁਕਾਅ ਕਿਸੇ ਨੂੰ ਕਿਸੇ ਵੀ ਰੂਪ ਵਿੱਚ ਦੂਜੇ ਨਾਲੋਂ ਸਰਬੋਤਮ ਨਹੀਂ ਬਣਾਉਂਦੇ ਜਾਂ ਉਸ ਦਾ ਦਰਜਾ ਨਹੀਂ ਘਟਾਉਂਦੇ।
ਉਨ੍ਹਾਂ ਸਪਸ਼ਟ ਕੀਤਾ ਸੀ ਕਿ ਇਸ ਰਾਇ ਨਾਲ ਇਤਫਾਕ ਨਾ ਰੱਖਣ ਵਾਲਾ ਸ਼ਖ਼ਸ ਪਾਰਟੀ ਛੱਡ ਕੇ ਜਾ ਸਕਦਾ ਹੈ। ਉਨ੍ਹਾਂ ਦੇ ਆਫਿਸ ਦਾ ਕਹਿਣਾ ਹੈ ਕਿ ਇਨ੍ਹਾਂ ਕਮਿਊਨਿਟੀਜ਼ ਦਾ ਸਮਰਥਨ ਕਰਨ ਦੇ ਕਈ ਰਾਹ ਹਨ ਤੇ ਸ਼ੀਅਰ ਕਿਸੇ ਵੀ ਤਰ੍ਹਾਂ ਦੀ ਨਫਰਤ ਤੇ ਪੱਖਪਾਤ ਖਿਲਾਫ ਸਟੈਂਡ ਲੈਂਦੇ ਰਹਿਣਗੇ। ਇੱਥੇ ਦੱਸਣਾ ਬਣਦਾ ਹੈ ਕਿ ਟਰੂਡੋ, ਐਨਡੀਪੀ ਆਗੂ ਜਗਮੀਤ ਸਿੰਘ, ਗ੍ਰੀਨ ਪਾਰਟੀ ਆਗੂ ਐਲਿਜ਼ਾਬੈੱਥ ਮੇਅ ਤੇ ਪੀਪਲਜ਼ ਪਾਰਟੀ ਆਗੂ ਮੈਕਸਿਮ ਬਰਨੀਅਰ ਵੀ ਅਤੀਤ ਵਿੱਚ ਇਨ੍ਹਾਂ ਪ੍ਰਾਈਡ ਪਰੇਡਜ਼ ਵਿੱਚ ਹਿੱਸਾ ਲੈ ਚੁੱਕੇ ਹਨ। ਇਨ੍ਹਾਂ ਗਰਮੀਆਂ ਤੇ ਚੋਣਾਂ ਤੋਂ ਪਹਿਲਾਂ ਵਾਲੇ ਸੀਜ਼ਨ ਵਿੱਚ ਟਰੂਡੋ ਵੀ ਪ੍ਰਾਈਡ ਪਰੇਡਜ਼ ਵਿੱਚ ਹਿੱਸਾ ਲੈਂਦੇ ਰਹਿਣਗੇ।
ਐਂਡਰਿਊ ਸ਼ੀਅਰ ਇਸ ਸਾਲ ਪ੍ਰਾਈਡ ਪਰੇਡ ‘ਚ ਨਹੀਂ ਲੈਣਗੇ ਹਿੱਸਾ

Leave a Comment
Leave a Comment